"ਬਾਬਾ ਜੀ! ਬਾਬਾ ਜੀ!! ਲਓ ਮੈਂ ਸਾਰਾ ਸਾਮਾਨ ਲੈ ਆਇਆ ਜਿਹੜਾ- ਜਿਹੜਾ ਤੁਸਾਂ ਕਿਹਾ ਸੀ", ਜਗਤਾਰ ਨੇ ਡੇਰੇ ਚ ਵੜਦਿਆਂ ਬਾਬੇ ਦੇ ਸਾਹਮਣੇ ਜਾਂਦੀਆਂ ਹੀ ਕਿਹਾ। "ਹੁਣ ਤਾਂ ਮੇਰੀ ਧੀ ਦਾ ਸਾਕ ਹੋ ਜੂ ਗਾ ਨਾ ਬਾਬਾ ਜੀ ?"
"ਬਹਿ ਜਾ ਪੁੱਤਰ..... ਸਮਾਨ ਤਾ ਤੂੰ ਲੈ ਆਇਆ। ਹੁਣ ਥੋੜ੍ਹੀ ਹੋਰ ਮਿਹਨਤ ਕਰ।" "ਦੱਸੋ ਬਾਬਾ ਜੀ ਮੈਂ ਤਾਂ ਸਭ ਕੁਝ ਕਰਨ ਨੂੰ ਤਿਆਰ।" "ਚੰਗਾ, ਪਹਿਲਾਂ ਤਾਂ ਇੱਕੀ ਸੌ ਰੁਪਈਏ ਦੀ ਡੇਰੇ ਦੇ ਨਾਂਅ ਤੇ ਪਰਚੀ ਕਟਾ ,ਪਾਠ ਕਰਾਂਗੇ ।ਤੇਰੀ ਧੀ ਦਾ ਸਾਕ ਝੱਟ ਹੋ ਜਾਣਾ। ਦੂਜਾ ਇਸ ਰਸਦ ਚੋਂ ਜੋ ਤੂੰ ਲਿਆਇਆ ਦੇਸੀ ਘਿਉ ਡੇਰੇ ਚੜ੍ਹਾ ਦੇ ਤੇ ਬਾਕੀ ਦਰਿਆ ਚ ਤਾਰ ਆ ਤੇ .......।"
"ਚੰਗਾ ਬਾਬਾ ਜੀ " ਤੇ ਜਗਤਾਰ ਨੇ ਉਵੇਂ ਹੀ ਕੀਤਾ ।ਡੇਰੇ ਤੋਂ ਬਾਹਰ ਨਿਕਲ ਉਹ ਦਰਿਆ ਤੱਕ ਜਾਣ ਲਈ ਰਿਕਸ਼ਾ ਦੇਖਣ ਲੱਗਾ । ਅੱਤ ਦੀ ਗਰਮੀ ਨੇ ਉਸ ਦਾ ਬੁਰਾ ਹਾਲ ਕੀਤਾ ਹੋਇਆ ਸੀ। ਅਚਾਨਕ ਹੀ ਇੱਕ ਰਿਕਸ਼ੇ ਵਾਲੇ ਨੂੰ ਦੇਖ ਉਹ ਖੁਸ਼ ਹੋ ਗਿਆ। "ਹਾਂ ਬਾਈ ......ਦਰਿਆ ਤੱਕ ਚੱਲੇਗਾ ?" "ਚਲੋ .......ਪਰ ਸੌ ਰੁਪਈਏ ਲੱਗੂ।" "ਹੈ ਸੋ ..... ਮੱਤ ਮਾਰੀ ਗਈ ਹੈ ਤੇਰੀ ਜੋ ਤਿੰਨ ਗੁਣਾਂ ਪੈਸੇ ਮੰਗੀ ਜਾਨੇ ।" "ਚਲੋ ਥੋਡੀ ਮਰਜ਼ੀ.......।" ਤੇ ਉਸ ਨੇ ਰਿਕਸ਼ਾ ਮੋੜ ਲਈ। "ਉਹ ਠਹਿਰ ।ਚੰਗਾ ਚੱਲ ਫੇਰ ......ਜਗਤਾਰ ਘਬਰਾ ਗਿਆ ਕਿ ਕਿਧਰੇ ਕੋਈ ਅਪਸ਼ਗਨ ਹੀ ਨਾ ਹੋ ਜਾਏ। ਦਰਿਆ ਦੇ ਕੰਢੇ ਪਹੁੰਚ ਕੇ ਉਸ ਨੇ ਰਿਕਸ਼ੇ ਵਾਲੇ ਨੂੰ ਉੱਥੇ ਹੀ ਰੁਕਣ ਦਾ ਕਿਹਾ ਤੇ ਆਪ ਬਾਬੇ ਦੇ ਦੱਸੇ ਅਨੁਸਾਰ ਦਰਿਆ ਦੇ ਕੰਢੇ ਜਾ ਕੇ ਨਾਰੀਅਲ ਲਾਲ ਧਾਗਾ ਬੰਨ੍ਹ ਕੇ ਪਾਣੀ 'ਚ ਵਹਾ ਦਿੱਤਾ ਤੇ ਨਾਲ ਕੁਝ ਹੋਰ ਸਾਮਾਨ ਵੀ ......ਤੇ ਕੁਝ ਚੀਜ਼ਾਂ ਦਰਿਆ ਦੇ ਕੰਢੇ ਤੇ ਹੀ ਰੱਖ ਵਾਪਸ ਰਿਕਸ਼ਾ ਤੇ ਆ ਬੈਠਾ ।
