You are here

2 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ

ਪਰ-ਉਪਕਾਰੀ ਤੇ ਵਿਦਵਾਨ-ਸੰਤ ਗਿਆਨੀ ਸੁੰਦਰ ਸਿੰਘ ‘ਸੇਵਾਪੰਥੀ’
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਭਾਈ ਕਨੱਈਆ ਰਾਮ ਜੀ ਹੋਏ ਸਨ। ਭਾਈ ਕਨੱਈਆ ਰਾਮ ਜੀ ਨੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਖ਼ਸ਼ਿਸ਼ ਸਦਕਾ ਸੇਵਾ, ਸਿਮਰਨ ਤੇ ਵਿੱਦਿਆ ਦੇ ਮਹਾਨ ਕੇਂਦਰ ਉਸਾਰ ਕੇ ਸੇਵਾਪੰਥੀ ਸੰਪਰਦਾਇ ਦੀ ਸਥਾਪਨਾ ਕੀਤੀ। ਸੇਵਾਪੰਥੀ ਸਾਧੂਆਂ ਨੇ ਜਿੱਥੇ ਲੋਕਾਂ ਦੇ ਸਰੀਰਕ ਸੁੱਖ ਆਰਾਮ ਲਈ ਸਰਾਵਾਂ, ਟਿਕਾਣੇ, ਖੂਹ, ਤਲਾਬ, ਦਵਾਖਾਨੇ ਤੇ ਲੰਗਰ ਲਾ ਕੇ ਮਨੁੱਖ ਜਾਤੀ ਦੀ ਸੇਵਾ ਕੀਤੀ ਹੈ, ਉੱਥੇ ਮਾਨਸਿਕ ਸ਼ਾਂਤੀ ਤੇ ਸਦਾਚਾਰਿਕ ਸਿੱਖਿਆ ਲਈ ਸੁੰਦਰ ਸਾਹਿਤ ਦੀ ਵੀ ਸਿਰਜਣਾ ਕੀਤੀ ਹੈ। ਇਹ ਸਾਹਿਤ ਜਿੱਥੇ ਬੜਾ ਸਰਲ ਤੇ ਸਾਦਾ ਹੈ, ਉੱਥੇ ਮਨੋਰੰਜਨ ਤੇ ਪੇ੍ਰਰਨਾ ਬਖਸ਼ਣ ਵਾਲਾ ਹੈ। ਸੇਵਾਪੰਥੀ ਸਾਧੂ ਸਿੱਧਾ-ਸਾਦਾ ਨਿਰਛਲ ਤੇ ਨਿਸ਼ਕਪਟ ਦਰਵੇਸ਼ੀ ਜੀਵਨ ਬਤੀਤ ਕਰਨ ਵਾਲੇ ਤਪੱਸਵੀ ਤੇ ਸੰਤੋਖੀ ਪੁਰਸ਼ ਸਨ। ਇਹ ਕਿਸੇ ਵੀ ਤਰ੍ਹਾਂ ਦੂਜਿਆਂ ਦਾ ਦਿਲ ਦੁਖਾ ਕੇ ਰਾਜ਼ੀ ਨਹੀਂ ਸਗੋਂ ਇਹ ਤਾਂ ਆਪ ਖਾਣ-ਪਹਿਨਣ ਦੀ ਥਾਂ ਦੂਜਿਆਂ ਨੂੰ ਖੁਆ-ਪਹਿਨਾ ਕੇ ਜ਼ਿਆਦਾ ਪ੍ਰਸੰਨ ਹੁੰਦੇ ਹਨ। ਅਜਿਹੇ ਸਾਧੂ-ਸੰਤ ਇੱਕ ਨਹੀਂ ਕਈ ਹੋਏ।
ਭਾਈ ਕਨੱਈਆ ਰਾਮ ਜੀ ਦੀ ਕੁਲ ਦੇ ਨਾਦੀ ਕੁਲਭੂਸ਼ਨ, ਸੇਵਾਪੰਥੀ ਅੱਡਣਸ਼ਾਹੀ ਸੰਪਰਦਾਇ ਦਾ ਕੇਂਦਰ ਟਿਕਾਣਾ ਭਾਈ ਕਿਸ਼ਨ ਦਾਸ ਜੀ (ਭੱਖਰਵਾਲੇ) ਰੇਵਾੜੀ ਦੀ ਨਾਦੀ ਬੰਸਾਵਲੀ ਮੁਕਟਮਣੀ ਸੰਤ ਭਾਈ ਕਨੱਈਆ ਰਾਮ ਜੀ ਤੋਂ ਆਰੰਭ ਹੁੰਦੀ ਹੈ, ਉਹਨਾਂ ਦੇ ਮੁੱਖ ਪਥ ਪ੍ਰਦਰਸ਼ਕਾਂ ਦੀ ਲੜੀ ਵਿੱਚ ਸੰਤ ਭਾਈ ਸੇਵਾ ਰਾਮ ਜੀ, ਸੰਤ ਭਾਈ ਅੱਡਣ ਸ਼ਾਹ ਜੀ, ਸੰਤ ਭਾਈ ਕਿਰਪਾ ਰਾਮ ਜੀ, ਸੰਤ ਭਾਈ ਕਿਸ਼ਨ ਦਾਸ ਜੀ, ਸੰਤ ਭਾਈ ਹਰਦਿਆਲ ਜੀ, ਸੰਤ ਭਾਈ ਰਾਮ ਚੰਦ ਜੀ, ਸੰਤ ਭਾਈ ਘਨੀਸ਼ਾਮ ਦਾਸ ਜੀ, ਸੰਤ ਭਾਈ ਛਬੀਲ ਦਾਸ ਜੀ, ਸੇਵਾਪੰਥੀ ਅੱਡਣ ਸ਼ਾਹੀ ਸਭਾ, ਮਹੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਗਿਆਨੀ ਸੁਰਜੀਤ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਸੰਤ ਸਲਵਿੰਦਰ ਸਿੰਘ ਜੀ ‘ਸੇਵਾਪੰਥੀ’ ਤੱਕ ਪੁੱਜਦੀ ਹੈ।
ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਜਨਮ ਪਿੰਡ ਛੱਤਾ ਜ਼ਿਲ੍ਹਾ ਝੰਗ ਪਾਕਿਸਤਾਨ ਵਿਖੇ 15 ਮਾਘ ਸੰਮਤ 1986 ਬਿਕਰਮੀ ਸੰਨ 1929 ਈ: ਨੂੰ ਪਿਤਾ ਭਾਈ ਰਾਮ ਚੰਦ ਜੀ ਦੇ ਘਰ ਹੋਇਆ। ਇਹਨਾਂ ਦਾ ਪਹਿਲਾ ਨਾਂ ਸੁੰਦਰ ਦਾਸ ਸੀ ਤੇ ਪਹਿਲਾਂ ਇਹ ਸਹਿਜਧਾਰੀ ਸਨ। ਮਹੰਤ ਕਰਮ ਚੰਦ ਸ਼ਾਹਜੀਵਣੇ ਵਾਲਿਆਂ ਦੇ ਕੋਲ ਇਹਨਾਂ ਦੇ ਪਿਤਾ ਜੀ ਸੁੰਦਰ ਦਾਸ ਨੂੰ ਡੇਰੇ ਤੇ ਲੈ ਆਏ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ। ਉਪਰੰਤ ਦੋ ਹੱਥ ਜੋੜ ਬੇਨਤੀ ਕੀਤੀ ਕਿ ਇਸ ਦੀ ਮਾਤਾ ਸੁਰਗਵਾਸ ਹੋ ਗਈ ਹੈ ਅਤੇ ਕਾਰ-ਵਿਹਾਰ ਵਿੱਚ ਮੇਰੇ ਲਈ ਬੱਚਾ ਸਾਂਭਣਾ ਔਖਾ ਹੈ। ਤੁਸੀਂ ਟਿਕਾਣੇ ਤੇ ਇਸ ਦੀ ਅਰਦਾਸ ਕਰੋ। ਬਚਪਨ ਤੋਂ ਹੀ ਸੁੰਦਰ ਦਾਸ ਡੇਰੇ ਵਿੱਚ ਰਹਿ ਕੇ ਟਹਿਲ ਸੇਵਾ ਕਰਦੇ ਰਹੇ ਤੇ ਕਥਾ-ਕੀਰਤਨ ਸਿੱਖਦੇ ਰਹੇ। ਜਦ ਸ਼੍ਰੀਮਾਨ ਮਹੰਤ ਕਰਮ ਚੰਦ ਜੀ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਲਈ ਗਏ ਤਾਂ ਇਹਨਾਂ (ਸੁੰਦਰ ਦਾਸ) ਨੇ ਉੱਥੇ ਹੀ ਕਲਗ਼ੀਧਰ ਪਾਤਸ਼ਾਹ ਦੀ ਪੇ੍ਰਰਨਾ ਅਨੁਸਾਰ ਅੰਮ੍ਰਿਤ ਛਕ ਲਿਆ। ਉਸ ਸਮੇਂ ਤੋਂ ਹੀ ਸੁੰਦਰ ਸਿੰਘ ਨਾਂ ਰੱਖਿਆ ਗਿਆ। ਆਪ ਸ਼੍ਰੀਮਾਨ ਮਹੰਤ ਕਰਮ ਚੰਦ ਜੀ ਸ਼ਾਹਜੀਵਣੇ ਵਾਲਿਆਂ ਦੇ ਨਾਲ ਸਦਾ ਗੜਵਈ ਦੇ ਰੂਪ ਵਿੱਚ ਰਹੇ। ਫਿਰ ਕੁਝ ਸਮਾਂ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਸੱਤੋਵਾਲੀ ਅੰਮ੍ਰਿਤਸਰ ਵਿਖੇ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਤੇ ਹੋਰ ਇਤਿਹਾਸਕ ਗ੍ਰੰਥ ਪੜ੍ਹਦੇ-ਸੁਣਦੇ ਰਹੇ, ਉਪਰੰਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਕੁਝ ਸਮਾਂ ਧਾਰਮਿਕ ਵਿੱਦਿਆ ਦੇ ਨਾਲ-ਨਾਲ ਕੀਰਤਨ ਵੀ ਸਿੱਖਦੇ ਰਹੇ ਸਨ। ਅੰਮ੍ਰਿਤਸਰ ਤੋਂ ਪੜ੍ਹ ਕੇ ਫਿਰ ਵਾਪਸ ਆ ਕੇ ਰੋਹਤਕ ਡੇਰੇ ਵਿੱਚ ਰਹਿ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਰਹੇ। ਆਪ ਮਹੰਤ ਕਰਮ ਚੰਦ (ਮਹੰਤ ਹਰਿਦਰਸ਼ਨ ਸਿੰਘ) ਜੀ ਦੇ ਚੇਲੇ ਸਨ।
ਜਦ ਰੇਵਾੜੀ ਡੇਰੇ ਦੀ ਸੇਵਾ ਵਾਸਤੇ ਵਿਚਾਰ ਚੱਲੀ ਕਿ ਇਸ ਡੇਰੇ ਦਾ ਮਹੰਤ ਕਿਸ ਨੂੰ ਬਣਾਈਏ? ਸੇਵਾਪੰਥੀ ਭੇਖ ਨੇ ਮੀਟਿੰਗ ਵਿੱਚ ਫ਼ੈਸਲਾ ਲਿਆ ਕਿ ਇੱਥੇ ਉਸ ਮਹਾਂਪੁਰਸ਼ ਨੂੰ ਬਿਠਾਉ ਜੋ ਡੇਰਾ ਵੀ ਬਣਾਏ ਤੇ ਗੁਰੂ ਘਰ ਦਾ ਪ੍ਰਚਾਰ ਵੀ ਕਰੇ। ਸੇਵਾਪੰਥੀ ਭੇਖ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਨੂੰ ਸੇਵਾ ਲਈ ਚੁਣਿਆ ਤੇ ਰੇਵਾੜੀ ਡੇਰੇ ਦਾ ਮਹੰਤ ਥਾਪਿਆ।
 ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਨਵਾਂ ਡੇਰਾ ਬਣਾਇਆ, ਜ਼ਮੀਨਾਂ ਤੇ ਕਬਜੇ ਲਏ, ਉੱਥੇ ਨਾਲ ਹੀ ਨਾਮ-ਬਾਣੀ ਦਾ ਪ੍ਰਵਾਹ ਚਲਾਇਆ, ਗੁਰੂ ਕਾ ਲੰਗਰ ਚਾਲੂ ਕੀਤਾ, ਨਵੀਆਂ ਤੇ ਪੁਰਾਣੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲਾਇਆ ਅਤੇ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਸ਼ੁੱਧ ਕਰਨ ਦੀ ਆਦਤ ਪਾਈ।
ਸੰਤ ਗਿਆਨੀ ਸੁੰਦਰ ਸਿੰਘ ਜੀ ਆਪ ਬੜਾ ਸੁੰਦਰ ਕੀਰਤਨ ਤੇ ਕਥਾ ਕਰਦੇ ਸਨ, ਜੋ ਵੀ ਸੁਣਦਾ ਉਹ ਹੀ ਮੋਹਿਤ ਹੋ ਜਾਂਦਾ ਸੀ ਤੇ ਅੱਗੋਂ ਲਈ ਆਪ ਹੀ ਰੋਜ਼ਾਨਾ ਕਥਾ-ਕੀਰਤਨ ਸੁਣਨ ਦਾ ਨੇਮੀ ਬਣ ਜਾਂਦਾ ਸੀ। ਆਪ ਦਾ ਸੁਭਾਅ ਮਿੱਠਾ, ਨਿਮਰਤਾ ਤੇ ਮਿਲਣਸਾਰ ਸੀ। ਆਪ ਦਾ ਸੇਵਾਪੰਥੀ ਭੇਖ ਦੇ ਸਾਧੂਆਂ ਨਾਲ ਗੂੜ੍ਹਾ ਪਿਆਰ ਸੀ।
