ਜਗਰਾਓਂ/ਲੁਧਿਆਣਾ, ਅਪ੍ਰੈਲ 2020 -(ਮਨਜਿੰਦਰ ਗਿੱਲ )-
ਪੰਜਾਬ ਵਿਚ ਕੋਰੋਨਾ ਦੀ ਬਿਮਾਰੀ ਨਾਲ ਪੀੜ੍ਹਤ ਹੋ ਕੇ ਮਰੇ ਮਾਪਿਆਂ ਦਾ ਅੰਤਿਮ ਸੰਸਕਾਰ ਕਰਨ ਤੋਂ ਮੁਨਕਰ ਹੋਏ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਤੀਰੇ ਦੀ ਜਦੋਂ ਚੁਫੇਰੇ ਚਰਚਾ ਹੋ ਰਹੀ ਹੈ, ਉਸ ਸਮੇਂ ਜਗਰਾਉਂ ਦੇ ਇਕ ਸਮਾਜ ਸੇਵੀ ਨੇ ਅੱਗੇ ਆਉਂਦਿਆਂ ਰਾਜ ਸਰਕਾਰ ਨੂੰ ਇਕ ਚਿੱਠੀ ਭੇਜ ਕੇ ਕਿਹਾ ਕਿ ਪ੍ਰਮਾਤਮਾ ਕਰੇ ਕੋਰੋਨਾ ਤੋਂ ਪੀੜ੍ਹਤ ਹੋਰ ਕੋਈ ਲਾਸ਼ ਨਾ ਹੀ ਬਣੇ ਤੇ ਜੇਕਰ ਇਸ ਦੌਰਾਨ ਕੋਈ ਮਰੀਜ਼ ਦਮ ਤੋੜਦਾ ਹੈ ਤਾਂ ਉਹ ਅੱਗੇ ਹੋ ਕੇ ਸਸਕਾਰ ਦੀ ਸੇਵਾ ਕਰਨ ਲਈ ਤਿਆਰ ਹੈ । ਇਥੇ ਜਿਕਰਯੋਗ ਹੈ ਕਿ ਜਨ ਸ਼ਕਤੀ ਅਦਾਰੇ ਦੇ ਐਂਕਰ ਅਤੇ ਮਿਸ਼ਨ ਗਰੀਨ ਪੰਜਾਬ ਦੇ ਕੋਆਰਡੀਨੇਟਰ ਸੱਤਪਾਲ ਸਿੰਘ ਦੇਹੜਕਾ ਜਿਹੜੇ ਕਿ ਤਕਰੀਬਨ 15 ਦਿਨ ਤੋਂ ਜਗਰਾਉਂ ਇਲਾਕੇ ਪਿੰਡਾਂ ਤੇ ਸ਼ਹਿਰ 'ਚ ਕੋਰੋਨਾ ਤੋਂ ਬਚਾਓ ਲਈ ਆਪਣੀ ਪੱਧਰ 'ਤੇ ਇਕ ਮੁਹਿੰਮ ਚਲਾ ਰਹੇ ਹਨ ਤੇ ਹੁਣ ਤੱਕ ਉਹ ਆਪਣੀ ਗੱਡੀ 'ਤੇ ਕੋਰੋਨਾ ਤੋਂ ਬਚਾਓ ਦੀਆਂ ਸਾਵਧਾਨੀਆਂ ਦੇ ਬੈਨਰ ਲਗਾ ਕੇ ਪੰਜਾਬ ਸਰਕਾਰ ਵਲੋਂ ਜਾਰੀ ਆਡੀਓ ਨੂੰ ਆਪਣੇ ਗੱਡੀ ਦੇ ਸਪੀਕਰ 'ਤੇ ਚਲਾ ਕੇ ਪਿੰਡਾਂ ਦੀਆਂ ਸੱਥਾਂ ਤੇ ਹੋਰ ਥਾਵਾਂ 'ਤੇ ਲਗਾਤਾਰ ਪ੍ਰਚਾਰ ਕਰਦੇ ਆ ਰਹੇ ਹਨ ਤੇ ਇਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਲੋੜਵੰਦਾਂ ਦੇ ਘਰਾਂ ਤੱਕ ਰਾਸ਼ਨ ਵੀ ਪਹੁੰਚਾ ਰਹੇ ਹਨ । ਉਨ੍ਹਾਂ ਵਲੋਂ ਹੁਣ ਇਸ ਪਾਸੇ ਇਕ ਹੋਰ ਕਦਮ ਕਰਦਿਆਂ ਅੰਤਿਮ ਸੰਸਕਾਰ ਦੀ ਸੇਵਾ ਲਈ ਵੀ ਸਹਿਯੋਗ ਕਰਨ ਬਾਰੇ ਆਖਿਆ ।ਦੇਹੜਕਾ ਨੇ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੂੰ ਮੁੱਖ ਮੰਤਰੀ ਦੇ ਨਾਂਅ 'ਤੇ ਦਿੱਤੀ ਚਿੱਠੀ 'ਚ ਕਿਹਾ ਕਿ ਉਹ ਇਸ ਬਿਮਾਰੀ ਦੇ ਪ੍ਰਕੋਪ ਦੌਰਾਨ ਲੋਕਾਂ ਦੀ ਭਲਾਈ ਲਈ ਸਿਹਤ ਵਿਭਾਗ ਜਾਂ ਪੁਲਿਸ ਵਿਭਾਗ ਨਾਲ ਸੇਵਾਵਾਂ ਨਿਭਾਉਂਣ ਲਈ ਵੀ ਤਿਆਰ ਹੈ ।