ਸ਼ੇਰਪੁਰ, ਅਪਰੈਲ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ, ਕਾਂਗਰਸ ਸਣੇ ਹੋਰ ਪਾਰਟੀਆਂ ਦਾ ਸਾਰਾ ਜ਼ੋਰ ਉਸਨੂੰ ਨੂੰ ਹਰਾਉਣ ’ਤੇ ਲੱਗਿਆ ਹੋਇਆ ਹੈ ਜਦੋਂਕਿ ਉਹ ਆਪਣੇ ਕੰਮਾਂ ਸਦਕਾ ਲੋਕਾਂ ਦੀ ਵੋਟ ਦਾ ਸਹੀ ਹੱਕਦਾਰ ਹੈ। ਬਲਾਕ ਦੇ ਪਿੰਡ ਗੁਰਬਖ਼ਸ਼ਪੁਰਾ, ਪੱਤੀ ਖਲੀਲ ਤੇ ਕਸ਼ਬਾ ਸ਼ੇਰਪੁਰ ’ਚ ਦੇਰ ਸ਼ਾਮ ਹੋਈਆਂ ਰੈਲੀਆਂ ਦੇ ਭਰਵੇਂ ਇਕੱਠ ਸਿਆਸੀ ਵਿਰੋਧੀਆਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵੱਖ-ਵੱਖ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਇੱਕ ਐਮਪੀ ਨੂੰ ਪੰਜ ਸਾਲਾਂ ’ਚ ਮਿਲਦੇ ਪੂਰੇ 25 ਕਰੋੜ ਰੁਪਏ ਹਲਕੇ ਦੇ ਪਿੰਡਾਂ ’ਚ ਵੰਡੇ ਗਏ ਜਦੋਂਕਿ ਇਸਦਾ ਇੱਕ ਕਰੋੜ ਤੋਂ ਵੱਧ ਬਣਦਾ ਵਿਆਜ ਤੇ ਸਾਬਕਾ ਐਮਪੀ ਵਿਜੈਇੰਦਰ ਸਿੰਗਲਾ ਦੇ ਕਾਰਜਕਾਲ ਦੌਰਾਨ ਅਣਵਰਤੇ ਫੰਡ ਵੀ ਆਪਣੇ ਕਾਰਜਕਾਲ ਦੌਰਾਨ ਵੰਡੇ ਹਨ। ਉਨ੍ਹਾਂ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕਿਉਂਕਿ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਸਣੇ ਵੱਖ-ਵੱਖ ਵਰਗਾਂ ਦੇ ਮਸਲਿਆਂ ਨੂੰ ਲੋਕ ਸਭਾ ’ਚ ਉਠਾ ਕੇ ਜਿੱਥੇ ਆਪਣੀ ਜ਼ਿੰਮੇਵਾਰ ਨਿਭਾਈ ਉਥੇ ਹੁਣ ਤੱਕ ਸੁੱਚੇ ਮੂੰਹ ਰਹੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸਿਆਸੀ ਸ਼ੀਸ਼ਾ ਵਿਖਾਇਆ। ਇਨ੍ਹਾਂ ਚੋਣ ਰੈਲੀਆਂ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਪਾਰਟੀ ਆਗੂ ਤੇਜਾ ਸਿੰਘ ਆਜ਼ਾਦ, ਹੈਪੀ ਔਲਖ, ਪਰਮਿੰਦਰ ਸਿੰਘ ਪੁੰਨੂੰ ਕਾਤਰੋਂ ਵੀ ਹਾਜ਼ਰ ਸਨ।
ਅਖੇ ਸਾਡਾ ਮਸਲਾ ਤਾਂ ਕਿਤੇ ਨੀ ਉਠਾਇਆ
ਟਰੱਕ ਯੂਨੀਅਨ ਸ਼ੇਰਪੁਰ ਨਾਲ ਸਬੰਧਤ ਦੋ ਅਪਰੇਟਰਾਂ ਨੇ ਜਨਤਕ ਤੌਰ ’ਤੇ ਸ੍ਰੀ ਮਾਨ ਨਾਲ ਗਿਲਾ ਜ਼ਾਹਰ ਕੀਤਾ ਕਿ ਟਰੱਕ ਯੂਨੀਅਨਾਂ ਨੂੰ ਭੰਗ ਕਰਨ ’ਤੇ ਇਸ ਧੰਦੇ ਨਾਲ ਜੁੜੇ ਲੋਕਾਂ ਦੇ ਰੁਜ਼ਗਾਰ ਨੂੰ ਲੱਗੀ ਆਰਥਿਕ ਸੱਟ ’ਤੇ ਨਾ ਕਿਸੇ ਹੋਰ ਪਾਰਟੀ ਨੇ ਗੱਲ ਕੀਤੀ, ਨਾ ਹੀ ਉਨ੍ਹਾ ਨੇ, ਨਾ ਇਹ ਮਾਮਲਾ ਕਿਤੇ ਉਠਾਇਆ ਤੇ ਨਾ ਹੀ ਟਰੱਕ ਅਪਰੇਟਰਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ।