ਮੋਗਾ, ਜੂਨ 2020 -( ਵਰਿੰਦਰ ਸਿੰਘ ਬੰਟੀ/ਸਤਪਾਲ ਸਿੰਘ ਦੇਹਰਕਾ)-
ਅੱਜ ਮਿਤੀ 25/06/2020 ਨੂੰ ਪੰਜਾਬ ਰੋਡਵੇਜ਼ ਪਨਬਸ ਸਟੇਟ ਟਰਾਂਸਪੋਰਟ ਯੂਨੀਅਨ 1/19 ਮੋਗਾ ਡੀਪੂ ਦੀ ਮੀਟਿੰਗ ਹੋਈ ਜਿਸ ਵਿਚ ਹਾਜ਼ਰ ਸਮੂਹ ਵਰਕਰਾਂ ਨੇ ਵਿਚਾਰ ਵਟਾਂਦਰਾ ਕੀਤਾ ੳਪਰੰਤ ਡਿਪੂ ਦੀ ਨਵੀਂ ਕਮੇਟੀ ਦੀ ਚੋਣ ਕੀਤੀ। ਜਿਸ ਵਿਚ ਜਸਵੀਰ ਸਿੰਘ ਲਾਡੀ ਪ੍ਰਧਾਨ, ਕੁਲਵਿੰਦਰ ਸਿੰਘ ਮੱਲ੍ਹੀ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਜਰਨਲ ਸੈਕਟਰੀ, ਰਾਜਪਾਲ ਸਿੰਘ ਰਾਜੂ ਕਾਨੂੰਨੀ ਸਲਾਹਕਾਰ, ਰਵਿੰਦਰ ਸਿੰਘ ਰਾਣਾ ਡਿੰਡਰ ਕੈਸ਼ੀਅਰ, ਬੰਟੀ ਕੜਿਆਲ ਪ੍ਰੈਸ ਸਕੱਤਰ, ਲਵਲੀ ਡਿੰਡਰ ਪ੍ਰਚਾਰ ਸਕੱਤਰ, ਜਸਵੰਤ ਸਿੰਘ ਮੁੱਖ ਸਲਾਹਕਾਰ, ਆਦਿ ਵਰਕਰਾਂ ਦੀ ਚੋਣ ਹੋਈ। ਲਾਡੀ ਪ੍ਰਧਾਨ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੰਗ ਪੱਤਰ ਦੁਆਰਾ ਮੰਗੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਨਾ ਹੀ ਤਾਂ ਸਰਕਾਰ ਸਾਨੂੰ ਸੁਪਰੀਮ ਕੋਰਟ ਦੇ ਫੈਸਲੇ ਤੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਰਹੀ ਹੈ। ਤੇ ਨਾ ਹੀ ਸਾਨੂੰ ਰੈਗੂਲਰ ਕਰਨ ਬਾਰੇ ਕੋਈ ਸਪੱਸ਼ਟੀਕਰਨ ਦੇ ਰਹੀ ਹੈ। ਉਹਨਾਂ ਕਿਹਾ ਕਿ ਇਸ ਕਰੋਨਾ ਮਹਾਂਮਾਰੀ ਵਿਚ ਸਾਡੇ ਵਰਕਰ ਕਰੋਨਾ ਯੋਧੇ ਹਨ । ਯੋਧਿਆਂ ਦੀ ਤਰ੍ਹਾਂ ਆਪਣੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਸਰਕਾਰ ਨੂੰ ਚਾਹੀਦਾ ਕਿ ਉਹ ਵੀ ਸਾਡੀਆਂ ਮੰਗਾਂ ਮੰਨੇ ।