ਕਪੂਰਥਲਾ ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-
ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਮਿਤੀ 23 ਮਾਰਚ 2020 ਤੋਂ ਜ਼ਿਲੇ ਵਿਚ ਕਰਫਿੳੂ ਲਗਾਇਆ ਗਿਆ ਹੈ, ਜਿਸ ਦੌਰਾਨ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ। ਇਸ ਸਬੰਧੀ ਜ਼ਿਲਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਘਰਾਂ ਵਿਚੋਂ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਦਾ ਜ਼ਿਲਾ ਵਾਸੀਆਂ ਵੱਲੋਂ ਪਾਲਣ ਵੀ ਕੀਤਾ ਜਾ ਰਿਹਾ ਹੈ। ਪਰੰਤੂ ਕੁਝ ਲੋਕ ਬਿਨਾਂ ਵਜਾ ਬਾਹਰ ਨਿਕਲ ਰਹੇ ਹਨ। ਅਜਿਹੇ ਲੋਕਾਂ ਖਿਲਾਫ਼ ਕਪੂਰਥਲਾ ਪੁਲਿਸ ਵੱਲੋਂ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਪੀ ਸਿਟੀ ਸ. ਮਨਦੀਪ ਸਿੰਘ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਵੱਲੋਂ ਅੱਜ ਕਰਫਿੳੂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ 50 ਤੋਂ ਵੱਧ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਗੁਰੂ ਨਾਨਕ ਸਟੇਡੀਅਮ ਵਿਚ ਰੱਖਿਆ ਗਿਆ। ਉਨਾ ਦੱਸਿਆ ਕਿ ਇਨਾਂ ਵਿਚੋਂ ਪੰਜ ਖਿਲਾਫ਼ ਥਾਣਾ ਸਿਟੀ ਵਿਖੇ ਆਈ. ਪੀ. ਸੀ ਦੀ ਧਾਰਾ 188 ਤਹਿਤ ਤਿੰਨ ਪਰਚੇ 142, 143 ਅਤੇ 144 ਮਿਤੀ 27-4-2020 ਦਰਜ ਕੀਤੇ ਗਏ ਹਨ ਜਦਕਿ ਬਾਕੀਆਂ ਨੂੰ ਸਖ਼ਤ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਉਨਾਂ ਕਿਹਾ ਕਿ ਕਰਫਿੳੂ ਦੇ ਉਲੰਘਣ ਦੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਵਰਤੀ ਜਾਵੇਗੀ। ਉਨਾਂ ਲੋਕਾ ਨੂੰ ਕਿਹਾ ਕਿ ਕਰਫਿੳੂ ਉਨਾਂ ਦੀ ਸੁਰੱਖਿਆ ਲਈ ਹੀ ਲਗਾਇਆ ਗਿਆ ਹੈ, ਜਿਸ ਦਾ ਪਾਲਣ ਕਰਕੇ ਉਨਾਂ ਨੂੰ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਅਸੀਂ ਘਰ ਵਿਚ ਰਹੀਏ ਅਤੇ ਸੁਰੱਖਿਅਤ ਰਹੀਏ।