You are here

ਜਵੱਦੀ ਟਕਸਾਲ ਵਿਖੇ ਹਫਤਾਵਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ

ਮਨੁੱਖ ਜਨਮ ਤੋਂ ਪਾਪੀ ਨਹੀਂ ਹੁੰਦਾ, ਉਸਦੇ ਕਰਮ ਪ੍ਰਭੂ ਦੇ ਨੇੜੇ ਵੀ ਕਰ ਦਿੰਦੇ ਨੇ ਤੇ ਦੂਰ ਵੀ -ਸੰਤ ਅਮੀਰ ਸਿੰਘ
ਲੁਧਿਆਣਾ 10 ਸਤੰਬਰ (     ਕਰਨੈਲ ਸਿੰਘ ਐੱਮ ਏ  )   
      ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਨਿਰੰਤਰ ਕਾਰਜਸ਼ੀਲ ‘ਜਵੱਦੀ ਟਕਸਾਲ’ ਦੇ ਕੇਂਦਰੀ ਅਸਥਾਨ ਗੁਰਦੁਆਰਾ “ਗੁਰ ਗਿਆਨ ਪ੍ਰਕਾਸ਼” ਸਾਹਿਬ ਵਿਖੇ ਹਫਤਾਵਾਰੀ “ਨਾਮ ਸਿਮਰਨ ਅਭਿਆਸ”  ਸਮਾਗਮ ਹੋਇਆ। ਜਿਸ ਵਿਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਸ਼ਸ਼ੋਭਿਤ ਗੂੜ੍ਹੇ ਗਿਆਨ ਦੇ ਭੇਦ ਸਮਝਾਉਦਿਆਂ ਗੁਰਬਾਣੀ ਦੇ ਹਵਾਲਿਆਂ ਨਾਲ ਪ੍ਰੇਰਣਾਂ ਦਿੰਦਿਆਂ ਫੁਰਮਾਇਆ ਕਿ ਸਮਰੱਥ ਪਿਤਾ ਅਕਾਲ ਪੁਰਖ “ਵਾਹਿਗੁਰੂ” ਜੀ ਦਾ ਹੋ ਕੇ ਰਹਿਣਾ, ਉਸਦੀ ਅਨੰਤ ਕਲਾ ਨੂੰ ਜਾਨਣਾ ਆਪਣੇ ਆਪ ਵਿਚ ਅਸਾਨ ਨਹੀਂ, ਤੇ ਨਾ ਹੀ ਖਿਆਲੀ ਕਥਨ ਹੈ। ਅਲੂਣੀ ਸਿਲ ਚੱਟਣ ਦੇ ਤੁਲ ਹੈ। ਦੁਰਗਮ ਤੇ ਔਖਾ ਪੈਂਡਾ ਹੈ। ਮਨ ਦੇ ਸੰਸੇ ਦੀ ਮੈਲ ਨੂੰ ਸਾਫ਼ ਕਰਕੇ ਪਵਿੱਤਰ ਤੇ ਸ਼ਰਧਾ ਵਰਗੇ ਸਦ-ਗੁਣ ਨਾਲ ਓਤ-ਪੋਤ ਕਰਨਾ ਪੈਂਦਾ ਹੈ।  ਉਨ੍ਹਾਂ ਸਮਝਾਇਆ ਕਿ ਪ੍ਰਭੂ ਨਾਲ ਇਕਮਿਕ ਹੋਣ ਅਤੇ ਉਸ ਨਾਲ ਮਿਲਾਪ ਦੇ ਸਾਧਨ ਲਈ ਵਿਕਾਰਾਂ ਤੋਂ ਬਚਿਆ ਜਾਵੇ, ਕਿਉਕਿ ਜਦੋਂ ਮਾੜੇ ਸੰਸਕਾਰ ਸਰੀਰ ਨੂੰ ਚੰਬੜ ਜਾਂਦੇ ਨੇ, ਤਾਂ ਮਨ ਵਿਕਾਰੀ ਹੋ ਕੇ ਆਪਣੀ ਦੁਨੀਆ ਸਿਰਜ ਲੈਂਦਾ ਹੈ। ਇਸ ਲਈ ਝੂਠੇ ਅਡੰਬਰਾਂ ਤੋਂ ਬਚਣ ਲਈ ਹਰ ਵਕਤ ਪ੍ਰਭੂ ਦੀ ਅਰਾਧਨਾ ਕਰਨ ਨਾਲ ਪਰਮ-ਪਿਤਾ “ਵਾਹਿਗੁਰੂ ਜੀ” ਨੂੰ ਅੰਗ-ਸੰਗ ਸਮਝਦਿਆਂ, ਘਰ-ਬਾਰ ਉਸ ਦਾ ਭਰਵਾਸਾ ਜਾਣਨਾ ਚਾਹੀਦਾ ਹੈ। ਬਿਨ ਮੰਗਿਆਂ ਹੀ ਸਭ ਕਲਾ ਦਾ ਮਾਲਕ “ ਵਿਣ ਬੋਲਿਆ ਸਭੁ ਕਿਛੁ ਜਾਣਦਾ” ਹੈ। ਬਿਨ ਮੰਗਿਆ ਹੀ ਸਭ ਕੁਝ ਦੇਣ ਵਾਲਾ ਹੈ। ਇਥੇ-ਉਥੇ ਹਰ ਥਾਂ ਸਾਡੀ ਪ੍ਰਤਿਪਾਲਣਾ ਕਰਦਾ ਹੈ।
ਬਾਬਾ ਜੀ ਨੇ ਜੋਰ ਦਿੰਦਿਆਂ ਸਮਝਾਇਆ ਕਿ ਮਨੁੱਖ ਜਨਮ ਤੋਂ ਪਾਪੀ ਨਹੀਂ ਹੁੰਦਾ, ਉਸਦੇ ਕਰਮਾਂ ਅਨੁਸਾਰ ਪ੍ਰਭੂ ਦੀ ਨੇੜਤਾ ਨਸੀਬ ਹੋ ਜਾਂਦੀ ਹੈ ਤੇ ਦੂਰੀ ਵੀ। ਪੂਰਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਤਿਤ ਨੂੰ ਵੀ ਪਵਿੱਤਰ ਕਰਨ ਦੇ ਸਮਰੱਥ ਹੈ, ਕਿਉਕਿ ਆਪ ਮੁਕਤ ਹੈ, ਪਾਪੀਆਂ ਨੂੰ ਪੁੰਨੀ ਬਣਾ ਸਕਦਾ ਹੈ। ਐਸੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਤਨ, ਮਨ, ਧਨ ਸਭ ਕੁਝ ਸੌਪ ਕੇ ੳਸੁ ਦੇ ਹੁਕਮ ਵਿਚ ਰਹਿਣਾ ਹੈ। ਉਸ ਅੱਗੇ ਅਰਦਾਸ ਬੇਨਤੀ ਕਰਨੀ  ਚਾਹੀਦੀ ਹੈ।