ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਸਥਾਨਕ ਨਵੀਂ ਸ਼ਿਮਲਾਪੁਰੀ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਸਹਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸੰਭਵ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ 'ਕੈਪਟਨ ਨੂੰ ਸਵਾਲ' ਦੀ ਅਗਲੀ ਲੜੀ ਤਹਿਤ ਫੇਸਬੁੱਕ 'ਤੇ ਲਾਈਵ ਹੁੰਦਿਆਂ ਸਵਾਲਾਂ ਦੇ ਜਵਾਬ ਦੇ ਰਹੇ ਸਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਕੀਤੇ ਗਏ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਬਜ਼ੁਰਗ ਔਰਤ ਨਿਰਮਲ ਕੌਰ (70) ਪਤਨੀ ਦਰਸ਼ਨ ਸਿੰਘ ਦੀ ਵਿਥਿਆ ਮੁੱਖ ਮੰਤਰੀ ਦੇ ਧਿਆਨ ਵਿੱਚ ਆਈ ਸੀ। ਮੁੱਖ ਮੰਤਰੀ ਨੂੰ ਕਿਸੇ ਕੁਲਵੰਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਨਿਰਮਲ ਕੌਰ ਆਪਣੇ ਪੋਤੇ ਸਮੇਤ ਕਿਰਾਏ ਦੇ ਘਰ ਵਿੱਚ ਰਹਿ ਰਹੀ ਹੈ। ਇੱਕ ਛੋਟੇ ਜਿਹੇ ਖੋਖੇ ਨੂੰ ਚਲਾ ਕੇ ਉਹ ਆਪਣਾ ਗੁਜ਼ਾਰਾ ਕਰਦੀ ਹੈ ਪਰ ਪਿਛਲੇ ਸਮੇਂ ਦੌਰਾਨ ਉਹ ਆਰਥਿਕ ਪੱਖੋਂ ਕਾਫੀ ਤੰਗ ਸੀ, ਜਿਸ ਕਾਰਨ ਉਸ ਤੋਂ ਚਾਰ ਮਹੀਨੇ ਦਾ ਕਿਰਾਇਆ ਵੀ ਨਹੀਂ ਦਿੱਤਾ ਜਾ ਸਕਿਆ ਸੀ, ਜਿਸ ਕਾਰਨ ਉਸਦਾ ਮਕਾਨ ਮਾਲਕ ਉਸਨੂੰ ਘਰ ਖਾਲੀ ਕਰਨ ਲਈ ਕਹਿ ਰਿਹਾ ਸੀ। ਲਿਖਤੀ ਬੇਨਤੀ ਪੜਨ ਤੋਂ ਬਾਅਦ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਉਸ ਬਜ਼ੁਰਗ ਔਰਤ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਜੋ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ 11 ਸਾਲਾਂ ਦੇ ਪੋਤੇ ਨਾਲ ਕਿਰਾਏ ਦੀ ਘਰ ਵਿੱਚ ਰਹਿ ਰਹੀ ਹੈ। ਉਨਾਂ ਕਿਹਾ ਕਿ ਉਸ ਔਰਤ ਦਾ ਬਕਾਏ ਸਮੇਤ ਅਗਲੇ ਸਾਲ ਤੱਕ ਸਾਰੇ ਕਿਰਾਏ ਦਾ ਭੁਗਤਾਨ ਕੀਤਾ ਜਾਵੇ ਅਤੇ ਟੀ.ਬੀ. ਦੇ ਇਲਾਜ ਦਾ ਪੂਰਾ ਖਰਚਾ ਉਠਾਇਆ ਜਾਵੇ। ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ 'ਮਿਸ਼ਨ ਫਤਿਹ' ਤਹਿ ਅਤੇ ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਔਰਤ ਦੀ ਮਾਲ ਵਿਭਾਗ ਤੋਂ ਪੜਤਾਲ ਕਰਵਾ ਲਈ ਗਈ ਹੈ ਅਤੇ ਇਸ ਸੰਬੰਧੀ ਕੇਸ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ।