ਮਹਿਲ ਕਲਾਂ/ਬਰਨਾਲਾ , ਅਗਸਤ 2020 ( ਗੁਰਸੇਵਕ ਸੋਹੀ ) 'ਅੰਗਰੇਜੋ ਭਾਰਤ ਛੱਡੋ' ਅੰਦੋਲਨ ਦੀ 79ਵੀਂ ਵਰੇਗੰਢ ਮੌਕੇ ਦੇਸ਼ ਭਰ ਦੇ ਮਜ਼ਦੂਰ ਤੇ ਕਿਸਾਨਾਂ ਦੇ ਹਿੱਤਾਂ ਲਈ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਤੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੱਦੇ 'ਤੇ ਸਥਾਨਕ ਕੋਰਟ ਚੋਂਕ 'ਚ ਗ੍ਰਿਫਤਾਰੀਆਂ ਲਈ ਭਰਵਾਂ ਇਕੱਠ ਕੀਤਾ। ਜਿਸ ਦੀ ਪ੍ਰਧਾਨਗੀ ਮਾਨ ਸਿੰਘ ਗੁਰਮ, ਲਾਲ ਸਿੰਘ ਧਨੌਲਾ ਤੇ ਨਰੰਜਣ ਸਿੰਘ ਨੇ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲਾਲ ਸਿੰਘ ਧਨੌਲਾ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਦੇਸ਼ ਵੱਡੇ ਸੰਕਟ 'ਚੋਂ ਲੰਘ ਰਿਹਾ ਹੈ। ਜਿਸ ਕਾਰਨ ਦੇਸ਼ ਦੀ ਆਰਥਿਕਤਾ ਵੀ ਥੱਲੇ ਡਿੱਗ ਗਈ ਹੈ। 15 ਕਰੋੜ ਕਿਰਤੀ ਇਸ ਕੋਰੋਨਾ ਮਹਾਂਮਾਰੀ ਕਾਰਨ ਪਿੱਛਲੇ 5 ਮਹੀਨਿਆਂ 'ਚ ਵੇਹਲੇ ਹੋ ਗਏ ਹਨ ਤੇ ਜਿੱਥੇ ਮੋਦੀ ਸਰਕਾਰ ਪੂਰੇ ਤਾਣ ਨਾਲ ਫਿਰਕਾਪ੍ਰਸ਼ਤੀ ਦਾ ਜ਼ਹਿਰ ਘੋਲ ਰਹੀ ਹੈ। ਉੱਥੇ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਰਿਆਇਤਾਂ ਦੇ ਕੇ ਮਿਹਨਤਕਸ਼ ਲੋਕਾਂ 'ਤੇ ਵੱਡੇ ਬੋਝ ਲੱਦ ਰਹੀ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਕੋਲ ਨਾ ਤਾਂ ਕੋਈ ਕੰਮ ਹੈ ਅਤੇ ਨਾ ਹੀ ਇੰਨ੍ਹਾ ਨੂੰ ਸਿਹਤ ਤੇ ਵਿੱਦਿਅਕ ਸੇਵਾਵਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸੁਬਾਈ ਆਗੂ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਜ਼ਦੂਰ ਪੱਖੀ ਕਾਨੂੰਨ ਰੱਦ ਕਰਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਜੋ ਬੇਹੱਦ ਨਿੰਦਣਯੋਗ ਕਾਰਵਾਈ ਹੈ। ਉਨ੍ਹਾ ਕਿਹਾ ਕਿ ਮਜ਼ਦੂਰ ਸਮਾਜ ਦੀ ਨੀਂਹ ਦਾ ਕੰਮ ਕਰਦਾ ਹੈ। ਜੇਕਰ ਮਜ਼ਦੂਰ ਹੀ ਨਾ ਰਿਹਾ ਤਾਂ ਸਮਾਜ ਕਿਸੇ ਦੇ ਸਹਾਰੇ ਰਹੇਗਾ। ਆਗੂਆਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਮਹਾਂਮਾਰੀ ਦੇ ਰਹਿਣ ਤੱਕ ਦਿੱਤਾ ਜਾਵੇ, ਹਰ ਜੀਅ ਨੂੰ 10 ਕਿੱਲੋ ਅਨਾਜ਼, ਦੋ ਕਿੱਲੋ ਪ੍ਰਤੀ ਪਰਿਵਾਰ ਦਾਲ ਤੇ ਰਸੋਈ 'ਚ ਕੰਮ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਕੀਤੀਆਂ ਜਾਣ, ਪਿੰਡਾਂ 'ਚ ਫਾਇਨੈਸ ਕੰਪਨੀਆਂ ਦੀਆਂ ਕਰਜ਼ਦਾਰ ਔਰਤਾਂ ਦਾ ਕਰਜਾ ਮੁਆਫ਼ ਕੀਤਾ ਜਾਵੇ,ਮਨਰੇਗਾ ਅਧੀਨ 200 ਦਿਨ ਦਾ ਕੰਮ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ, ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ, ਮਹਾਂਮਾਰੀ ਦੌਰਾਨ ਫਰੰਟ 'ਤੇ ਲੜਨ ਵਾਲੇ ਕਾਮਿਆਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਆਂਗਣਵਾੜੀ, ਆਸਾ, ਮਿੱਡ ਡੇ ਮੀਲ ਵਰਕਰਾਂ ਤੇ ਪੇਂਡੂ ਚੌਂਕੀਦਾਰਾਂ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜ਼ਰਤ ਦੇ ਘੇਰੇ ਅਧੀਨ ਲਿਆਂਦਾ ਜਾਵੇ, ਖੇਤੀ ਆਰਡੀਨੈਂਸ ਰੱਦ ਕਰਨ ਸਮੇਤ ਬਿਜਲੀ ਬਿੱਲ 2020 ਵਾਪਸ ਲਿਆ ਜਾਵੇ, ਸਵਾਮੀਨਾਥਨ ਕਮਿਸ਼ਨ ਲਾਗੂ ਤੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਘਟਾਈਆਂ ਜਾਣ। ਇਕੱਠ ਨੂੰ ਗੁਰਦੇਵ ਸਿੰਘ ਦਰਦੀ, ਬਲਰਾਜ ਕੌਰ, ਹਰਪਾਲ ਕੌਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਵੰਤ ਸਿੰਘ ਅਸਪਾਲ ਕਲਾਂ, ਗੁਰਪਾਲ ਸਿੰਘ ਪੱਖੋ, ਜਗਸੀਰ ਸਿੰਘ ਸਹਿਜੜਾ, ਨਿਰਮਲ ਸਿੰਘ ਝਲੂਰ, ਸੁਦਾਗਰ ਸਿੰਘ ਉੱਪਲੀ, ਮੁਕੰਦ ਸਿੰਘ ਫਰਵਾਹੀ, ਦਰਸ਼ਨ ਸਿੰਘ ਭੂਰੇ, ਉਸ਼ਾ, ਅੰਗਰੇਜ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਲਾਭ ਸਿੰਘ ਵਜਦੀਕੇ, ਗੁਰਪ੍ਰੀਤ ਬਰਨਾਲਾ ਤੇ ਪ੍ਰੀਤਮ ਸਿੰਘ ਸਹਿਜੜਾ ਆਦਿ ਹਾਜ਼ਰ ਸਨ।