ਜਗਰਾਓਂ, ਫਰਵਰੀ 2021, (ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ) ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚਲ ਰਹੇ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈ 11 ਫਰਵਰੀ ਨੂੰ ਅਨਾਜ ਮੰਡੀ ਜਗਰਾਓਂ 'ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਮਹਾਪੰਚਾਇਤ ਰੱਖੀ ਗਈ ਹੈ। ਜਿਸ ਦਾ ਮਕਸਦ ਲੋਕਾਂ ਵਿੱਚ ਕਿਸਾਨ ਮਾਰੂ ਬਿੱਲਾਂ ਨੂੰ ਲੈ ਕੇ ਆਪਸੀ ਤਾਲਮੇਲ ਏਕਤਾ ਅਤੇ ਇਕੱਠੇ ਹੋ ਕੇ ਲੜਾਈ ਲੜਨ ਨੂੰ ਤਿਆਰ ਹੋਣਾ ਹੈ । ਇਸ ਸਬੰਧੀ ਹੋਈ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ 'ਚ ਸਮਾਗਮ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਮਹਾਪੰਚਾਇਤ ਦੀ ਸਫਲਤਾ ਲਈ ਪ੍ਰਚਾਰ ਜਾਰੀ ਹੈ। ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਜਿਸ ਲਈ ਤਕਰੀਬਨ ਇਲਾਕੇ ਭਰਦੇ ਪਿੰਡਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਲੋਕਾਂ ਵਿਚ ਇਸ ਮਹਾਂਪੰਚਾਇਤ ਨੂੰ ਲੈ ਕੇ ਬਹੁਤ ਵੱਡੀ ਜਾਗ੍ਰਿਤੀ ਹੈ 11 ਤਰੀਕ ਨੂੰ ਬਹੁਤ ਵੱਡਾ ਕੱਠ ਜਗਰਾਉਂ ਦੀ ਧਰਤੀ ਤੇ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਮੌਕੇ ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ, ਨਿਰਭੈ ਸਿੰਘ ਢੁੱਡੀਕੇ, ਡੱਲੇਵਾਲ, ਡਾ. ਦਰਸ਼ਨ ਪਾਲ, ਬੂਟਾ ਸਿੰਘ ਬੂਰਜਗਿੱਲ, ਮਨਜੀਤ ਸਿੰਘ ਧਨੇਰ ਆਦਿ ਆਗੂ ਪੁੱਜ ਰਹੇ ਹਨ। ਉਨ੍ਹਾਂ ਸਮੂਹ ਕਿਸਾਨ ਮਜ਼ਦੂਰ ਸੰਘਰਸ਼ ਦੇ ਹਿਤੈਸ਼ੀਆਂ ਨੂੰ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ’ਚ ਪਹਿਲਾਂ ਹੀ ਵੱਡੇ ਪੱਧਰ ’ਤੇ ਮਹਾ ਪੰਚਾਇਤਾਂ ਦਾ ਦੌਰ ਚੱਲ ਰਿਹਾ ਹੈ ਪਰ ਪੰਜਾਬ ਦੇ ਵਿਚ ਇਹ ਪਹਿਲੀ ਮਹਾਪੰਚਾਇਤ ਹੈ। ਜਿਸ ’ਚ ਵੱਡੀ ਗਿਣਤੀ ’ਚ ਕਿਸਾਨ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ।