ਮਾਨਚੈਸਟਰ, ਜੂਨ 2020 -( ਗਿਆਨੀ ਅਮਰੀਕ ਸਿੰਘ )-
ਰਾਸ਼ਟਰੀ ਅੰਕੜਾ ਸੰਗ੍ਰਹਿ ਸੰਸਥਾ (ਓ. ਐਨ. ਐਸ.) ਵਲੋਂ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦਾ ਧਰਮ, ਨਸਲੀ ਮੂਲ ਅਤੇ ਅਪੰਗਤਾ ਦੇ ਆਧਾਰਿਤ ਰਿਪੋਰਟ ਜਾਰੀ ਕੀਤੀ ਗਈ ਹੈ । ਇਹ ਪਹਿਲੀ ਵਾਰ ਹੋਇਆ ਜਦੋਂ ਓ. ਐਨ. ਐਸ. ਵਲੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਾਰੇ ਗਏ ਸਿੱਖਾਂ ਅਤੇ ਹੋਰ ਧਰਮਾਂ ਬਾਰੇ ਅੰਕੜੇ ਜਾਰੀ ਕੀਤੇ ਹਨ । ਪਿਛਲੀ ਵਾਰ ਸਿਰਫ ਨਸਲੀ ਪਿਛੋਕੜ ਆਧਾਰਿਤ ਹੀ ਰਿਪੋਰਟ ਜਾਰੀ ਕੀਤੀ ਸੀ। ਜਿਸ ਵਿਚ ਕਿਸੇ ਵੀ ਧਰਮ ਅਨੁਸਾਰ ਵੱਖਰੀ ਗਿਣਤੀ ਨਹੀਂ ਸੀ ਕੀਤੀ ਗਈ । ਹੁਣ ਜਾਰੀ ਰਿਪੋਰਟ ਵਿਚ ਕੋਰੋਨਾ ਵਾਇਰਸ ( ਕੋਵਿਡ-19) ਕਾਰਨ ਮਰਨ ਵਾਲੇ ਲੋਕਾਂ ਦੀ ਦਰ 'ਚ ਸਭ ਤੋਂ ਵੱਧ ਮੁਸਲਿਮ ਭਾਈਚਾਰਾ ਹੈ,
ਜਿਸ ਵਿਚ ਕੁੱਲ ਮੌਤਾਂ 1307, ਪ੍ਰਤੀ 100000 ਮਰਦਾਂ 'ਚੋਂ 198.9 ਮੌਤਾਂ ਅਤੇ ਪ੍ਰਤੀ 100000 ਔਰਤਾਂ 'ਚੋਂ 98.2 ਮੌਤਾਂ ਹੋਈਆਂ ।
ਸਿੱਖਾਂ ਦੀਆਂ ਕੁੱਲ ਮੌਤਾਂ 258, ਜਦ ਕਿ ਮਰਦ ਮੌਤ ਦਰ 128.6 ਅਤੇ ਮਹਿਲਾ ਮੌਤ ਦਰ 69.4 ਪ੍ਰਤੀ ਸਨ ।
ਅੰਕੜਿਆਂ ਅਨੁਸਾਰ ਈਸਾਈਆਂ ਦੀਆਂ ਕੁੱਲ ਮੌਤਾਂ 28888, ਪੁਰਸ਼ਾਂ ਦੀ ਮੌਤ ਦਰ 92.6 ਅਤੇ ਈਸਾਈ ਔਰਤਾਂ ਦੀ ਦਰ 54.6 ਵੇਖੀ ਗਈ, ਜੋ ਹੋਰ ਧਰਮਾਂ ਦੇ ਲੋਕਾਂ ਨਾਲੋਂ ਘੱਟ ਸੀ ।
594 ਹਿੰਦੂਆਂ ਦੀਆਂ ਮੌਤਾਂ ਹੋਈਆਂ, ਜਦ ਕਿ ਕੋਰੋਨਾ ਤੋਂ ਪ੍ਰਭਾਵਿਤ 98 ਬੋਧੀ ਅਤੇ 453 ਯਹੂਦੀ ਵੀ ਮਾਰੇ ਗਏ ।
ਬਰਮਿੰਘਮ ਯੂਨੀਵਰਸਿਟੀ ਤੋਂ ਡਾ. ਜੋਤੀ ਜੌਹਲ, ਜਗਦੇਵ ਸਿੰਘ ਵਿਰਦੀ, ਸੰਪਾਦਕ ਬਿ੍ਟਿਸ਼ ਸਿੱਖ ਰਿਪੋਰਟ, ਸਿੱਖ ਅਸੈਂਬਲੀ ਦੀ ਸੀ.ਈ.ਓ. ਪਰਮਜੀਤ ਕੌਰ ਮਠਾਰੂ ਨੇ ਧਰਮ, ਨਸਲੀ ਮੂਲ ਅਤੇ ਕੋਰੋਨਾ ਵਾਇਰਸ ( ਕੋਵਿਡ -19) ਮੌਤਾਂ ਬਾਰੇ ਓ.ਐਨ.ਐਸ. ਤੋਂ ਮਿਲੇ ਅੰਕੜਿਆਂ ਬਾਰੇ ਕਿਹਾ ਕਿ ਮੁਸਲਮਾਨਾਂ, ਹਿੰਦੂ ਅਤੇ ਸਿੱਖ ਭਾਈਚਾਰਿਆਂ ਵਿਚ ਮੌਤਾਂ ਹੋਰਨਾਂ ਧਾਰਮਿਕ ਸਮੂਹਾਂ ਤੋਂ ਵੱਧ ਹਨ । ਉਨ੍ਹਾਂ ਸਰਕਾਰ ਪਾਸੋਂ ਇਸ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ ।