You are here

ਸ਼ਹਿਰੀ ਹਵਾਬਾਜ਼ੀ ਮੰਤਰੀ ਪੁਰੀ ਦੇ ਟਵੀਟ ਦੀ ਅਣਦੇਖੀ, ਏਅਰਲਾਈਨਾਂ ਕਰ ਰਹੀਆਂ ਬੁਕਿੰਗ

ਨਵੀਂ ਦਿੱਲੀ ,ਅਪ੍ਰੈਲ 2020 -(ਏਜੰਸੀ)- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਟਵੀਟ 'ਤੇ ਧਿਆਨ ਨਾ ਦਿੰਦੇ ਹੋਏ ਏਅਰਲਾਈਨਾਂ ਚਾਰ ਮਈ ਤੋਂ ਚੋਣਵੀਆਂ ਉਡਾਣਾਂ ਦੀ ਬੁਕਿੰਗ ਕਰਨ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਲਿਖਤੀ ਆਦੇਸ਼ ਨਹੀਂ ਮਿਲਦਾ ਉਹ ਬੁਕਿੰਗ ਬੰਦ ਨਹੀਂ ਕਰਨਗੀਆਂ। ਹਾਲਾਂਕਿ, ਪੁਰੀ ਦੀ ਸਲਾਹ ਦੇ ਇਕ ਦਿਨ ਪਿੱਛੋਂ ਏਅਰ ਇੰਡੀਆ ਨੇ ਸਾਰੀਆਂ ਉਡਾਣਾਂ ਲਈ ਆਪਣੀ ਬੁਕਿੰਗ ਰੋਕ ਦਿੱਤੀ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਐੇਤਵਾਰ ਨੂੰ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਟਿਕਟ ਕਟਵਾ ਰੱਖਿਆ ਹੈ ਉਨ੍ਹਾਂ ਨੂੰ ਭਵਿੱਖ ਦੀ ਯਾਤਰਾ ਲਈ ਕ੍ਰੈਡਿਟ ਵਾਊਚਰ ਮਿਲੇਗਾ।

ਐਤਵਾਰ ਨੂੰ ਏਅਰ ਇੰਡੀਆ ਵੱਲੋਂ ਚਾਰ ਮਈ ਤੋਂ ਘਰੇਲੂ ਉਡਾਣਾਂ ਅਤੇ ਇਕ ਜੂਨ ਤੋਂ ਕੌਮਾਂਤਰੀ ਉਡਾਣਾਂ ਦੀ ਬੁਕਿੰਗ ਦੇ ਐਲਾਨ ਪਿੱਛੋਂ ਨਿੱਜੀ ਏਅਰਲਾਈਨਾਂ ਨੇ ਵੀ ਘਰੇਲੂ ਉਡਾਣਾਂ ਦੀ ਬੁਕਿੰਗ ਆਰੰਭ ਕਰ ਦਿੱਤੀ ਹੈ। ਪੁਰੀ ਨੇ ਸ਼ਨਿਚਰਵਾਰ ਦੇਰ ਸ਼ਾਮ ਹੀ ਟਵੀਟ ਕਰ ਕੇ ਏਅਰਲਾਈਨਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤਕ ਸਰਕਾਰ ਉਡਾਣਾਂ ਸ਼ੁਰੂ ਕਰਨ ਦੇ ਬਾਰੇ ਵਿਚ ਕੋਈ ਫ਼ੈਸਲਾ ਨਹੀਂ ਲੈ ਲੈਂਦੀ ਤਦ ਤਕ ਏਅਰਲਾਈਨਾਂ ਨੂੰ ਕਿਸੇ ਤਰ੍ਹਾਂ ਦੀ ਬੁਕਿੰਗ ਸ਼ੁਰੂ ਨਹੀਂ ਕਰਨੀ ਚਾਹੀਦੀ।

ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਟਵੀਟ ਦੇ ਬਾਵਜੂਦ ਚਾਰ ਮਈ ਤੋਂ ਬੁਕਿੰਗ ਸ਼ੁਰੂ ਕਰਨ ਬਾਰੇ ਪੁੱਛੇ ਜਾਣ 'ਤੇ ਐਤਵਾਰ ਨੂੰ ਵਿਸਤਾਰਾ ਅਤੇ ਏਅਰ ਏਸ਼ੀਆ ਇੰਡੀਆ ਨੇ ਕਿਹਾ ਕਿ ਹੁਣ ਤਕ ਉਨ੍ਹਾਂ ਨੂੰ ਸਰਕਾਰ ਵੱਲੋਂ ਬੁਕਿੰਗ ਨਾ ਕਰਨ ਬਾਰੇ ਕੋਈ ਲਿਖਤੀ ਆਦੇਸ਼ ਪ੍ਰਰਾਪਤ ਨਹੀਂ ਹੋਇਆ ਹੈ। ਵਿਸਤਾਰਾ ਦੇ ਬੁਲਾਰੇ ਨੇ ਕਿਹਾ ਕਿ ਇਸ ਸਬੰਧ ਵਿਚ ਅਸੀਂ ਮੰਤਰਾਲੇ ਦੇ ਨੋਟਿਸ ਦਾ ਇੰਤਜ਼ਾਰ ਕਰਾਂਗੇ। ਅਸੀਂ ਤਿੰਨ ਮਈ ਤਕ ਉਡਾਣਾਂ ਅਤੇ ਬੁਕਿੰਗ ਬੰਦ ਕਰ ਰੱਖੀ ਹੈ ਪ੍ਰੰਤੂ ਚਾਰ ਮਈ ਅਤੇ ਉਸ ਪਿੱਛੋਂ ਦੀਆਂ ਤਰੀਕਾਂ ਲਈ ਬੁਕਿੰਗ ਸਵੀਕਾਰ ਕਰ ਰਹੇ ਹਾਂ। ਜਿਵੇਂ ਹੀ ਮੰਤਰਾਲੇ ਵੱਲੋਂ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ ਅਸੀਂ ਬੁਕਿੰਗ ਬੰਦ ਕਰ ਦਿਆਂਗੇ।

ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਨੇ ਵੀ ਕੁਝ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿੰਨ ਮਈ ਤਕ ਲਾਕਡਾਊਨ ਐਲਾਨਿਆ ਗਿਆ ਹੈ। ਲਿਹਾਜ਼ਾ ਅਸੀਂ ਚਾਰ ਮਈ ਤੋਂ ਬੁਕਿੰਗ ਖੋਲ੍ਹ ਦਿੱਤੀ ਹੈ। ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਦਾ ਕਹਿਣਾ ਸੀ ਕਿ ਉਡਾਣਾਂ ਦੀ ਬੁਕਿੰਗ ਇਸ ਲਈ ਸ਼ੁਰੂ ਕੀਤੀ ਗਈ ਹੈ ਕਿਉਂਕਿ ਹਜ਼ਾਰਾਂ ਯਾਤਰੀਆਂ ਨੂੰ ਪਹਿਲੇ ਤੋਂ ਯਾਤਰਾ ਦੀ ਤਿਆਰੀ ਕਰਨੀ ਪੈਂਦੀ ਹੈ। ਇਸ ਨਾਲ ਉਨ੍ਹਾਂ ਨੂੰ ਸਸਤੇ ਕਿਰਾਇਆਂ ਦਾ ਫ਼ਾਇਦਾ ਉਠਾਉਣ ਵਿਚ ਸਹੂਲਤ ਹੁੰਦੀ ਹੈ। ਸਾਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਜਾਂ ਡੀਜੀਸੀਏ ਵੱਲੋਂ ਬੁਕਿੰਗ ਨਾ ਕਰਨ ਦੇ ਬਾਰੇ ਵਿਚ ਕੋਈ ਰਸਮੀ ਨਿਰਦੇਸ਼ ਪ੍ਰਰਾਪਤ ਨਹੀਂ ਹੋਇਆ ਹੈ। ਵੈਸੇ ਵੀ ਜੇ ਲਾਕਡਾਊਨ ਦੀ ਮਿਆਦ ਵਧਾਈ ਜਾਂਦੀ ਹੈ ਤਾਂ ਉਸ ਦਿਸ਼ਾ ਵਿਚ ਲੋਕਾਂ ਕੋਲ ਆਪਣੀ ਯਾਤਰਾ ਦੀ ਨਵੀਂ ਤਰੀਕ ਤੈਅ ਕਰਨ ਦਾ ਬਦਲ ਹਮੇਸ਼ਾ ਮੌਜੂਦ ਰਹੇਗਾ।

ਇਸ ਤੋਂ ਪਹਿਲੇ ਅਨੇਕਾਂ ਯਾਤਰੀਆਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਭਾਰਤੀ ਏਅਰਲਾਈਨਾਂ ਲਾਕਡਾਊਨ ਕਾਰਨ ਰੱਦ ਹੋਈਆਂ ਉਡਾਣਾਂ ਦਾ ਰਿਫੰਡ ਦੇਣ ਦੀ ਥਾਂ ਉਨ੍ਹਾਂ ਨੂੰ ਅੱਗੇ ਦੀ ਤਰੀਕ ਵਿਚ ਯਾਤਰਾ ਕਰਨ ਲਈ ਮਜਬੂਰ ਕਰ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 16 ਅਪ੍ਰੈਲ ਨੂੰ ਏਅਰਲਾਈਨਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰਿਫੰਡ ਦੇ ਇੱਛੁਕ ਯਾਤਰੀਆਂ ਨੂੰ 25 ਅਪ੍ਰੈਲ ਤੋਂ ਤਿੰਨ ਮਈ ਤਕ ਦੋ ਪੜਾਵਾਂ ਵਿਚ ਹੋਏ ਲਾਕਡਾਊਨ ਦੌਰਾਨ ਕੀਤੀ ਗਈ ਸਾਰੀ ਬੁਕਿੰਗ ਦਾ ਪੂਰਾ ਪੈਸਾ ਕੈਂਸਲੇਸ਼ਨ ਚਾਰਜ ਕੱਟੇ ਬਿਨਾਂ ਵਾਪਸ ਕਰਨ।