ਲੁਧਿਆਣਾ, ਅਪ੍ਰੈਲ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਦੇ ਆਦੇਸ਼ 'ਤੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਅਨੁਸਾਰ ਆਮ ਲੋਕਾਂ ਨੂੰ ਕਰਫਿਊ/ਲੌਕਡਾਊਨ ਵਿੱਚ ਕਿਸੇ ਵੀ ਤਰਾਂ ਦੀ ਖੁੱਲ ਨਹੀਂ ਮਿਲੇਗੀ। ਇਸ ਸੰਬੰਧੀ ਲੱਗੀ ਧਾਰਾ 144 ਮਈ 3 ਤੱਕ ਲਗਾਤਾਰ ਜਾਰੀ ਰਹੇਗੀ। ਬਿਨਾ ਪਾਸ ਕਿਸੇ ਵੀ ਵਿਅਕਤੀ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਮਿਲੇਗੀ। ਘਰੇਲੂ ਲੋੜਾਂ ਵਾਲੀਆਂ ਵਸਤਾਂ ਦੀ ਘਰ-ਘਰ ਸਪਲਾਈ ਦਾ ਕੰਮ ਬਾਦਸਤੂਰ ਜਾਰੀ ਰਹੇਗਾ। ਵੱਖ-ਵੱਖ ਗਤੀਵਿਧੀਆਂ ਲਈ ਪਾਸ ਜਾਰੀ ਕਰਨ ਅਧਿਕਾਰੀ ਪਹਿਲਾਂ ਹੀ ਲਗਾਏ ਹੋਏ ਹਨ। ਉਨਾਂ ਕਿਹਾ ਕਿ ਸਨਅਤਾਂ ਨੂੰ ਸ਼ਰਤਾਂ ਤਹਿਤ ਖੋਲਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਪੇਂਡੂ ਖੇਤਰਾਂ ਅਤੇ ਫੋਕਲ ਪੁਆਇੰਟਾਂ ਵਿੱਚ ਚੱਲਦੀਆਂ ਸਨਅਤਾਂ ਨੂੰ ਹੀ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਆਗਿਆ ਲੈਣ ਲਈ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਕੋਲ ਅਪਲਾਈ ਕਰਨਾ ਪਵੇਗਾ। ਸਨਅਤਕਾਰਾਂ ਨੂੰ ਆਪਣੀ ਲੇਬਰ ਨੂੰ ਆਪਣੀਆਂ ਸਨਅਤਾਂ ਦੇ ਅੰਦਰ ਹੀ ਇਕਾਂਤਵਾਸ ਕਰਨਾ ਪਵੇਗਾ, ਜੇਕਰ ਉਹ ਇਕਾਂਤਵਾਸ ਕਰਨ ਤੋਂ ਅਸਮਰੱਥ ਹਨ ਤਾਂ ਲੇਬਰ ਨੂੰ ਟਰਾਂਸਪੋਰਟੇਸ਼ਨ (ਸਿਰਫ਼ 50 ਫੀਸਦੀ ਹੀ ਸਵਾਰੀਆਂ) ਦੀ ਸਹੂਲਤ ਮੁਹੱਈਆ ਕਰਵਾਉਣੀ ਪਵੇਗੀ। ਵੱਖ-ਵੱਖ ਪ੍ਰੋਜੈਕਟ ਜਿਨਾਂ ਦਾ ਉਸਾਰੀ ਕਾਰਜ ਜਾਰੀ ਹੈ ਅਤੇ ਉਹ ਲੋਕ ਹਿੱਤ ਵਿੱਚ ਪੂਰੇ ਕੀਤੇ ਜਾਣਾ ਜ਼ਰੂਰੀ ਹੈ, ਅਜਿਹੇ ਕੰਮਾਂ ਨੂੰ ਵੀ ਪੂਰਾ ਕਰਨ ਲਈ ਆਗਿਆ ਦਿੱਤੀ ਜਾਵੇਗੀ। ਉਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਢੁੱਕਵੀਂ ਆਗਿਆ ਲੈਣੀ ਬਹੁਤ ਜ਼ਰੂਰੀ ਹੈ। ਇਹ ਆਗਿਆ ਵੀ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੀਆਂ ਨਵੀਂਆਂ ਹਦਾਇਤਾਂ ਦੇ ਅਨੁਸਾਰ ਹੀ ਮਿਲੇਗੀ।ਇਨਾਂ ਸਾਰੇ ਕੰਮਾਂ ਲਈ ਕੋਈ ਵੀ ਲੇਬਰ ਆਪਣੇ ਪੱਧਰ 'ਤੇ ਆਵਾਜਾਈ ਨਹੀਂ ਕਰ ਸਕੇਗੀ। ਇਸ ਦੇ ਨਾਲ ਹੀ ਲੇਬਰ ਦੀ ਸਮੇਂ-ਸਮੇਂ 'ਤੇ ਸਿਹਤ ਜਾਂਚ ਦਾ ਰਿਕਾਰਡ ਰੱਖਣਾ ਪਵੇਗਾ, ਇਸ ਤੋਂ ਇਲਾਵਾ ਲੇਬਰ ਨੂੰ ਮਾਸਕ, ਸੈਨੀਟਾਈਜ਼ਰ ਅਤੇ ਸਾਬਣ ਆਦਿ ਮੁਹੱਈਆ ਕਰਵਾਉਣਾ ਪਵੇਗਾ। ਇਸ ਦੌਰਾਨ ਸਮਾਜਿਕ ਦੂਰੀ ਵੀ ਸਖ਼ਤੀ ਨਾਲ ਲਾਗੂ ਕਰਵਾਉਣੀ ਪਵੇਗੀ। ਇਨਾਂ ਸਾਰੀਆਂ ਹਦਾਇਤਾਂ ਦੀ ਪਾਲਣਾ ਨੂੰ ਚੈੱਕ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸਨਅਤਾਂ ਦੀ ਚੈਕਿੰਗ ਵੀ ਕਰਵਾਈ ਜਾਵੇਗੀ, ਜੇਕਰ ਕੋਈ ਸਨਅਤ ਇਹ ਹਦਾਇਤਾਂ ਦੀ ਉਲੰਘਣਾ ਕਰੇਗੀ ਤਾਂ ਉਸ ਖ਼ਿਲਾਫ਼ ਕਾਰਵਾਈ ਆਰੰਭੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਆਮ ਲੋਕਾਂ ਨੇ ਜੇਕਰ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਉਨਾਂ ਨੂੰ ਈ-ਪਾਸ ਲੈਣਾ ਲਾਜ਼ਮੀ ਹੋਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਸਰਕਾਰੀ ਦਫ਼ਤਰਾਂ ਨੂੰ ਵੀ ਬਕਾਇਦਾ ਆਗਿਆ ਲੈ ਕੇ ਹੀ ਖੋਲ•ਣ ਦੀ ਹਦਾਇਤ ਹੈ। ਪੁਰਾਣੀ ਸੇਵਾਵਾਂ ਜੋ ਜਾਰੀ ਸਨ, ਉਹ ਉਵੇਂ ਹੀ ਜਾਰੀ ਰਹਿਣਗੀਆਂ ਅਤੇ ਪਾਸ 3 ਮਈ ਤੱਕ ਵੈਲਿਡ ਰਹਿਣਗੇ।
ਉਨਾਂ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਕਿਸੇ ਵੀ ਕੰਮ ਲਈ ਦਫ਼ਤਰਾਂ ਵਿੱਚ ਆਉਣ ਦੀ ਲੋੜ ਨਹੀਂ ਹੈ, ਸਿਰਫ਼ ਤੇ ਸਿਰਫ਼ ਆਨਲਾਈਨ ਹੀ ਅਪਲਾਈ ਕੀਤਾ ਜਾਵੇਗਾ। ਨਿੱਜੀ ਤੌਰ 'ਤੇ ਕਿਸੇ ਨੂੰ ਵੀ ਸੁਣਿਆ ਨਹੀਂ ਜਾਵੇਗਾ। ਕਿਉਂਕਿ ਇਸ ਕਰਫਿਊ ਦਾ ਮਕਸਦ ਹੀ ਹੈ ਕਿ ਜਨਤਕ ਤੌਰ 'ਤੇ ਮੇਲ-ਜੋਲ ਨੂੰ ਘਟਾਇਆ ਜਾ ਸਕੇ।ਉਨਾਂ ਲੋਕਾਂ ਨੂੰ ਫਿਰ ਅਪੀਲ ਕੀਤੀ ਕਿ ਜਿਵੇਂ ਉਨਾਂ (ਡਿਪਟੀ ਕਮਿਸ਼ਨਰ ਖੁਦ) ਨੇ ਲੋਕ ਹਿੱਤ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਿਆ ਹੈ, ਉਵੇਂ ਹੀ ਲੋਕ ਵੀ ਆਪਣੇ ਆਪ ਨੂੰ ਘਰਾਂ ਦੇ ਅੰਦਰ ਹੀ ਬੰਦ ਕਰਕੇ ਰੱਖਣ। ਜਿਨਾਂ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਣਗੇ, ਉਸ ਨਾਲ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਵਧੇਗਾ। ਉਹ ਖੁਦ ਵੀ ਵੀਡੀਓਕਾਨਫਰੰਸਿਗ ਅਤੇ ਆਨਲਾਈਨ ਤਰੀਕਿਆਂ ਨਾਲ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਜ਼ਿਲਾ ਲੁਧਿਆਣਾ ਦੇ 1072 ਨਮੂਨਿਆਂ ਵਿੱਚੋਂ 943 ਨੈਗੇਟਿਵ ਆਏ ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 1072 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 962 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 110 ਨਮੂਨਿਆਂ ਦੀ ਰਿਪੋਰਟ ਆਉਣ ਵਾਲੀ ਬਾਕੀ ਹੈ। ਇਨਾਂ ਵਿੱਚੋਂ 19 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਨਾਂ ਵਿੱਚੋਂ 15 ਜ਼ਿਲਾ ਲੁਧਿਆਣਾ ਨਾਲ ਅਤੇ 4 ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ। ਜਦਕਿ 943 ਮਾਮਲੇ ਨੈਗੇਟਿਵ ਪਾਏ ਗਏ ਹਨ। ਇੱਕ ਮਰੀਜ਼ ਇਲਾਜ਼ ਕਰਵਾ ਕੇ ਆਪਣੇ ਘਰ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੌਟਸਪਾਟ ਐਲਾਨੇ ਗਏ ਦੋ ਪੁਆਇੰਟਾਂ ਅਮਰਪੁਰਾ ਅਤੇ ਚੌਕੀਮਾਨ ਗੁੜੇ ਵਿੱਚ ਲੋਕਾਂ ਦੀ ਵੱਡੀ ਪੱਧਰ 'ਤੇ ਸਕਰੀਨਿੰਗ ਦਾ ਕੰਮ ਜਾਰੀ ਹੈ। ਅਮਰਪੁਰਾ ਵਿੱਚ 1668 ਘਰਾਂ ਵਿੱਚ 6574 ਲੋਕਾਂ ਦੀ ਸਕਰੀਨਿੰਗ ਕੀਤੀ ਗਈ ਹੈ। ਇਨਾਂ ਵਿੱਚੋਂ 4 ਵਿਅਕਤੀਆਂ ਵਿੱਚ ਲੱਛਣ ਪਾਏ ਗਏ ਹਨ, ਜਿਨਾਂ ਦੇ ਨਮੂਨੇ ਲਏ ਗਏ ਹਨ। ਚੌਕੀਮਾਨ ਗੁੜੇ ਪਿੰਡਾਂ ਵਿੱਚ 1506 ਘਰਾਂ ਦੇ 7700 ਲੋਕਾਂ ਦੀ ਸਕਰੀਨਿੰਗ ਕੀਤੀ ਗਈ ਹੈ, ਜਿਨਾਂ ਵਿੱਚੋਂ ਕੋਈ ਵੀ ਵਿਅਕਤੀ ਸ਼ੱਕੀ ਨਹੀਂ ਪਾਇਆ ਗਿਆ ਹੈ।