ਚੀਕੂ ਨੇ ਦਸਵੀਂ ਵਿਚ ਪੜ੍ਹਦਿਆਂ ਹੀ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕਰ ਲਿਆ ਸੀ। ਮੰਮੀ ਡੈਡੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹ ਤਾਂ ਬਸ ਚੀਕੂ ਨੂੰ ਖੁਸ਼ ਦੇਖਣਾ ਚਾਹੁੰਦੇ ਸੀ। ਬਾਰ੍ਹਵੀਂ ਦਾ ਨਤੀਜਾ ਆਉਂਦੇ ਹੀ ਚੀਕੂ ਦੀ ਟੋਰੰਟੋ ਦੀ ਯੂਨੀਵਰਸਿਟੀ ਵਿੱਚ ਏਡਮਿਸ਼ਨ ਹੋ ਗਈ। ਮੰਮੀ ਨੇ ਕਾਲਜ ਤੋ ਛੁੱਟੀਆਂ ਲੈ ਕੇ ਉਸਦੀ ਸ਼ੌਪਿੰਗ ਕਰਵਾ ਦਿੱਤੀ। ਡੈਡੀ ਨੇ ਵੀ ਆਪਣੀ ਲਾਡਲੀ ਨਾਲ ਸਮਾਂ ਬਿਤਾਉਣ ਲਈ ਬੈਂਕ ਤੋਂ ਛੁੱਟੀ ਲੈ ਲਈ।ਸਾਰੇ ਬਹੁਤ ਖੁਸ਼ ਸਨ, ਉਦਾਸ ਸੀ ਤਾਂ ਸਿਰਫ ਬੀਜੀ। ਬੀਜੀ ਨੂੰ ਆਪਣੀ ਪੋਤੀ ਦੇ ਦੂਰ ਜਾਣ ਦਾ ਗਮ ਸੀਂ ਤੇ ਕਿਤੇ ਅੰਦੇਸ਼ਾ ਵੀ ਦੀ ਕਿ ਉਸਦਾ ਬੁਢਾਪਾ ਇਕੱਲੇਪਨ ਵਿਚ ਰੁਲੇਗਾ।ਬੀਜੀ ਨੂੰ ਪਤਾ ਸੀ ਕਿ ਚੀਕੂ ਨੇ ਮੁੜਨਾ ਨਹੀਂ ਤੇ ਉਸਦੇ ਨੂੰਹ ਪੁੱਤ ਨੇ ਇਕੱਲੇ ਰਹਿਣਾ ਨਹੀਂ। ਇੱਕ ਨਾ ਇਕ ਦਿਨ ਉਹ ਵੀ ਚੀਕੂ ਕੋਲ ਚਲੇ ਜਾਣਗੇ। ਪਰ ਚੀਕੂ ਨੂੰ ਖੁਸ਼ ਦੇਖ ਬੀਜੀ ਖੁਸ਼ ਸੀ। ਬੁਢਾਪੇ ਵਿੱਚ ਪੋਤੇ ਪੋਤੀਆ ਦਾ ਪਿਆਰ ਸਾਰਾ ਖਾਲੀਪਨ ਭਰ ਦਿੰਦਾ ਹੈ। ਚੀਕੂ ਦੇ ਕੈਨੇਡਾ ਜਾਣ ਤੋਂ ਬਾਅਦ ਘਰ ਸੁੰਨ ਪਰ ਗਈ। ਜਿਵੇਂ ਘਰ ਦੀ ਰੌਣਕ ਹੀ ਚਲੀ ਗਈ। ਚੀਕੂ ਜਦੋਂ ਵੀ ਵੀਡਿਓ ਕਾਲ ਕਰਦੀ ਤਾਂ ਮੰਮੀ ਡੈਡੀ ਦੇ ਨਾਲ ਨਾਲ ਬੀਜੀ ਨਾਲ ਵੀ ਗੱਲ ਕਰਦੀ। ਘਰ ਵਿੱਚ ਇਕ ਮੁੰਡਾ ਕੰਮ ਕਰਨ ਤੇ ਬੀਜੀ ਦੀ ਦੇਖਭਾਲ ਕਰਨ ਲਈ ਰੱਖਿਆ ਸੀ। ਮਹੇਸ਼ ਸਾਰਾ ਦਿਨ ਬੀਜੀ ਨਾਲ ਗੱਲਾਂ ਕਰਦਾ ਰਹਿੰਦਾ। ਆਪਣੇ ਪਿੰਡ ਦੀਆਂ ਗੱਲਾਂ ਸੁਣਾਉਂਦਾ। ਬੀਜੀ ਦਾ ਉਸ ਨਾਲ ਪਿਆਰ ਪੈ ਗਿਆ। ਕੁਛ ਸਾਲ ਬਾਅਦ ਜਦੋਂ ਚੀਕੂ ਨੂੰ ਪੀ ਆਰ ਮਿਲ ਗਈ ਤਾਂ ਉਸਨੇ ਮੰਮੀ ਡੈਡੀ ਨੂੰ ਆਪਣੇ ਕੋਲ ਆਉਣ ਲਈ ਕਿਹਾ। ਪਰ ਦੋਵੇਂ ਜੀਅ ਬੀਜੀ ਕਰਕੇ ਨਾ ਗਏ। ਚੀਕੂ ਨੇ ਕੈਨੇਡਾ ਵਿੱਚ ਹੀ ਮੁੰਡਾ ਪਸੰਦ ਕਰ ਲਿਆ। ਮੁੰਡਾ ਬੰਗਾਲੀ ਸੀ। ਦੋਹਾਂ ਦੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਸੀ।ਕੈਨੇਡਾ ਵਿੱਚ ਹੀ ਵਿਆਹ ਹੋਇਆ ਜੋ ਬੀਜੀ ਤੇ ਮਹੇਸ਼ ਨੇ ਆਨਲਾਈਨ ਦੇਖਿਆ। ਮੰਮੀ ਡੈਡੀ ਨੂੰ ਚੀਕੂ ਕੋਲ ਰੱਖਣਾ ਚਾਹੁੰਦੀ ਸੀ। ਬੀਜੀ ਨੇ ਵੀ ਬੱਚਿਆਂ ਦੀ ਖੁਸ਼ੀ ਦੇਖ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਦ ਜਾਂ ਲਈ ਕਿਹਾ। ਪੁੱਤ ਨੂੰ ਬੀਜੀ ਦਾ ਫ਼ਿਕਰ ਸੀ।ਓਹ ਪਿੱਛੇ ਬੀਜੀ ਕੋਲ ਰਿਹਾ। ਪਰ ਕੁਛ ਡਰ ਬਾਅਦ ਚੀਕੂ ਦੇ ਘਰ ਆਏ ਨਿੱਕੇ ਆਰਵ ਦੀ ਖਿੱਚ ਉਸਨੂੰ ਵੀ ਕੈਨੇਡਾ ਲੈ ਗਈ। ਬੀਜੀ ਦੀ ਸਾਂਭ ਸੰਭਾਲ ਲਈ ਮਹੇਸ਼ ਆਪਣੀ ਪਤਨੀ ਮੀਰਾ ਨੂੰ ਪਿੰਡੋ ਲੈ ਆਇਆ। ਬੀਜੀ ਨੂੰ ਬੇਸ਼ਕ ਮੁਸ਼ਕਿਲ ਲੱਗਾ ਪ੍ਰ ਕੋਈ ਚਾਰਾ ਨਹੀਂ ਸੀ। ਬਿਹਾਰ ਦੇ ਵਾਸੀ ਮਹੇਸ਼ ਤੇ ਮੀਰਾ ਹੀ ਹੁਣ ਉਹਨਾਂ ਦਾ ਪਰਿਵਾਰ ਸਨ।ਅਕਸਰ ਬੀਜੀ ਆਪਣੇ ਆਪ ਨੂੰ ਗੁਵਾਚਿਆ ਮਹਿਸੂਸ ਕਰਦੇ। ਸਾਰਾ ਘਰ ਮਹੇਸ਼ ਤੇ ਮੀਰਾ ਹੀ ਸੰਭਾਲਦੇ। ਬੀਜੀ ਤੋਂ ਹੁਣ ਜ਼ਿਆਦਾ ਤੁਰ ਫਿਰ ਨਾ ਹੋਣ ਕਰਕੇ ਉਹ ਆਪਣੇ ਕਮਰੇ ਚੋਣ ਬੀਜੀ ਦੇ ਨਾਲ ਵਾਲੇ ਕਮਰੇ ਵਿਚ ਆ ਗਏ। ਬੀਜੀ ਦੇ ਨੂੰਹ ਪੁੱਤ ਵੀਡਿਓ ਕਾਲ ਕਰ ਲੈਂਦੇ ਤੇ ਬੀਜੀ ਨੂੰ ਦੇਖ ਨਿਸਚਿੰਤ ਹੋ ਜਾਂਦੇ। ਬੀਜੀ ਦਾ ਅੰਦਰ ਖਾਲੀ ਹੋ ਗਿਆ ਸੀ। ਉਹ ਅਕਸਰ ਸੋਚਦੇ ਕਿਵੇਂ ਓਹਨਾਂ ਆਪਨੇ ਪਤੀ ਨਾਲ ਮਿਲ ਕੇ ਘਰ ਬਣਾਇਆ ਸੀ। ਉਦਾਸ ਹੋ ਜਾਂਦੇ ਸੋਚ ਦੇ ਕਿ ਇਸ ਵਿਚ ਕੌਣ ਰਹੇਗਾ? ਕਈ ਵਾਰ ਜਾਪਦਾ ਜਿਵੇਂ ਹੁਣ ਮਹੇਸ਼ ਤੇ ਮੀਰਾ ਹੀ ਓਹਨਾਂ ਦਾ ਪਰਿਵਾਰ ਹੋਵੇ। ਆਪਣੇ ਪਰਿਵਾਰ ਤੋਂ ਦੂਰੀ ਤੇ ਇਕੱਲੇਪਨ ਦਾ ਸੰਤਾਪ ਭੋਗਣਾ ਸੌਖਾ ਨਹੀਂ।