ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ) -ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰਡ 295 ਦੀ ਇੱਕ ਵਿਸ਼ੇਸ਼ ਵੀਡੀਓ ਕਾਨਫ਼ਰੰਸ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਦੀ ਅਗਵਾਈ ਵਿੱਚ ਹੋਈ ,ਜਿਸ ਵਿੱਚ ਬਲਾਕ ਪ੍ਰਧਾਨ ਡਾ ਜਗਜੀਤ ਸਿੰਘ ,ਬਲਾਕ ਸਕੱਤਰ ਡਾਕਟਰ ਸੁਰਜੀਤ ਸਿੰਘ ਛਾਪਾ, ਜ਼ਿਲ੍ਹਾ ਕੋਆਰਡੀਨੇਟਰ ਡਾ ਕੇਸਰ ਖਾਨ ਮਾਂਗੇਵਾਲ ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਮੀਤ ਪ੍ਰਧਾਨ ਡਾਕਟਰ ਨਾਹਰ ਸਿੰਘ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਆਦਿ ਸ਼ਾਮਿਲ ਹੋਏ ਅਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਨੇ ਕਿਹਾ ਕਿ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਇੰਡੀਆ ਵਿੱਚ ਖ਼ਾਸ ਕਰ ਪੰਜਾਬ ਸੂਬੇ ਵਿੱਚ ਵੱਸਦੇ ਲੱਖਾਂ ਆਰ ਐਮ ਪੀ ਡਾਕਟਰ ਜਥੇਬੰਦੀ ਦੇ ਨਾਅਰੇ ''ਮਾਨਵ ਸੇਵਾ ਪਰਮੋ ਧਰਮ'' ਨੂੰ ਮੁੱਖ ਰੱਖਦੇ ਹੋਏ ਆਪਣੇ ਪਿੰਡਾਂ ਵਿੱਚ ਵੱਸਦੇ ਲੋਕਾਂ ਨੂੰ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਦਿਨ ਰਾਤ ਸਿਹਤ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰ ਰਹੇ ਹਨ ।
ਡਾ ਕੇਸਰ ਖਾਨ ਮਾਂਗੇਵਾਲ ਨੇ ਕਿਹਾ ਕਿ ਅੱਜ ਮਈ ਦਿਵਸ ਤੇ ਜਿੱਥੇ ਅਸੀਂ ਆਪਣੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੇ ਸਾਡੇ ਡਾਕਟਰਾਂ ਦਾ ਨਰਸਾਂ ਦਾ ਪੈਰਾ ਮੈਡੀਕਲ ਸਟਾਫ ਦਾ ਪੁਲਸ ਪ੍ਰਸ਼ਾਸਨ ਦਾ ਅਤੇ ਸਫ਼ਾਈ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉੱਥੇ ਸਾਡੇ ਇਸ ਸੰਯੁਕਤ ਭਾਈਚਾਰੇ ਨੇ ਅਮਰੀਕਾ ਇਟਲੀ ਸਪੇਨ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਸਾਡੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਹਨ ,ਅਸੀਂ ਉਨ੍ਹਾਂ ਨੂੰ ਇਸ ਮਈ ਦਿਵਸ ਦੇ ਸ਼ਹੀਦਾਂ ਦੇ ਨਾਲ ਸ਼ਰਧਾਂਜਲੀ ਭੇਂਟ ਕਰਦੇ ਹਾਂ।
ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਸੂਬੇ ਭਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਕੇ ਜ਼ਿਲ੍ਹਿਆਂ ਵਿੱਚ ਪੇਂਡੂ ਅਤੇ ਸਲਮ ਬਸਤੀਆਂ ਵਿੱਚ ਮਰੀਜ਼ਾਂ ਨੂੰ ਮਾਮੂਲੀ ਦਰਾਂ ਤੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਆਰਐਮਪੀ ਦੇ ਡਾਕਟਰਾਂ ਦੀਆਂ ਲੋਕਾਂ ਨੂੰ ਕਰਫਿਊ ਲਾਕਡਾਊਨ ਮਾਸਕ ਵੰਡਣ ਤੇ ਕਰੋਨਾ ਤੋਂ ਜਾਗਰੂਕ ਕਰਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣ।ਆਰ ਐਮ ਪੀ ਡਾਕਟਰ ਕਰੋਨਾ ਖਿਲਾਫ ਮੈਡੀਕਲ ਸਟਾਫ ਵਾਂਗ ਹੀ ਫਰੰਟ ਲਾਈਨ ਤੇ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ।
ਅਖੀਰ ਵਿੱਚ ਡਾ ਜਗਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ।ਸਾਨੂੰ ਸੋਸ਼ਲ ਡਿਸਟੈਂਸ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।