ਸੈਕਰਾਮੈਂਟੋ/ਲੰਡਨ, 08 ਅਪ੍ਰੈਲ (ਅਮਨਜੀਤ ਸਿੰਘ ਖਹਿਰਾ) ਕੈਲੀਫੋਰਨੀਆ ਦੌਰੇ ‘ਤੇ ਆਏ ਇੰਗਲੈਂਡ ਦੇ ਪਹਿਲੇ ਸਿੱਖ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦਾ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਅਮਰੀਕਾ ਦੇ ਵੱਖ-ਵੱਖ ਚੁਣੇ ਹੋਏ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ। ਮਿਰਾਜ ਪੈਲੇਸ ਵਿਖੇ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਅਸੈਂਬਲੀ ਮੈਂਬਰ ਸਟੈਫਨੀ ਵਿਨ, ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ, ਸਟਰ ਕਾਊਂਟੀ ਦੇ ਸੁਪਰਵਾਈਜ਼ਰ ਕਰਮ ਬੈਂਸ, ਗਾਲਟ ਸਿਟੀ ਦੇ ਮੇਅਰ ਪਰਗਟ ਸਿੰਘ ਸੰਧੂ, ਕੌਂਸਲ ਮੈਂਬਰ ਰਾਡ ਬਰਿਊਅਰ, ਕੌਂਸਲ ਮੈਂਬਰ ਡੈਰੇਨ ਸਿਊਨ, ਕੌਂਸਲ ਮੈਂਬਰ ਅਮਿਤ ਪਾਲ ਤੋਂ ਇਲਾਵਾ ਚੜ੍ਹਦਾ ਪੰਜਾਬ ਕਲੱਬ, ਕੋਹਿਨੂਰ ਕਲੱਬ, ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ, ਪੰਜਾਬ ਪ੍ਰੋਡਕਸ਼ਨਜ਼ ਅਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਤੇ ਉਨ੍ਹਾਂ ਦੇ ਮੈਂਬਰ ਪਹੁੰਚੇ ਹੋਏ ਸਨ। ਇਸ ਦੌਰਾਨ ਅਸੈਂਬਲੀ ਮੈਂਬਰ ਸਟੈਫਨੀ ਵਿਨ, ਐਲਕ ਗਰੋਵ ਮੇਅਰ ਬੌਬੀ ਸਿੰਘ ਐਲਨ, ਕਾਊਂਟੀ ਸੁਪਰਵਾਈਜ਼ਰ ਕਰਮ ਸਿੰਘ ਬੈਂਸ ਨੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਆਪਣੇ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਾਨੂੰ ਵਿਦੇਸ਼ਾਂ ਵਿਚ ਰਹਿੰਦਿਆਂ ਆਪਣੀ ਪਛਾਣ ਬਣਾਉਣ ਦੀ ਬਹੁਤ ਲੋੜ ਹੈ। ਅਸੀਂ ਲੰਮੇਂ ਸਮੇਂ ਤੋਂ ਵਿਦੇਸ਼ਾਂ ਵਿਚ ਰਹਿ ਰਹੇ ਹਾਂ। ਪਰ ਹਾਲੇ ਵੀ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਮੁੱਖ ਧਾਰਾ ਵਿਚ ਆ ਕੇ ਰਾਜਨੀਤੀ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਸ. ਢੇਸੀ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਇਥੋਂ ਦੀਆਂ ਸੰਸਥਾਵਾਂ ਖੇਡ ਜਗਤ ਵਿਚ ਅਮਰੀਕਾ ਅਤੇ ਪੰਜਾਬ ‘ਚ ਕਾਫੀ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡਾਂ ਵਿਚ ਵੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ, ਤਾਂ ਕਿ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਜ਼ਿਕਰਯੋਗ ਹੈ ਕਿ ਸ. ਢੇਸੀ ਆਪਣੇ ਨਜ਼ਦੀਕੀ ਰਿਸ਼ਤੇਦਾਰ ਮੱਖਣ ਸਿੰਘ ਝੱਟੂ ਦੇ ਸਪੁੱਤਰ ਦੇ ਵਿਆਹ ਮੌਕੇ ਕੈਲੀਫੋਰਨੀਆ ਆਏ ਹੋਏ ਸਨ।