You are here

ਤੇਲ ਕੀਮਤਾਂ 'ਚ ਵਾਧੇ ਦਾ ਦੁੱਖ ਹੈ ਤਾਂ ਹਰਸਿਮਰਤ ਕੁਰਸੀ ਛੱਡਣ - ਕੈਪਟਨ

ਚੰਡੀਗੜ੍ਹ , ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਮੁਫ਼ਾਦ ਲਈ ਲੋਕਾਂ ਨੂੰ ਗੁਮਰਾਹ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਲੋਕ ਅਕਾਲੀ ਲੀਡਰਾਂ ਦੇ ਮੱਗਰਮੱਛ ਦੇ ਹੰਝੂ ਵਹਾਉਣ ਵਾਲੇ ਝਾਂਸੇ 'ਚ ਨਹੀਂ ਆਉਣਗੇ।

ਪੰਜਾਬ ਵਿਚ ਕਾਂਗਰਸੀਆਂ 'ਤੇ ਰਾਸ਼ਨ ਘੁਟਾਲੇ ਦੇ ਲਾਏ ਦੋਸ਼ਾਂ 'ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜੂਨ ਤਕ ਪ੍ਰਰਾਪਤ ਕੀਤੇ ਅਨਾਜ ਪਦਾਰਥਾਂ ਦੀ ਮਿਕਦਾਰ ਸੁਖਬੀਰ ਵੱਲੋਂ ਦਿੱਤੇ ਗਏ ਅੰਕੜਿਆਂ ਨਾਲੋਂ ਵੱਧ ਸੀ ਅਤੇ ਇਨ੍ਹਾਂ ਵਿਚੋਂ 90 ਫ਼ੀਸਦੀ ਤੋਂ ਵਧੇਰੇ ਹਿੱਸਾ ਵੰਡਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਸੂਬੇ ਨੂੰ 212164 ਮੀਟਿ੍ਕ ਟਨ ਕਣਕ ਅਲਾਟ ਕੀਤੀ ਗਈ, ਜਿਸ ਵਿਚੋਂ 199091 ਮੀਟਿ੍ਕ ਟਨ ਕਣਕ ਵੰਡੀ ਜਾ ਚੁੱਕੀ ਹੈ, ਜਦੋਂਕਿ 10800 ਮੀਟਿ੍ਕ ਟਨ ਅਲਾਟ ਦਾਲ ਵਿਚੋਂ 10305 ਮੀਟਿ੍ਕ ਟਨ ਦੀ ਵੰਡ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਕੇਂਦਰ ਸਰਕਾਰ ਦੀ ਆਤਮ-ਨਿਰਭਰ ਭਾਰਤ ਸਕੀਮ ਤਹਿਤ ਕਣਕ (ਪ੍ਰਤੀ ਵਿਅਕਤੀ) ਅਤੇ ਦਾਲ (ਪ੍ਰਤੀ ਪਰਿਵਾਰ) 14.14 ਲੱਖ ਵਿਅਕਤੀਆਂ ਨੂੰ ਮੁਹੱਈਆ ਕਰਵਾਈ ਗਈ। ਸੂਬੇ ਵੱਲੋਂ ਆਪਣੇ ਪੱਧਰ 'ਤੇ ਇਕ ਕਿਲੋ ਖੰਡ ਇਸ ਵਿਚ ਪਾਈ ਗਈ। ਅਸਲ ਵਿਚ, ਸੂਬਾ ਸਰਕਾਰ ਨੇ ਆਪਣੇ ਫੰਡਾਂ ਵਿਚੋਂ ਪਰਵਾਸੀ ਕਿਰਤੀਆਂ ਨੂੰ 17 ਲੱਖ ਖੁਰਾਕੀ ਪੈਕੇਟ ਵੰਡਣ ਲਈ 69 ਕਰੋੜ ਰੁਪਏ ਖਰਚੇ, ਜਿਨ੍ਹਾਂ ਵਿਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦੇ ਪੈਕੇਟ ਸ਼ਾਮਲ ਸਨ।

ਤੇਲ 'ਤੇ ਲੱਗੇ ਵੈਟ ਦੇ ਮਸਲੇ 'ਤੇ ਹਰਸਿਮਰਤ ਬਾਦਲ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਹਰਸਿਮਰਤ ਨੂੰ ਤੇਲ ਕੀਮਤਾਂ ਦੇ ਵਧਣ ਨਾਲ ਆਮ ਆਦਮੀ ਦੇ ਪ੍ਰਭਾਵਿਤ ਹੋਣ ਬਾਰੇ ਇੰਨੀ ਚਿੰਤਾ ਹੈ ਤਾਂ ਕੈਬਨਿਟ 'ਚ ਹੁੰਦਿਆਂ ਉਸ ਨੇ ਕੇਂਦਰ ਸਰਕਾਰ 'ਤੇ ਡੀਜ਼ਲ ਅਤੇ ਪੈਟਰੋਲ ਕੀਮਤਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਦਬਾਅ ਕਿਉਂ ਨਹੀਂ ਪਾਇਆ। ਉਨ੍ਹਾਂ ਪੁੱਿਛਆ, 'ਜੇਕਰ ਬਾਦਲ ਕੇਂਦਰ ਵੱਲੋਂ ਤੇਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਦਾ ਵਿਰੋਧ ਕਰਨ 'ਚ ਗੰਭੀਰ ਹਨ ਤਾਂ ਹਰਸਿਮਰਤ ਕੌਰ ਕੇਂਦਰੀ ਕੈਬਨਿਟ ਵਿਚੋਂ ਅਸਤੀਫਾ ਕਿਉਂ ਨਹੀਂ ਦਿੰਦੀ?'