You are here

ਸਿੱਖਿਆ ਬੋਰਡ ਨੇ ਬਣਾਇਆ ‘ਅਪਰੈਲ ਫੂਲ’

ਬਠਿੰਡਾ, 1 ਅਪਰੈਲ  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਕਲਾਸ ਦੇ ਸਮਾਜਿਕ ਸਿੱਖਿਆ ਦੇ ਪੇਪਰ ਦੇ ਮਾਮਲੇ ਵਿਚ ਵਿਦਿਆਰਥੀਆਂ ਦਾ ‘ਅਪਰੈਲ ਫੂਲ’ ਬਣਾ ਦਿੱਤਾ। ਸੋਮਵਾਰ ਸਵੇਰੇ ਜਦੋਂ ਸਮਾਜਿਕ ਸਿੱਖਿਆ ਦਾ ਪੇਪਰ ਖੁੱਲ੍ਹਿਆ ਤਾਂ ਵਿਦਿਆਰਥੀ ਪੰਜਾਬ ਦਾ ਨਕਸ਼ਾ ਦੇਖ ਕੇ ਭੰਬਲਭੂਸੇ ਵਿਚ ਪੈ ਗਏ। ਸਿੱਖਿਆ ਬੋਰਡ ਨੇ ਇਸ ਪੇਪਰ ਵਿਚ ਦਸਵੀਂ ਦੇ ਸਿਲੇਬਸ ਦਾ ਨਕਸ਼ਾ ਪਾਉਣ ਦੀ ਥਾਂ ਨੌਵੀਂ ਦਾ ਨਕਸ਼ਾ ਪਾ ਦਿੱਤਾ। ਨਕਸ਼ਾ ਪੰਜ ਨੰਬਰ ਦਾ ਸੀ ਅਤੇ ਵਿਦਿਆਰਥੀ ਹੁਣ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਗਰੇਸ ਨੰਬਰ ਦਿੱਤੇ ਜਾਣ। ਵੇਰਵਿਆਂ ਅਨੁਸਾਰ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ 1947 ਤੋਂ ਪਹਿਲਾਂ ਦੇ ਪੰਜਾਬ ਦਾ ਨਕਸ਼ਾ ਕਰਾਇਆ ਜਾਂਦਾ ਹੈ ਜਦੋਂ ਕਿ ਨੌਵੀਂ ਕਲਾਸ ਦਾ ਸਿਲੇਬਸ ਨਵਾਂ ਹੋਣ ਕਰਕੇ ਵਿਦਿਆਰਥੀ ਪੇਪਰ ਵਿਚ ਆਏ ਨਕਸ਼ੇ ਤੋਂ ਬਿਲਕੁਲ ਅਣਜਾਣ ਸਨ। ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ) ਬਲਜੀਤ ਕੁਮਾਰ ਨੇ ਕਿਹਾ ਕਿ ਇਸ ਬਾਬਤ ਸਿੱਖਿਆ ਬੋਰਡ ਨੂੰ ਜਾਣੂ ਕਰਾ ਦਿੱਤਾ ਜਾਵੇਗਾ।
ਫਿਲੌਰ (ਪੱਤਰ ਪ੍ਰੇਰਕ): ਦਸਵੀਂ ਜਮਾਤ ਦੇ ਸਮਾਜਿਕ ਸਿੱਖਿਆ ਪੇਪਰ ’ਚ ਨਕਸ਼ਾ ਗਲਤ ਆਉਣ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਭਾਗੀ ਅਣਗਹਿਲੀ ਕਾਰਨ ਵਿਦਿਆਰਥੀਆਂ ਦਾ ਪੰਜ ਅੰਕਾਂ ਦਾ ਨੁਕਸਾਨ ਹੋ ਗਿਆ ਹੈ। ਮਾਪਿਆਂ ਨੇ ਵਿਦਿਆਰਥੀਆਂ ਨੂੰ ਗਰੇਸ ਵਜੋਂ 5-5 ਵਾਧੂ ਅੰਕ ਦੇਣ ਦੀ ਮੰਗ ਕੀਤੀ ਹੈ।