ਹਠੂਰ,ਅਪ੍ਰੈਲ 2020-(ਕੌਸ਼ਲ ਮੱਲ੍ਹਾ)-
ਉੱਘੇ ਸੰਗੀਤਕਾਰ ਜਸਵੰਤ ਭੰਮਰਾ ਦੇ ਲਾਡਲੇ ਸਗਿਰਦ ਲੋਕ ਗਾਇਕ ਹਰਪ੍ਰੀਤ ਸਿੰਘ ਦੀ ਮਿੱਠੀ ਅਵਾਜ ਵਿਚ ਗਾਇਆ ਗੀਤ ‘ਬੈਠੇ ਵਿੱਚ ਲੰਮਿਆਂ ਦੇ’ ਧਾਰਮਿਕ ਗੀਤ ਯੂ ਟਿਊਬ ਤੇ ਰਿਲੀਜ ਹੋ ਚੁੱਕਾ ਹੈ।ਇਸ ਗੀਤ ਦੇ ਗੀਤਕਾਰ ਸੁਖਦੇਵ ਸਿੰਘ ਜੱਟਪੁਰੀ ਨੇ ਦੱਸਿਆ ਕਿ ਇਸ ਗੀਤ ਵਿਚ ਸ੍ਰੀ ਗੁਰੂ ਗੋਬਿੰਦ ਸਿਂਘ ਜੀ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਿੱਛੋ ਮਾਛੀਵਾੜੇ,ਰਾਜੋਆਣਾ,ਹੇਰਾਂ,ਸੀਲੋਆਣੀ,ਕਮਾਲਪੁਰਾ ਆਦਿ ਪਿੰਡਾਂ ਵਿੱਚ ਦੀ ਹੁੰਦੇ ਹੋਏ ਮਾਲਵੇ ਦੇ ਇਤਿਹਾਸਿਕ ਪਿੰਡ ਲੰਮੇ-ਜੱਟਪੁਰੇ ਪਹੁੰਚੇ ਸਨ।ਜਿੱਥੇ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੇ ਗੁਰੂ ਜੀ ਨੂੰ ਮਿਲ ਕੇ ਕੋਈ ਸੇਵਾ ਲਈ ਅਰਜ ਕੀਤੀ ਸੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਕਹਿਣ ਤੇ ਹੀ ਰਾਏ ਕੱਲ੍ਹੇ ਨੇ ਆਪਣੇ ਅਨਿਨ ਸੇਵਕ ਨੂਰੇ ਮਾਹੀ ਨੂੰ ਸਰਹਿੰਦ ਭੇਜ ਕੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸਹੀਦੀ ਦੀ ਖਬਰ ਮੰਗਵਾਈ ਸੀ ਅਤੇ ਨੂਰੇ ਮਾਹੀ ਤੋਂ ਸ਼ਹੀਦੀ ਦੀ ਖਬਰ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਪੁੱਟ ਕੇ ਜੁਲਮ ਦੇ ਰਾਜ ਦੀ ਜੜ੍ਹ ਪੁੱਟਣ ਦਾ ਕੌਤਕ ਲੰਮੇ ਜੱਟਪੁਰੇ ਵਿੱਚ ਰਚਾਇਆ ਸੀ।ਉਨ੍ਹਾ ਦੱਸਿਆ ਕਿ ਜੁਲਮ ਰਾਜ ਦੀ ਜੜ੍ਹ ਪੁੱਟਣ ਦਾ ਵਿਰਤਾਂਤ ਇਸ ਗੀਤ ਵਿੱਚ ਕੀਤਾ ਗਿਆ ਹੈ।ਗੀਤਕਾਰ ਸੁਖਦੇਵ ਸਿੰਘ ਜੱਟਪੁਰੀ ਅਨੁਸਾਰ ਜਿਸ ਥਾਂ ਤੇ ਜੁਲਮ ਦੀ ਜੜ੍ਹ ਪੁੱਟਣ ਦਾ ਕੌਤਕ ਰਚਾਇਆ ਗਿਆ ਸੀ ਉਸ ਥਾਂ ਤੇ ਗੁਰਦੁਆਰਾ ਸ੍ਰੀ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਸੁਸੋਬਤ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਨੂੰ ਸਿੱਖ ਸੰਗਤਾ ਵੱਲੋ ਪੂਰਨ ਸਤਿਕਾਰ ਮਿਲ ਰਿਹਾ ਹੈ।