'ਹੁਣ ਜਿਹੜਾ ਕਿਸੇ ਬੰਨ੍ਹ ਪਾਇਆ ਛੇਤੀ ਟੁੱਟ ਜੂ ......ਮੇਰੀ ਧੀ ਦੇ ਸੰਯੋਗ ਖੁੱਲ੍ਹ ਜੂ ਹੁਣ। ਬੱਸ ਹੁਣ ਤਾਂ ਰਿਸ਼ਤਾ ਵੱਟ ਤੇ ਪਿਐ..... ਉਹ ਮਨ ਹੀ ਮਨ ਸੋਚਦਾ ਅੰਤਾਂ ਦਾ ਖ਼ੁਸ਼ ਹੋ ਗਿਆ। ਰਿਕਸ਼ਾ ਵਾਲਾ ਉਸ ਨੂੰ ਛੇਤੀ -ਛੇਤੀ ਬੱਸ ਸਟੈਂਡ ਤੇ ਛੱਡ ਦੁਬਾਰਾ ਦਰਿਆ ਦੇ ਕੰਢੇ ਤੇ ਆ ਗਿਆ। ਉਸ ਨੇ ਖੁਸ਼ੀ ਚ ਜਿਵੇਂ ਉਛਲਦਿਆਂ ਝੱਟ ਪੱਟ ਸਾਰਾ ਸਾਮਾਨ ਨਵਾਂ ਨਕੋਰ ਸੂਟ ,ਸ਼ੀਸ਼ਾ , ਚਾਂਦੀ ਦੀ ਮੁੰਦਰੀ, ਸੁਰਖੀ ,ਬਿੰਦੀ ,ਨੇਲਪਾਲਿਸ਼ ,ਮਠਿਆਈ ਦਾ ਡੱਬਾ..... ਕੁਝ ਸਿੱਕੇ ਜਲਦੀ ਨਾਲ ਲਿਫਾਫੇ ਚ ਪਾਏ...... ਤੇ ਦੂਰ ਪਾਣੀ 'ਚ ਤਰਦੇ ਜਾਂਦੇ ਨਾਰੀਅਲ ਨੂੰ ਦੇਖ ਗੁੱਸੇ 'ਚ ਬੁੜਬੁੜਾਇਆ "ਉਹ ਸ਼ੁਦਾਈ ਬਾਬਾ ਇਹਨੂੰ ਵੀ ਕਿਨਾਰੇ ਦੇ ਰੱਖਣ ਲਈ ਨਹੀਂ ਸੀ ਕਹਿ ਸਕਦਾ। ਬੱਚੇ ਖਾ ਲੈਂਦੇ ....ਤੇ ਫਿਰ ਲਿਫ਼ਾਫ਼ੇ ਵੱਲ ਦੇਖਦੇ ਹੀ ਮੁਸਕੁਰਾਇਆ, "ਆਹਾ! ਅੱਜ ਵੀ ਮੌਜਾਂ...... ਤੇ ਉਹ ਕਾਹਲੀ- ਕਾਹਲੀ ਰਿਕਸ਼ਾ ਚਲਾ ਘਰ ਆਇਆ। ਗਲੀ 'ਚ ਖੇਡਦੇ ਬੱਚਿਆਂ ਨੂੰ ਉਸ ਨੇ ਮਠਿਆਈ ਵੰਡੀ ਤੇ ਘਰ ਅੰਦਰ ਵੜ ਪਤਨੀ ਨੂੰ ਆਵਾਜ਼ਾਂ ਮਾਰਨ ਲੱਗਾ। "ਭਾਪਾ .....ਬੜੇ ਖੁਸ਼ ਜੇ ਨਾਲੇ ਮੰਮੀ ਤਾਂ ਮੰਦਿਰ ਗਈ ਹੈ ।" "ਲੈ ਪੁੱਤ ਮਠਿਆਈ ਖਾ।" " ਵਾਹ ਪਾਪਾ ! ਇੰਨਾ ਸਾਮਾਨ .....ਉਸ ਨੇ ਮਠਿਆਈ ਖਾਂਦੇ ਕਿਹਾ। "ਆਹੋ ਕਾਕਾ ਜਦ ਤਕ ਲੋਕ ਇਨ੍ਹਾਂ ਅਖੌਤੀ ਬਾਬਿਆਂ ਮਗਰ ਲੱਗ ਆਪਣਾ ਧਨ ਉਜਾੜਨੇ ਤਦ ਤਕ ਸਾਡੀ ਗਰੀਬਾਂ ਦੀ ਵੀ ਚਾਂਦੀ ਆ। ਉਂਝ ਤਾਂ ਦਸ ਰੁਪਏ ਨਹੀਂ ਦਿੰਦੇ ਆ ਲੋਕ ਸਾਨੂੰ ਗਰੀਬਾਂ ਨੂੰ।" " ਲੈ ਫੜ ਸਾਂਭ ਸਾਮਾਨ ਮੰਮੀ ਨੂੰ ਦੇਈਂ।"
"ਪਾਪਾ ਤੁਸੀਂ ਕਿੱਥੇ ਚੱਲੇ ?" " ਪੁੱਤ ਡੇਰੇ ਦੇ ਬਾਹਰ ਖੜ੍ਹਦਾ ਜਾ ਕੇ ......ਅਗਲੀ ਅਸਾਮੀ ਲਈ....... ਤੇ ਦੋਵੇਂ ਪਿਓ- ਪੁੱਤ ਖਿੜ ਖਿੜਾ ਕੇ ਹੱਸ ਪਏ।
ਮਨਪ੍ਰੀਤ ਕੌਰ ਭਾਟੀਆ
ਐਮ ਏ, ਬੀਐੱਡ
ਫਿਰੋਜ਼ਪੁਰ ਸ਼ਹਿਰ।