ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ - ਕਮਲਜੀਤ ਸਿੰਘ ਕੜਵਲ
ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਵਿਕਾਸ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਦੀ ਆਈ ਹੈ ਤੇ ਹੁਣ ਵੀ ਪੰਜਾਬ ਵਾਸੀਆਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਹਲਕੇ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਗ੍ਰਾਂਟਾਂ ਦੇ ਗੱਫ਼ੇ ਜਾਰੀ ਕੀਤੇ ਜਾ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਵਾਰਡ ਨੰਬਰ 44 ਵਿੱਚ 1 ਕਰੋੜ 30 ਲੱਖ ਰੁਪਏ ਦੇ ਵਿਕਾਸ ਕਾਰਜਾਂ ਕਰਵਾਈ ਗਈ ਸ਼ੁਰੂਆਤ। ਇਸ ਮੌਕੇ ਵਾਰਡ ਨੰਬਰ 44 ਵਿਖੇ ਗੁਰਦੁਆਰਾ ਸੁਖਮਨੀ ਸਾਹਿਬ, ਐਚ.ਆਈ.ਜੀ. ਫਲੈਟਸ ਅਤੇ ਐਮ.ਆਈ.ਜੀ. ਫਲੈਟਸ ਕੋਲ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਸ.ਹਰਕਰਨ ਸਿੰਘ ਵੈਦ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਅਧੀਨ ਪੈਦੇ ਹਰ ਇੱਕ ਵਾਰਡ ਨੂੰ ਮਾਡਰਨ ਵਾਰਡ ਵਜੋਂ ਵਿਕਸਿਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕੀਤੇ ਜਾ ਰਹੇ ਹਨ, ਜਿਸ ਤਹਿਤ ਆਮ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ.ਕਮਲਜੀਤ ਕੜਵਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਤੀਰੇ ਤੋਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਕਿਸਾਨ ਇਸ ਦੇਸ਼ ਦੇ ਵਸਨੀਕ ਨਹੀਂ ਹਨ, ਜੋ ਕਿ ਬਹੁਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਸਿਰਫ਼ ਖੇਤੀ ਕਾਨੂੰਨਾਂ ਖਿਲਾਫ਼ ਨਹੀਂ ਬਲਕਿ ਸਾਡੀ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਹੇ ਹਨ, ਕਿਉਂਕਿ ਇਸ ਦੁਨੀਆਂ ਵਿੱਚ ਹਰ ਕੋਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਿਸਾਨ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਸਮੁੱਚੀ ਕਾਂਗਰਸ ਪਾਰਟੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਜਿੰਨ੍ਹਾਂ ਚਿਰ ਕਿਸਾਨ ਵੀਰ ਜਿੱਤ ਪ੍ਰਾਪਤ ਕਰਕੇ ਘਰਾਂ ਨੂੰ ਨਹੀਂ ਪਰਤਦੇ, ਅਸੀਂ ਜਿੰਨ੍ਹੇ ਜੋਗੇ ਵੀ ਹਾਂ ਉਨ੍ਹਾਂ ਦਾ ਸਹਿਯੋਗ ਕਰਦੇ ਰਹਾਂਗੇ।
ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗੋਪੀ, ਅਰਵਿੰਦਰ ਸਿੰਘ ਸੰਧੂ, ਹਰਪ੍ਰੀਤ ਸਵੱਦੀ, ਹੈਪੀ ਕੋਚਰ ਸਰਬਜੀਤ ਬਾਬਾ, ਸੁਖਰਾਜ ਸਿੰਘ ਗਿੱਲ, ਕਾਕਾ ਸਿੱਧੂ, ਮੋਨਿਕਾ ਸ਼ਰਮਾ, ਡੀ.ਪੀ. ਸਿੰਘ, ਕੰਵਲਨੈਣ ਭਾਟੀਆ, ਚਰਨਜੀਤ ਬੇਦੀ, ਅਕਸ਼ੈ ਢਾਂਡਾ, ਅਜੈ ਵੜੈਂਚ ਸਮੇਤ ਹੋਰ ਇਲਾਕਾ ਨਿਵਾਸੀ ਵੀ ਹਾਜ਼ਰ ਸਨ।