You are here

ਬੱਚੀ ਦੇ ਇਲਾਜ ਦੌਰਾਨ ਲਾਪ੍ਰਵਾਹੀ ਡਾਕਟਰ ਨੂੰ ਮਹਿੰਗੀ ਪਈ

ਜਗਰਾਉਂ,  ਅਪਰੈਲ  ਜਗਰਾਉਂ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਨਾਲ ਸਬੰਧਤ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਪਿਛਲੇ ਦਿਨੀਂ ਚੰਦ ਰੁਪਇਆਂ ਲਈ ਕੀਤੀ ਲਾਪ੍ਰਵਾਹੀ ਦੀ ਵਟਸਐਪ ’ਤੇ ਵਾਇਰਲ ਹੋਈ ਵੀਡੀਓ ਨੇ ਪੰਜਾਬ ਭਰ ’ਚ ਭੜਥੂ ਪਾ ਦਿੱਤਾ। ਇਹ ਵੀਡੀਓ ਦੇਖ ਕੇ ਸਮਾਜ ਸੇਵੀ ਜਥੇਬੰਦੀਆਂ ਨੇ ਜਗਰਾਉਂ ਵੱਲ ਰੁਖ ਕੀਤਾ ਅਤੇ ਪੀੜਤ ਪਰਿਵਾਰ ਨਾਲ ਖੜਨ ਦਾ ਦਾਅਵਾ ਕਰਦਿਆਂ ਨਿੱਜੀ ਹਸਪਤਾਲ ਦੇ ਬਾਹਰ ਧਰਨਾ ਦੇ ਦਿੱਤਾ। ਇਸ ਮੌਕੇ ਡਾਕਟਰ ਨਾਲ ਹੋਰ ਨਿੱਜੀ ਹਸਪਤਾਲਾਂ ਦੇ ਡਾਕਟਰ ਆ ਖੜੇ। ਦੂਜੇ ਪਾਸੇ ਸਮਾਜ ਸੇਵੀ ਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਵੀ ਆਪਣੇ ਹਮਾਇਤੀਆਂ ਨਾਲ ਪੁੱਜ ਗਿਆ ਅਤੇ ਲੰਬਾ ਸਮਾਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਪ੍ਰੰਤੂ ਅੰਤ ’ਚ ਡਾਕਟਰ ਅਤੇ ਪੀੜਤ ਧਿਰ ਦਾ ਸਮਝੌਤਾ ਹੋ ਗਿਆ।
ਪੀੜਤ ਪਰਿਵਾਰ ਨੇ ਦੋਸ਼ ਲਗਾਏ ਕਿ ਡਾਕਟਰ ਨੇ ਹਸਪਤਾਲ ’ਚ ਦਾਖਲ ਬੱਚੀ ਦੇ ਚਲਦੇ ਇਲਾਜ ’ਚ ਹੋਰ ਪੈਸੇ ਜਮ੍ਹਾਂ ਕਰਵਾਉਣ ਲਈ ਆਖਿਆ ਪਰ ਪਰਿਵਾਰ ਵੱਲੋਂ ਪੈਸਿਆਂ ’ਚ ਹੋਈ ਥੋੜ੍ਹੀ ਦੇਰੀ ਤੋਂ ਖਫਾ ਡਾਕਟਰ ਨੇ ਇਲਾਜ ਬੰਦ ਕਰ ਦਿੱਤਾ ਜਿਸ ਕਾਰਨ ਬੱਚੀ ਦੀ ਹਾਲਤ ਗੰਭੀਰ ਹੋ ਗਈ। ਪਰਿਵਾਰ ਨੇ ਇਸ ਘਿਨਾਉਣੀ ਹਰਕਤ ਦਾ ਨੋਟਿਸ ਲੈਂਦੇ ਹੋਏ ਡਾਕਟਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਅਤੇ ਸਾਰੇ ਮਾਮਲੇ ਦੀ ਮੌਕੇ ਅਤੇ ਬੱਚੀ ਹੀ ਗੰਭੀਰ ਹਾਲਤ ਦੀ ਬਣਾਈ ਵੀਡੀਓ ਵਾੲਰਿਲ ਕਰ ਦਿੱਤੀ। ਡਾਕਟਰ ਨੇ ਪੀੜਤਾਂ ਖਿਲਾਫ ਅਤੇ ਪੀੜਤਾਂ ਨੇ ਡਾਕਟਰ ਖਿਲਾਫ ਪੁਲੀਸ ਪਾਸ ਸ਼ਿਕਾਇਤਾਂ ਕਰ ਦਿੱਤੀਆਂ।
ਅੱਜ ਬਾਅਦ ਦੁਪਾਹਿਰ ਤੱਕ ਲੱਗੇ ਧਰਨੇ ਦੌਰਾਨ ਹਲਕਾ ਵਿਧਾਇਕ ਸਰਵਜੀਤ ਕੌਰ, ਲੱਖਾ ਸਿੱਧਾਣਾ ਤੇ ਹੋਰ ਆਗੂਆ ਨੇ ਧਰਨੇ ਨੂੰ ਸੰਬੋਧਨ ਕੀਤਾ। ਅੰਤ ਡਾਕਟਰ ਅਤੇ ਪੀੜਤਾਂ ’ਚ ਸਮਝੌਤਾ ਹੋ ਗਿਆ। ਡਾਕਟਰ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆ ਜਿਹੜੇ ਹਸਪਤਾਲ ’ਚ ਬੱਚੀ ਦਾ ਇਲਾਜ ਚੱਲ ਰਿਹਾ ਹੈ ਉਥੇ ਹਰ ਮੱਦਦ ਕਰਨ ਦਾ ਭਰੋਸਾ ਹਾਜ਼ਰ ਲੋਕਾਂ ਨੂੰ ਦਿੱਤਾ।