ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-
ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ 'ਚ ਜਾਰੀ ਅਤੇ ਯੂ. ਕੇ. ਵਿਚ ਇਸ ਦਾ ਪ੍ਰਭਾਵ ਬਹੁਤ ਹੀ ਭਿਆਨਕ ਹੈ। ਅੱਜ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 1,78,685 ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਨਵੇਂ ਅੰਕੜਿਆਂ ਅਨੁਸਾਰ ਦੇਸ਼ ਵਿਚ ਮਰਨ ਵਾਲਿਆਂ ਦਾ ਅੰਕੜਾ 27,583 ਦੇ ਪਾਰ ਹੋ ਗਿਆ ਹੈ।
ਬਰਤਾਨੀਆ 'ਚ ਮਰਨ ਵਾਲਿਆਂ 'ਚ ਸਭ ਤੋਂ ਛੋਟੀ ਉਮਰ ਦਾ ਪੀੜਤ 15 ਸਾਲ ਦਾ ਲੜਕਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 27000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ ਕੁਝ ਗ਼ੈਰ-ਸਰਕਾਰੀ ਅੰਕੜੇ 41000 ਤੋਂ ਵੱਧ ਮੌਤਾਂ ਹੋਣ ਦੀ ਗੱਲ ਕਰ ਰਹੇ ਹਨ । ਤਾਜ਼ਾ ਸਰਵੇਖਣਾਂ ਅਨੁਸਾਰ ਯੂ. ਕੇ. ਦੇ ਹਸਪਤਾਲਾਂ 'ਚ ਜਾਣ ਵਾਲਾ ਹਰ ਤੀਜਾ ਮਰੀਜ਼ ਮਰ ਰਿਹਾ ਹੈ । ਇਟਲੀ ਅਤੇ ਅਮਰੀਕਾ ਤੋਂ ਬਾਅਦ ਕੋਵਿਡ-19 ਕਾਰਨ ਸਭ ਤੋਂ ਵੱਧ ਮੌਤਾਂ ਯੂ. ਕੇ. ਵਿਚ ਹੋਈਆਂ ਹਨ । ਦੇਸ਼ ਭਰ ਦੇ 166 ਹਸਪਤਾਲਾਂ 'ਚ 16749 ਮਰੀਜ਼ਾਂ ਤੇ ਫਰਵਰੀ ਤੋਂ ਲੈ ਕੇ ਅੱਧ ਅਪ੍ਰੈਲ ਤੱਕ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 'ਚੋਂ ਅੱਧੇ ਮਰੀਜ਼ਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ । ਪਰ ਵਾਇਰਸ ਕਾਰਨ ਮਰਨ ਵਾਲਿਆਂ 'ਚ 40 ਫ਼ੀਸਦੀ ਲੋਕ ਮੋਟਾਪੇ ਦਾ ਸ਼ਿਕਾਰ ਸਨ । ਅਧਿਐਨ 'ਚ ਇਹ ਵੀ ਸਾਹਮਣੇ ਆਇਆ ਹੈ ਕਿ 47 ਫ਼ੀਸਦੀ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ, ਜਦਕਿ 29 ਫ਼ੀਸਦੀ ਦਿਲ ਦੀਆਂ ਬਿਮਾਰੀਆਂ, 19 ਫ਼ੀਸਦੀ ਸ਼ੱਕਰ ਰੋਗ, 19 ਫ਼ੀਸਦੀ ਨੂੰ ਗੈਰ ਦਮੇ ਵਾਲੀਆ ਫੇਫੜਿਆਂ ਦੀ ਬਿਮਾਰੀਆਂ ਅਤੇ 14 ਫ਼ੀਸਦੀ ਦਮੇ ਤੋਂ ਪੀੜਤ ਸਨ । ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ ਮਰਨ ਵਾਲਿਆਂ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਸੀ । ਹਸਪਤਾਲਾਂ 'ਚੋਂ ਜਿਹੜੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਅਧਿਐਨ ਮੌਕੇ ਉਨ੍ਹਾਂ 'ਚੋਂ 49 ਫ਼ੀਸਦੀ ਜ਼ਿੰਦਾ ਸਨ, ਜਦਕਿ 33 ਫ਼ੀਸਦੀ ਦੀ ਮੌਤ ਹੋਈ ਹੈ ਅਤੇ 17 ਫ਼ੀਸਦੀ ਅਜੇ ਵੀ ਜੇਰੇ ਇਲਾਜ ਹਨ ।
ਇਕ ਸਰਕਾਰੀ ਸੂਤਰ ਨੇ ਬੀਬੀਸੀ ਨੂੰ ਦੱਸਿਆ- 'ਇਸ ਜਾਂਚ ਨਾਲ ਅਸੀਂ ਕੋਰੋਨਾ ਮਰੀਜ਼ਾਂ ਦੀ ਸਹੀ ਗਿਣਤੀ ਦਾ ਅਨੁਮਾਨ ਲਗਾ ਸਕਣ ਦੀ ਹਾਲਤ 'ਚ ਹੋਵਾਂਗੇ।' ਕਾਮਨਜ਼ ਸਿਹਤ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਿਹਤ ਸਕੱਤਰ ਨੇ ਕਿਹਾ ਕਿ ਦੇਸ਼ ਵਿਚ ਇਕ ਲੱਖ ਕੋਰੋਨਾ ਟੈਸਟ ਇਕ ਵੱਡੀ ਉਪਲਬਧੀ ਹੋਵੇਗੀ। ਇਹ ਜਾਂਚ ਇਸ ਲਈ ਫਾਇਦੇਮੰਦ ਹੈ ਕਿਉਂਕਿ ਹੁਣ ਤਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ਦੀ ਖੋਜ ਨਹੀਂ ਹੋ ਸਕੀ ਹੈ। ਅਜਿਹੇ ਵਿਚ ਕੋਰੋਨਾ ਤੋਂ ਬਚਣ ਲਈ ਜਾਂਚ ਬੇਹੱਦ ਜ਼ਰੂਰੀ ਹੋ ਜਾਂਦੀ ਹੈ। ਇਕ ਸਰਕਾਰੀ ਸੂਤਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਜਾਂਚ ਵਿਚ ਉਹ ਕੋਰੋਨਾ ਮਰੀਜ਼ਾਂ ਦੀ ਸਹੀ ਗਿਣਤੀ ਦਾ ਅਨੁਮਾਨ ਲਾਉਣ ਦੀ ਸਥਿਤੀ 'ਚ ਹੋਣਗੇ।