ਜਗਰਾਉਂ (ਅਮਿਤ ਖੰਨਾ )ਅਗਾਮੀਂ ਬਰਸਾਤੀ ਮੌਸਮ ਦੇ ਮੱਦੇਨਜਰ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਗਰ ਕੌਂਸਲ ਜਗਰਾਉਂ ਵਲੋਂ ਅੱਜ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚਲਾਇਆ ਗਿਆ। ਨਗਰ ਕੌਂਸਲ ਪ੍ਰਧਾਨ ਸ੍ਰੀ ਜਤਿੰਦਰ ਪਾਲ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੌਂਸਲਰ ਸ੍ਰੀ ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ, ਕੌਂਸਲਰ ਸ੍ਰੀ ਜਰਨੈਲ ਸਿੰਘ ਲੌਹਟ ਅਤੇ ਕੌਂਸਲਰ ਸ੍ਰੀ ਵਿਕਰਮ ਜੱਸੀ ਦੀ ਤਿੰਨ ਮੈਂਬਰੀ ਟੀਮ ਵੱਲੋਂ ਸੁਭਾਸ਼ ਗੇਟ ਦੀ ਪੁਲੀ ਤੋਂ ਲੈ ਕੇ ਡਿਸਪੌਜ਼ਲ ਤੱਕ ਵੱਗਦੇ ਨਾਲੇ ਦੀ ਸਫਾਈ ਦੀ ਦੇਖ-ਰੇਖ ਕੀਤੀ। ਵਰਨਣਯੋਗ ਹੈ ਕਿ ਇਸ ਨਾਲੇ ਦੇ ਦੋਵੇਂ ਪਾਸੇ ਝਾੜੀਆਂ ਦਾ ਜੰਗਲ ਪਸਰਿਆ ਹੋਣ ਦੇ ਨਾਲ-2 ਪਲਾਸਟਿਕ ਦੇ ਲਿਫਾਫੇ ਅਤੇ ਹੋਰ ਗੰਦਗੀ ਨਾਲ ਨੱਕੋ-ਨੱਕ ਭਰੇ ਪਏ ਸਨ ਜਿਸ ਕਾਰਨ ਪਾਣੀ ਦੀ ਨਿਕਾਸੀ ਵਿੱਚ ਭਾਰੀ ਰੁਕਾਵਟ ਪੈਦਾ ਹੋ ਰਹੀ ਹੈ ਅਤੇ ਜਿਸ ਕਰਕੇ ਸ਼ਹਿਰ ਦਾ ਨੀਵਾਂ ਹਿੱਸਾ ਮਾਮੂਲੀ ਮੀਂਹ ਨਾਲ ਹੀ ਜਲਮਗਨ ਹੋ ਜਾਂਦਾ ਹੈ। ਇਸ ਮੌਕੇ ਕੌਂਸਲਰ ਸ੍ਰੀ ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ ਨੇ ਕਿਹਾ ਕਿ ਸਾਡੀ ਪੂਰੀ ਕੌਸ਼ਿਸ਼ ਹੈ ਕਿ ਬਾਰਿਸ਼ ਦੇ ਸੀਜ਼ਨ ਦੌਰਾਨ ਸ਼ਹਿਰ ਨੂੰ ਜਲਮਗਨ ਹੋਣ ਤੋਂ ਹਰ ਹੀਲੇ ਬਚਾਇਆ ਜਾਵੇ।ਉਹਨਾਂ ਵਲੋਂ ਇਹ ਵੀ ਕਿਹਾ ਗਿਆ ਕਿ ਇਸ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਗਰ ਕੌਂਸਲ ਜਗਰਾਉਂ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਨ।ਪ੍ਰਧਾਨ ਨਗਰ ਕੌਂਸਲ ਜਗਰਾਉਂ ਸ੍ਰੀ ਜਤਿੰਦਰ ਪਾਲ ਰਾਣਾ ਜੀ ਵਲੋਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਇਹਨਾਂ ਨੂੰ ਗਲੀਆਂ$ਨਾਲੀਆਂ ਵਿੱਚ ਨਾ ਸੁੱਟਿਆ ਜਾਵੇ ਕਿਉਂਜੋ ਇਹ ਲਿਫਾਫੇ ਸੀਵਰੇਜ਼ ਵਿੱਚ ਜਾ ਕੇ ਪਾਣੀ ਦੀ ਨਿਕਾਸੀ ਵਿੱਚ ਅੜਚਨ ਪੈਦਾ ਕਰਦੇ ਹਨ ਅਤੇ ਜਿਸ ਕਰਕੇ ਸੀਵਰੇਜ਼ ਦੀ ਬਲਾਕੇਜ਼ ਦੀ ਸਮੱਸਿਆ ਪੈਦਾ ਹੁੰਦੀ ਹੈ।