You are here

ਸਲੇਮਪੁਰੀ ਦੀ ਚੂੰਢੀ -ਹਲਵਾ ਹਵਨ!

ਸਲੇਮਪੁਰੀ ਦੀ ਚੂੰਢੀ 

  ਹਲਵਾ ਹਵਨ!

ਦੇਸ਼ ਦੇ ਹੁਕਮਰਾਨ ਕਦੀ ਨਹੀਂ ਚਾਹੁੰਦੇ ਕਿ ਦੇਸ਼ ਵਾਸੀਆਂ ਦੀ ਸੋਚ ਵਿਗਿਆਨਿਕ ਅਤੇ ਤਰਕਸ਼ੀਲ ਹੋਵੇ ਅਤੇ ਨਾ ਹੀ ਸਮੇਂ ਦੇ ਹਾਣੀ ਬਣ ਕੇ ਚੱਲਣ। ਇਸ ਲਈ ਉਹ ਲੋਕਾਂ ਨੂੰ ਵਹਿਮਾਂ - ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਵਿਚ ਪਾ ਕੇ ਰੱਖਣਾ ਚਾਹੁੰਦੇ ਹਨ। ਹੁਣ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਵਲੋਂ ਸਾਲ 2020 - 21 ਲਈ ਪੇਸ਼ ਕੀਤੇ ਜਾਣ ਵਾਲੇ ਸਲਾਨਾ ਬਜਟ ਦੀਆਂ ਤਿਆਰੀਆਂ ਕਰਨ ਤੋਂ ਪਹਿਲਾਂ ਹਲਵੇ ਦਾ ਹਵਨ ਕੀਤਾ ਗਿਆ। ਵਿੱਤ ਮੰਤਰੀ ਮੁਤਾਬਿਕ ਹਲਵਾ ਹਵਨ ਕਰਨ ਨਾਲ ਬਜਟ ਠੀਕ ਰਹੇਗਾ ਅਤੇ ਕਿਸੇ ਪ੍ਰਕਾਰ ਦੀ ਅੜਚਣ ਪੈਦਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਦੇਸ਼ ਦੇ ਇਕ ਮੈਂਬਰ ਲੋਕ ਸਭਾ ਨੇ ਬਿਆਨ ਦਿੰਦਿਆਂ ਕਿਹਾ ਕਿ ' ਦੇਸ਼ ਦੀ ਵਿਗੜੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਨੋਟਾਂ ਉਪਰ ਲਕਸ਼ਮੀ ਦੀ ਤਸਵੀਰ ਛਾਪ ਦਿੱਤੀ ਜਾਣੀ ਚਾਹੀਦੀ ਹੈ।' ਇਹ ਸੱਭ ਗੱਲਾਂ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਵਿਚ ਧੱਕਣ ਲਈ ਚਾਲਾਂ ਹਨ, ਤਾਂ ਜੋ ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਲਈ ਸੋਚ ਹੀ ਨਾ ਸਕਣ।

