ਚੰਡੀਗੜ੍ਹ, ਅਪਰੈਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਕਰ ਵਿਭਾਗ ਵੱਲੋਂ ਲੁਧਿਆਣਾ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਕੇਸ ਦੀ ਅਗਲੀ ਸੁਣਵਾਈ 25 ਅਪਰੈਲ ਨੂੰ ਹੋਵੇਗੀ। ਵਿਭਾਗ ਨੇ ਹਾਈ ਕੋਰਟ ਨੂੰ ਦੱਸਿਆ ਕਿ ਡਾਇਰੈਕਟਰ ਜਨਰਲ ਆਮਦਨ ਕਰ (ਜਾਂਚ) ਨੂੰ 22 ਜੁਲਾਈ 2011 ਨੂੰ ਜਿਹੜੀਆਂ ਮਾਸਟਰ-ਸ਼ੀਟਾਂ ਪ੍ਰਾਪਤ ਹੋਈਆਂ ਸਨ, ਉਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦਾ ਕੁਝ ਵਿਦੇਸ਼ੀ ਕੰਪਨੀਆਂ ਨਾਲ ਰਾਬਤਾ/ਸਬੰਧ ਹੈ। ਵਕੀਲ ਨੇ ਕਿਹਾ ਕਿ ਆਈਟੀ ਵਿਭਾਗ ਕੋਲ ਮੌਜੂਦ ਦਸਤਾਵੇਜ਼ਾਂ ਤੋਂ ਇਹ ਸਾਫ਼ ਹੈ ਕਿ ਅਮਰਿੰਦਰ ਸਿੰਘ ਨੂੰ ਵਿਦੇਸ਼ ਅਸਾਸਿਆਂ/ਲੈਣ-ਦੇਣ ਬਾਰੇ ਪਤਾ ਸੀ ਤੇ ਉਹ ਇਸ ਕੇਸ ’ਚ ਇਕ ਧਿਰ ਹਨ।