You are here

ਸਿਕਲੀਗਰ ਭਾਈਚਾਰੇ ਦਾ ਜਥਾ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 27 ਫਰਵਰੀ ਮੱਧ ਪ੍ਰਦੇਸ਼ ਵਿਚ ਵੱਖ ਵੱਖ ਥਾਵਾਂ ’ਤੇ ਵੱਸਦੇ ਸਿਕਲੀਗਰ ਭਾਈਚਾਰੇ ਦੇ ਲਗਭਗ 170 ਮੈਂਬਰੀ ਜਥੇ ਨੇ ਅੱਜ ਇੱਥੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਨ੍ਹਾਂ ਨੂੰ ਸਿੱਖ ਕੌਂਸਲ ਆਫ ਸਕਾਟਲੈਂਡ ਨਾਂ ਦੀ ਜਥੇਬੰਦੀ ਵੱਲੋਂ ਇੱਥੇ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਲਿਆਂਦਾ ਗਿਆ ਹੈ। ਇਹ ਸਿੱਖ ਜਥੇਬੰਦੀ ਸਿਕਲੀਗਰ ਭਾਈਚਾਰੇ ਦੇ ਵਿਕਾਸ ਲਈ ਪਿਛਲੇ 17 ਸਾਲਾਂ ਤੋਂ ਯਤਨਸ਼ੀਲ ਹੈ।
ਸਿਕਲੀਗਰ ਭਾਈਚਾਰੇ ਦੇ ਜਥੇ ਵਿਚ ਸ਼ਾਮਲ ਗਿਆਨੀ ਤਕਦੀਰ ਸਿੰਘ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਉਨ੍ਹਾਂ ਨੂੰ ਬੜਾ ਸਕੂਨ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀ ਵੱਲੋਂ ਹਰ ਵਰ੍ਹੇ ਹੀ ਸਿਕਲੀਗਰ ਸਿੱਖਾਂ ਦੇ ਜਥੇ ਨੂੰ ਗੁਰਧਾਮਾਂ ਦੇ ਦਰਸ਼ਨਾਂ ਲਈ ਪੰਜਾਬ ਦਾ ਦੌਰਾ ਕਰਵਾਇਆ ਜਾਂਦਾ ਹੈ। ਇਸ ਦੌਰਾਨ ਇਹ ਯਤਨ ਕੀਤਾ ਜਾਂਦਾ ਹੈ ਕਿ ਹਰ ਵਰ੍ਹੇ ਉਨ੍ਹਾਂ ਸਿਕਲੀਗਰ ਸਿੱਖਾਂ ਨੂੰ ਮੌਕਾ ਮਿਲੇ, ਜਿਨ੍ਹਾਂ ਨੇ ਕਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਿੱਖ ਜਥੇਬੰਦੀ ਅਤੇ ਸ਼੍ਰੋਮਣੀ ਕਮੇਟੀ ਸਮੇਤ ਹੋਰ ਜਥੇਬੰਦੀਆਂ ਵੱਲੋਂ ਮਿਲ ਰਹੇ ਸਹਿਯੋਗ ਨਾਲ ਸਿਕਲੀਗਰ ਭਾਈਚਾਰਾ ਪਹਿਲਾਂ ਨਾਲੋਂ ਵਧੇਰੇ ਜਾਗਰੂਕ ਹੋਇਆ ਹੈ। ਸਿਕਲੀਗਰਾਂ ਦੇ ਬੱਚੇ ਪੜ੍ਹ-ਲਿਖ ਰਹੇ ਹਨ ਤੇ ਤਰੱਕੀ ਵੀ ਕਰ ਰਹੇ ਹਨ। ਪੜ੍ਹ-ਲਿਖ ਗਏ ਕਈ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਉਨ੍ਹਾਂ ਦੀਆਂ ਔਰਤਾਂ ਨੂੰ ਵੀ ਸਿਲਾਈ-ਕਢਾਈ ਆਦਿ ਦੀ ਸਿਖਲਾਈ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਜ ਇੱਥੇ ਹਰਿਮੰਦਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ, ਗੁਰਦੁਆਰਾ ਰਾਮਸਰ, ਗੁਰਦੁਆਰਾ ਬਾਬਾ ਅਟਲ ਰਾਏ ਆਦਿ ਵਿਖੇ ਵੀ ਮੱਥਾ ਟੇਕਿਆ ਹੈ। ਉਹ ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਵਿਖੇ ਵੀ ਗਏ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਆਦਿ ਵੱਲੋਂ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਨੁਮਾਇੰਦੇ ਸੁਲੱਖਣ ਸਿੰਘ ਸਮਰਾ ਤੇ ਗੁਰਦੀਪ ਸਿੰਘ ਸਮਰਾ ਸਮੇਤ ਸਿਕਲੀਗਰ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਸਿਰੋਪਾਓ ਪਾ ਕੇ ਜੀ ਆਇਆਂ ਆਖਿਆ ਗਿਆ। ਉਨ੍ਹਾਂ ਦੱਸਿਆ ਕਿ ਭਲਕੇ 28 ਫਰਵਰੀ ਨੂੰ ਇਹ ਜਥਾ ਅੰਮ੍ਰਿਤਸਰ ਦੇ ਆਲੇ-ਦੁਆਲੇ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਵੇਗਾ। ਛੇ ਮਾਰਚ ਨੂੰ ਇਹ ਜਥਾ ਦਿੱਲੀ ਪਰਤੇਗਾ। ਸਿੱਖ ਕੌਂਸਲ ਆਫ ਸਕਾਟਲੈਂਡ ਦੇ ਆਗੂ ਗੁਰਦੀਪ ਸਿੰਘ ਸਮਰਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ 2002 ਤੋਂ ਸਿਕਲੀਗਰ ਸਿੱਖ ਭਾਈਚਾਰੇ ਦੀ ਤਰੱਕੀ ਲਈ ਯਤਨ ਕਰ ਰਹੀ ਹੈ।