ਬੁੱਧੀਜੀਵੀਆਂ ਦਾ ਕਹਿਣਾ ਹੈ ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਕਿਹੜਾ ਹਵਨ ਯੱਗ ਕੀਤਾ ਜਾਂਦਾ ਹੈ, ਕਿਹੜਾ ਮਹੂਰਤ ਕੱਢਿਆ ਜਾਂਦਾ ਹੈ? ਮੌਤ ਵੇਲੇ ਕਿਹੜਾ ਮਹੂਰਤ ਕੀਤਾ ਜਾਂਦਾ ਹੈ? ਫਿਰ ਕੋਈ ਕੰਮ ਕਰਨ ਲਈ ਮਹੂਰਤ ਜਾਂ ਹਵਨ ਜਰੂਰੀ ਹਨ? ਜਦੋਂ ਅਸੀਂ ਰਿਸ਼ਵਤਾਂ ਖਾਂਦੇ ਹਾਂ, ਲੋਕਾਂ ਨਾਲ ਠੱਗੀਆਂ ਮਾਰਦੇ ਹਾਂ, ਦੇਸ਼ ਦੇ ਲੋਕਾਂ ਦੇ ਖੂਨ ਪਸੀਨੇ ਦੀ ਕੀਤੀ ਕਮਾਈ ਨਾਲ ਦਮੜੀ ਦਮੜੀ ਜੋੜ ਕੇ ਔਖੇ ਸਮੇਂ ਲਈ  ਬੈਂਕਾਂ ਵਿੱਚ ਜੋ ਪੂੰਜੀ ਰੱਖੀ ਹੂੰਦੀ ਹੈ, ਜਦੋਂ ਦੇਸ਼ ਦੇ ਵੱਡੇ ਵੱਡੇ ਸਰਮਾਏਦਾਰ ਕਰਜੇ ਦੇ ਰੂਪ ਵਿਚ ਲੈ ਕੇ ਡਕਾਰ ਜਾਂਦੇ ਹਨ, ਉਸ ਵੇਲੇ ਕਿਹੜਾ ਮਹੂਰਤ ਕੱਢਿਆ ਹੁੰਦਾ ਹੈ, ਕਿਹੜਾ ਹਵਨ ਹੁੰਦਾ ਹੈ। ਵਿਦੇਸ਼ਾਂ ਦੀਆਂ ਬੈਂਕਾਂ ਵਿਚ ਪਿਆ ਦੇਸ਼ ਦਾ ਧਨ, ਵੱਡੇ ਵੱਡੇ ਸਰਮਾਏਦਾਰਾਂ ਵਲੋਂ ਬੈਂਕਾਂ ਦਾ ਮਾਰਿਆ ਧਨ, ਵਾਪਸ ਲਿਆਉਣ ਨਾਲ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਆਉਣਾ ਹੈ, ਨਾ ਕਿ ਹਵਨ ਕਰਨ ਨਾਲ ਕੋਈ ਫਰਕ ਪੈਣ  ਦੀ ਸੰਭਾਵਨਾ ਹੈ। ਵੱਡੇ ਵੱਡੇ ਪ੍ਰਾਜੈਕਟਾਂ ਵਿਚੋਂ ਕਮਿਸ਼ਨ ਸਿਸਟਮ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ, ਬੇਈਮਾਨੀ ਅਤੇ ਠੱਗੀਠੋਰੀ ਨੂੰ ਬੰਦ ਕਰਕੇ ਹੀ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਹੋ ਸਕਦਾ ਹੈ। ਦੇਸ਼ ਅਤੇ ਦੇਸ਼ ਵਾਸੀਆਂ ਦੀ ਆਰਥਿਕ ਹਾਲਤ ਵਿਚ ਸੁਧਾਰ ਕਰਨ ਲਈ ਹਵਨ ਯੱਗ  ਕਰਨ, ਪਾਠ ਪੂਜਾ ਕਰਨ ਜਾਂ ਧਾਰਮਿਕ ਸਥਾਨਾਂ 'ਤੇ ਮੱਥੇ ਟੇਕਣ ਨਾਲ ਨਹੀਂ ਸਗੋਂ ਦੇਸ਼ ਅਤੇ ਲੋਕ ਹਿੱਤ ਵਿੱਚ ਢੁੱਕਵੀਂਆ ਅਤੇ ਪ੍ਰਭਾਵਸ਼ਾਲੀ ਯੋਜਨਾਵਾਂ ਦੀ ਵਿਉਂਤਬੰਦੀ ਕਰਕੇ ਅਤੇ ਫਿਰ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਕੇ ਹੀ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਅੰਧ ਵਿਸ਼ਵਾਸ਼ ਹਰ ਵਾਪਰੀ ਘਟਨਾ ਨੂੰ ਰੱਬ ਦਾ ਭਾਣਾ ਮੰਨਣ ਲਈ ਸੋਚ ਬਣਾ ਦਿੰਦੇ ਹਨ ਜਦ ਕਿ ਵਿਗਿਆਨਿਕ ਅਤੇ ਤਰਕਸ਼ੀਲਤਾ ਅਧਾਰਿਤ ਸੋਚ ਵਾਪਰੀ ਹਰ ਚੰਗੀ ਅਤੇ ਮਾੜੀ ਘਟਨਾ ਪਿੱਛੇ ਕਾਰਨਾਂ ਨੂੰ ਲੱਭਣ ਲਈ ਮਜਬੂਰ ਕਰਦੀ ਹੈ ਅਤੇ ' ਚੱਲ ਹਊ' ਨਹੀਂ ਕਹਿੰਦੀ, ਇਸ ਲਈ ਹਰ ਵਿਅਕਤੀ ਨੂੰ ਵਿਗਿਆਨਕ ਸੋਚ ਦਾ ਧਾਰਨੀ ਬਣਨਾ ਚਾਹੀਦਾ ਹੈ। ਸਾਡੇ ਦੇਸ਼ ਦੇ ਹੁਕਮਰਾਨਾਂ ਦੀ ਹਮੇਸ਼ਾ ਇਹ ਧਾਰਨਾ ਰਹੀ ਹੈ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਵਿਚ ਪਾ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦੀ ਸੋਚ ਖੂੰਢੀ ਬਣੀ ਰਹੇ ਅਤੇ ਰਾਜ ਮਨਮਰਜੀ ਨਾਲ ਚਲਾਇਆ ਜਾ ਸਕੇ। 

ਸੁਖਦੇਵ ਸਲੇਮਪੁਰੀ