ਇਕ ਦਿਨ ਪਤਾ ਨਹੀਂ ਕੀ ਸੋਚ ਬੀਜੀ ਨੇ ਮਹੇਸ਼ ਨੂੰ ਕਿਹਾ ਕਿ ਮੇਰੇ ਬਾਦ ਤੁਸੀਂ ਇਸੇ ਘਰ ਵਿਚ ਰਹਿਣਾ।ਮਹੇਸ਼ ਉਦਾਸ ਹੋ ਗਿਆ। ਉਸਨੂੰ ਬੀਜੀ ਵਿੱਚ ਹੀ ਆਪਣੀ ਮਾਂ ਦਿਸਦੀ ਸੀ। ਓਹ ਵੀ ਨਿੱਕਾ ਹੁੰਦਾ ਘਰੋ ਆ ਗਿਆ ਸੀ।ਉਸਨੇ ਬੀਜੀ ਦੀ ਸੇਵਾ ਆਪਣਿਆ ਤੋ ਵੀ ਵੱਧ ਕੀਤੀ ਸੀ। ਬੀਜੀ ਨੇ ਆਪਣੇ ਪੁੱਤ ਨੂੰ ਫ਼ੋਨ ਕਰਕੇ ਤਾਕੀਦ ਕੀਤੀ ਕਿ ਮੇਰੇ ਬਾਦ ਮਹੇਸ਼ ਇਸੇ ਘਰ ਵਿਚ ਰਹੇਗਾ। ਪੁੱਤ ਨੇ ਕਿਹਾ ਇੰਝ ਹੀ ਹੋਵੇਗਾ। ਇਸ ਗੱਲ ਤੋਂ ਕੁਝ ਦਿਨ ਬਾਅਦ ਬੀਜੀ ਤੇ ਆਪਣੇ ਕੋਲ ਜੀ ਪੈਸੇ ਸਨ ਮਹੇਸ਼ ਨੂੰ ਦੇ ਦਿੱਤੇ ਤੇ ਕਿਹਾ,"ਜੇਕਰ ਮੈਨੂੰ ਕੁਝ ਹੋ ਗਿਆ ਤਾਂ ਕਿਸੇ ਦਾ ਇੰਤਜ਼ਾਰ ਨਾ ਕਰੀਂ। ਤੂੰ ਮੇਰਾ ਪੁੱਤ ਹੈ। ਤੂੰ ਹੀ ਮੇਰਾ ਅੰਤਿਮ ਸੰਸਕਾਰ ਕਰਨਾ ਹੈ" ਮਹੇਸ਼ ਉਦਾਸ ਹੋ ਗਿਆ। ਓਹ ਸਾਰਾ ਦਿਨ ਬੀਜੀ ਦੇ ਨੇੜੇ ਹੀ ਰਹਿੰਦਾ।ਆਪਣੀ ਮਾਂ ਦੇ ਅਖੀਰਲੇ ਸਮੇਂ ਉਹ ਮਾਂ ਦੇ ਕੋਲ ਨਹੀਂ ਸੀ। ਪਰ ਬੀਜੀ ਨੂੰ ਓਹ ਆਖਰੀ ਸਮੇਂ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ। ਦੋ ਦਿਨ ਬਾਅਦ ਬੀਜੀ ਸਵਰਗਵਾਸ ਹੋ ਗਏ।ਬੀਜੀ ਦੀਆਂ ਅੰਤਿਮ ਰਸਮਾਂ ਮਹੇਸ਼ ਨੇ ਨਿਭਾਈਆਂ। ਬੀਜੀ ਦੇ ਨੂੰਹ ਪੁੱਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ।ਕੈਨੇਡਾ ਵਾਪਿਸ ਜਾਂ ਤੋਂ ਪਹਿਲਾਂ ਓਹਨਾਂ ਘਰ ਦੇ ਜ਼ਿੰਮੇਵਾਰੀ ਮਹੇਸ਼ ਤੇ ਮੀਰਾ ਨੂੰ ਸੌਂਪ ਦਿੱਤੀ।ਬੀਜੀ ਦੀ ਅੰਤਿਮ ਇੱਛਾ ਦਾ ਓਹਨਾਂ ਮਾਣ ਰੱਖਿਆ ਤੇ ਬੀਜੀ ਦਾ ਘਰ ਹਮੇਸ਼ਾ ਵੱਸਦਾ ਰਿਹਾ।
ਹਰਪ੍ਰੀਤ ਕੌਰ ਸੰਧੂ