ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਵੱਲੋਂ ਐਨ.ਐਫ, ਐਸ.ਏ. ਸਕੀਮ ਅਧੀਨ ਰਾਜ ਦੇ ਲਗਭੱਗ 36 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਅਪ੍ਰੈਲ-ਸਤੰਬਰ 2020 ਤੱਕ ਦੇ 13ਵੇਂ ਫੇਜ਼ ਤਹਿਤ 6 ਮਹੀਨੇ ਦੀ ਕਣਕ ਦੀ ਐਲੋਕੇਸ਼ਨ ਜਾਰੀ ਕੀਤੀ ਗਈ ਹੈ, ਜਿਸ ਤਹਿਤ ਕਣਕ ਵੰਡਣ ਦੀ ਸ਼ੁਰੂਆਤ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਲੁਧਿਆਣਾ ਵੈਸਟ ਹਲਕੇ ਤੋਂ ਕੀਤੀ ਗਈ।ਇਸ ਸੰਬਧੀ ਮੌਕੇ ਤੇ ਹਾਜ਼ਰ ਜਿਲਾ ਕੰਟਰੋਲਰ ਖੁਰਾਕ ਸਪਲਾਈਜ਼ ਲੁਧਿਆਣਾ ਵੈਸਟ ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਪੰਜ ਕਿਲੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਛੇ ਮਹੀਨੇ ਦੀ ਕਣਕ ਪ੍ਰਾਪਤ ਕਰ ਸਕਦਾ ਹੈ। ਜਿਲ੍ਹੇ ਦੇ ਕੁੱਲ 395380 ਪਰਿਵਾਰ ਇਸ ਸਕੀਮ ਵਿੱਚ ਕਵਰ ਕੀਤੇ ਗਏ ਹਨ, ਜਿਨ੍ਹਾਂ ਨੂੰ ਬਾਇਓਮੀਟ੍ਰਿਕ ਪ੍ਰਣਾਲੀ ਨਾਲ E-POS ਮਸ਼ੀਨਾਂ ਰਾਹੀਂ ਕਣਕ ਦੀ ਵੰਡ ਕੀਤੀ ਜਾਵੇਗੀ । ਇਸ ਸਮੇਂ ਕੋਵਿਡ -19 ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ, ਮਾਸਕ ਆਦਿ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ।ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਦੀਆਂ ਹਦਾਇਤਾਂ ਅਨੁਸਾਰ ਹਰ ਇੱਕ ਸਮਾਰਟ ਰਾਸ਼ਨ ਕਾਰਡ ਹੋਲਡਰ ਤੱਕ ਪਹੁੰਚ ਕਰਕੇ ਰਾਸ਼ਨ ਪੁੱਜਦਾ ਕਰਨ ਲਈ ਸਰਕਾਰ/ਵਿਭਾਗ ਵਚਨਬੱਧ ਹੈ ਅਤੇ ਇਹ ਵੰਡ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ।ਇਸ ਸੰਬਧੀ ਲੋੜਵੰਦਾਂ ਤੱਕ ਅਨਾਜ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਵੀ ਕੀਤੀ ਜਾਵੇਗੀ । ਵਿਭਾਗ ਵੱਲੋਂ ਅਧਿਕਾਰੀ ਕਰਮਚਾਰੀਆਂ ਰਾਸ਼ਨ ਵੰਡ ਦੇ ਇਸ ਕੰਮ ਨੂੰ ਜਲਦੀ ਨੇਪਰੇ ਚਾੜਨ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕੋਵਿਡ -19 ਦੌਰਾਨ ਲੋੜਵੰਦਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਦਿਲਰਾਜ ਸਿੰਘ ਕੌਸਲਰ, ਜਸਵਿੰਦਰ ਸਿੰਘ ਏ.ਐਫ.ਐਸ.ਓ. ਹਾਜ਼ਰ ਸਨ।