You are here

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 20 ਵਾਂ ਦਿਨ

ਕੌਮੀ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਅੱਖਾਂ ‘ਚ ਚੁਭਦੇ ਹਾਂ, ਕਿਸੇ ਰੁਤਬੇ ਜਾਂ ਨਿੱਜ ਸੁਆਰਥ ਦੇ ਟੁੱਕੜੇ ਦੀ ਝਾਕ ਨਾ ਕੀਤੀ, ਨਾ ਕਰਨੀ ਹੈ-ਦੇਵ ਸਰਾਭਾ

ਮੁੱਲਾਪੁਰ ਦਾਖਾ 12 ਮਾਰਚ (  ਸਤਵਿੰਦਰ ਸਿੰਘ  ਗਿੱਲ )- ਜੰਗ-ਏ-ਅਜ਼ਾਦੀ ਲਈ ਜੂਝਦਿਆਂ ਕੁਰਬਾਨ ਹੋਣ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਦੇਸ਼ ਵਿਚਲੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਨੂੰ  ਕੌਮੀ ਕਾਰਜ਼ ਸਮਝਦਿਆਂ, ਲਗਾਏ ਮੋਰਚੇ ਤਹਿਤ ਭੁੱਖ ਹੜਤਾਲ ਦੇ 20 ਵੇਂ ਦਿਨ ਆਪਣੇ ਸਹਿਯੋਗੀਆਂ ਸ਼ਿੰਗਾਰਾ ਸਿੰਘ ਟੂਸੇ, ਕੈਪਟਨ ਰਾਮਲੋਕ ਸਿੰਘ ਸਰਾਭਾ,  ਕੁਲਦੀਪ ਸਿੰਘ ਕਿਲ੍ਹਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੈਠੇ। ਮੀਡੀਏ ਸਾਹਮਣੇ  ਗੱਲਬਾਤ ਕਰਦਿਆਂ ਕਿਹਾ ਪੰਥ ਅਤੇ ਪੰਜਾਬ ਦੇ ਅੰਦਰੋਂ ਤੇ ਬਾਹਰਲੇ ਵਾਰਾਂ ਨੇ ਵਰਤਮਾਨ ਹੀ ਨਹੀਂ ਸਗੋਂ ਸੁਨਹਿਰੀ ਪਿਛੋਕੜ ਨੂੰ ਵੀ ਦਾਗਦਾਰ ਕੀਤਾ।ਪੰਜਾਬ ਦੇ ਸੂਝਵਾਨ ਲੋਕਮੱਤ ਵਾਲੀ ਹਨੇਰੀ ਨੇ ਨਿੱਜ ਸੁਆਰਥ ਅਤੇ ਸਿਆਸੀ ਧੜ੍ਹੇਬੰਦੀ ਸੋਚ ਦੇ ਧਾਰਨੀਆਂ ਨੂੰ ਲਾਂਭੇ ਕਰਦਿਆਂ ਨਵਿਆਂ ਹੱਥ ਸੱਤਾ੍ਹ ਸੌਪਦਿਆਂ ਭਵਿੱਖ ਸੁਆਰਨ ਦੀ ਉਮੀਦ ਕੀਤੀ। ਹੁਣ ਇਕ ਪੱਖੋਂ ਤਾਂ ਸੰਤੁਸ਼ਟੀ ਹੋਈ ਕਿ ਨਿੱਜ ਪ੍ਰਸਤੀ ਜਾਂ ਧੜੇਬੰਦੀ ਨਾਲੋਂ ਸ਼ਹੀਦਾਂ ਦਾ ਪੱਖ ਸਾਹਮਣੇ ਆਉਣ ਲੱਗਿਆ ਹੈ। ਵਿਚਾਰਨ ਵਾਲਾ ਪੱਖ ਹੈ ਕਿ ਸਾਡੇ ਕੌਮੀ ਸ਼ਹੀਦਾਂ ਨੂੰ ਸ਼ਹੀਦਾਂ ਵਾਲਾ ਦਰਜ਼ਾਂ ਵੀ ਦਿਵਾਉਗੇ ਜਾਂ ਡੰਗ ਟਪਾਉਣਗੇ। ਕਿਉਕਿ ਜੇ ਕਿਸੇ ਸਿਆਸੀ ਪਾਰਟੀ ਦੇ ਮਰਹੂਮ ਆਗੂ ਨੂੰ ਭਾਰਤ ਰਤਨ ਵਰਗਾ ਖਿਤਾਬ ਦਿੱਤਾ ਜਾ ਸਕਦਾ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗਿਆਂ ਨੂੰ ਕਿਉਂ ਨਹੀਂ? ਉਨ੍ਹਾਂ ਸਪੱਸ਼ਟ ਕੀਤਾ ਕਿ ਕੌਮੀ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਚੁਭਦੇ ਹਾਂ, ਕਿਸੇ ਰੁਤਬੇ ਜਾਂ ਨਿੱਜ ਸੁਆਰਥ ਦੇ ਟੁੱਕੜੇ ਦੀ ਝਾਕ ਨਾ ਕੀਤੀ ਹੈ ਨਾ ਕਰਨੀ ਹੈ। ਇਸ ਲਈ ਜਿਹੜੇ ਲੋਕ ਚਾਹੁੰਦੇ ਨੇ ਕਿ ਅਸੀਂ ਕਿਸੇ ਘੁੜੰਮ ਚੌਧਰੀ ਦੇ ਸਾਹਮਣੇ ਘਸਿਆਰੇ ਬਣੇ ਰਹੀਏ, ਇਹ ਸੰਭਵ ਨਹੀਂ। ਇਸੇ ਲਈ ਅਖੌਤੀ ਘੁੜੰਮ ਚੌਧਰੀਆਂ ਨੂੰ ਹੱਥਾਂ-ਪੈਰਾਂ ਦੀ ਪਈ ਰਹਿੰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਆਪਾਂ ਸਾਰੇ ਕੌਮ ਦੀ ਅਵਾਜ਼ ਬਣੀਏ, ਸਿਰ ਜੋੜੀਏ-ਤੋੜੀਏ ਨਾ, ਵਿਰੋਧ ਕਰਨ ਨਾਲੋਂ ਸਹਿਯੋਗ ਦੇਈਏ, ਅਰਾਮ ਦੀ ਜਿੰਦਗੀ ਜਿਉਣ ਨਾਲੋਂ ਜਜ਼ਬੇ ਨੂੰ ਜਾਬਤੇ ਵਿਚ ਰੱਖਦਿਆਂ ਸਹਿਯੋਗੀ ਬਣਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਡਟੀਏ।ਅੱਜ ਦੀ ਭੁੱਖ ਹੜਤਾਲ ਵਿਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ, ਇੰਦਰਜੀਤ ਸਿੰਘ ਸਹਿਜਾਦ ,ਜਸਬੀਰ ਸਿੰਘ ਜੱਸਾ ਤਾਜਪੁਰ ,ਕੁਲਜੀਤ ਸਿੰਘ ਭੰਮਰਾ ਸਰਾਭਾ ,ਬਿੰਦਰ ਸਰਾਭਾ, ਮਿਸਤਰੀ ਤਰਸੇਮ ਸਿੰਘ ਸਰਾਭਾ, ਹਰਦੀਪ ਸਿੰਘ ਰੈਂਪੀ ਸਰਾਭਾ, ਪਰਮਜੀਤ ਸਿੰਘ ਪੰਮੀ ਸਰਾਭਾ,ਨਿਰਭੈ ਸਿੰਘ ਅੱਬੂੂਵਾਲ ,ਡਾ ਕਰਤਾਰ ਸਿੰਘ ਸਰਾਭਾ,ਪਰਦੀਪ ਸਿੰਘ ਸਰਾਭਾ,ਜੋਗਿੰਦਰ ਸਿੰਘ ਸ਼ਹਿਜ਼ਾਦ  ਨੇ ਵੀ ਹਾਜ਼ਰੀ ਭਰੀ।