ਮੁੱਲਾਂਪੁਰ ਦਾਖਾ,3 ਜੂਨ(ਸਤਵਿੰਦਰ ਸਿੰਘ ਗਿੱਲ)ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਸਵੱਦੀ ਕਲਾਂ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਅਤੇ ਗੁਰਦਵਾਰਾ ਨਾਨਕਸਰ ਸਾਹਿਬ ਸਵੱਦੀ ਕਲਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ ਕਰੀਬ 9 ਵਜੇ ਪੂਰੀਆਂ ਧਾਰਮਿਕ ਰੀਤੀ ਰਿਵਾਜਾਂ ਨਾਲ ਸ਼ੁਰੂ ਹੋਏ ਇਸ ਨਗਰ ਕੀਰਤਨ ਤੇ ਵੱਡੀ ਗਿਣਤੀ ਪਿੰਡ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਜਿਸ ਵਿਚ ਵੱਡੀ ਗਿਣਤੀ ਟਰੈਕਟਰ ਅਤੇ ਟਰਾਲੀਆਂ ਵੀ ਫੁੱਲਾਂ ਨਾਲ ਸਜਾਏ ਗਏ ਸਨ। ਵੱਖ ਵੱਖ ਪੜਾਵਾਂ ਰਾਹੀਂ ਹੁੰਦਾ ਹੋਇਆ ਇਹ ਨਗਰ ਕੀਰਤਨ ਦੇਰ ਸ਼ਾਮ ਨੂੰ ਵਿਧੀਆ ਪਾਸਾ ਵਾਲੇ ਪੜਾਅ ਤੇ ਜਦੋਂ ਪੁੱਜਾ ਤਾਂ ਲੋਕਾਂ ਵਿਚ ਬਹੁਤ ਧਾਰਮਿਕ ਭਾਵਨਾ ਦਿਖਾਈ ਦੇ ਰਹੀ ਸੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਪਿੰਡ ਦੇ ਵੱਖ ਵੱਖ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ ਅਤੇ ਸਮੋਸੇ ਆਦਿ ਵੀ ਸੰਗਤਾਂ ਵੱਲੋ ਰਾਹਗੀਰਾਂ ਨੂੰ ਵਰਤਾਏ ਗਏ। ਇਸ ਨਗਰ ਕੀਰਤਨ ਦੌਰਾਨ ਢਾਡੀ ਹਰਦੀਪ ਸਿੰਘ ਬਲੋਵਾਲ ਦੇ ਢਾਡੀ ਜਥੇ ਨੇ ਹਾਜਰ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਅਤੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਾਰੇ ਕਿਹਾ ਕਿ ਉਹ ਮਹਾਨ ਸ਼ਹੀਦ ਸਨ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਪੰਚ ਭਾਈ ਗੁਰਦੀਪ ਸਿੰਘ ਕਾਕਾ ਸਵੱਦੀ ਕਲਾਂ ਨੇ ਬਾਖੂਬੀ ਨਾਲ ਨਿਭਾਈ।