ਸੰਤ ਜੀ, ਗੁਰੂ ਸਾਹਿਬਾਨ ਦੇ ਗੁਰਪੁਰਬਾਂ ਤੇ ਬਾਹਰੋਂ ਰਾਗੀ ਜਥਿਆਂ ਨੂੰ ਡੇਰੇ ਵਿੱਚ ਬੁਲਾ ਕੇ ਸਾਰੀ ਰਾਤ ਰੈਣ-ਸਬਾਈ ਕੀਰਤਨ ਦੀ ਵਰਖਾ ਕਰਦੇ ਰਹਿੰਦੇ। ਆਪ ਨੇ ਰੇਵਾੜੀ, ਦਿੱਲੀ, ਫ਼ਰੀਦਾਬਾਦ, ਗੁੜਗਾਉਂ, ਰੋਹਤਕ, ਚੰਡੀਗੜ੍ਹ, ਹਿਸਾਰ, ਡੈਕੋਰ, ਅੰਬਾਲਾ, ਟਾਟਾ ਨਗਰ, ਨਰਾਇਣਗੜ੍ਹ, ਕਾਨਪੁਰ, ਗੁਰੂ ਹਰਸਹਾਏ ਮੰਡੀ ਆਦਿ ਨਗਰਾਂ, ਸ਼ਹਿਰਾਂ ਦੇ ਅਨੇਕਾਂ ਸਦ ਗ੍ਰਹਿਸਤੀਆਂ ਨੂੰ ਦੁੱਧ-ਪੁੱਤ ਦੀਆਂ ਦਾਤਾਂ ਦੇ ਕੇ ਵਾਹਿਗੁਰੂ ਦੇ ਨਾਲ ਜੋੜਿਆ। ਆਪ ਇਸੇ ਤਰ੍ਹਾਂ ਸੇਵਾ, ਸਿਮਰਨ ਤੇ ਪਰ-ਉਪਕਾਰ ਦੇ ਕਾਰਜ ਕਰਦਿਆਂ 2 ਫ਼ਰਵਰੀ 1979 ਈ: ਨੂੰ 50 ਸਾਲ ਦੀ ਉਮਰ ਭੋਗ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਪਰੰਤ ਡੇਰੇ ਦੀ ਸੇਵਾ-ਸੰੰਭਾਲ ਸੇਵਾਪੰਥੀ ਭੇਖ ਨੇ ਮਹੰਤ ਸੁਰਜੀਤ ਸਿੰਘ ਜੀ ‘ਸੇਵਾਪੰਥੀ’ ਨੂੰ ਸੌਂਪੀ। ਮਹੰਤ ਸੁਰਜੀਤ ਸਿੰਘ ਜੀ ਦੇ ਸੱਚ-ਖੰਡ ਪਿਆਨਾ ਕਰ ਜਾਣ ਤੋਂ ਬਾਅਦ ਡੇਰੇ ਦੀ ਸੇਵਾ ਸੇਵਾਪੰਥੀ ਭੇਖ ਵੱਲੋਂ ਮਹੰਤ ਸਲਵਿੰਦਰ ਸਿੰਘ ਜੀ ਨੂੰ ਸੌਂਪੀ ਗਈ।  
ਡੇਰਾ ਸੇਵਾਪੰਥੀ ਆਸ਼ਰਮ, ਆਰ.ਐਲ. 275, ਮਾਡਲ ਟਾਉੂਨ ਰੇਵਾੜੀ ਵਿਖੇ ਮਹੰਤ ਸਲਵਿੰਦਰ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਸੰਤ ਗਿਆਨੀ ਸੁੰਦਰ ਸਿੰਘ ਜੀ ‘ਸੇਵਾਪੰਥੀ’ ਦੀ 44ਵੀਂ ਬਰਸੀ 2 ਫਰਵਰੀ ਦਿਨ ਵੀਰਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਤੇ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਗੁਣੀ-ਗਿਆਨੀ, ਸੇਵਾਪੰਥੀ, ਨਿਰਮਲੇ, ਉਦਾਸੀ ਸੰਤ-ਮਹੰਤ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।