ਹੱਸਣਾ ਖੇਡਣਾ ਇੱਕ ਬਹੁਤ ਵਧੀਆ ਗੱਲ ਹੈ। ਸਾਨੂੰ ਇਹ ਜੀਵਨ ਬਹੁਤ ਭਾਗਾਂ ਨਾਲ਼ ਮਿਲਿਆ ਹੈ। ਖੁਸ਼ ਰਹਿ ਕੇ ਅਸੀਂ ਆਪਣੇ ਨਾਲ਼-ਨਾਲ਼ ਬਾਕੀਆਂ ਲਈ ਵੀ ਰਾਹ ਦਸੇਰੇ ਬਣ ਸਕਦੇ ਹਾਂ। ਪਰ ਹਰ ਚੀਜ਼ ਦੀ ਇੱਕ ਸੀਮਿਤ ਸਮਰੱਥਾ ਵੀ ਹੁੰਦੀ ਹੈ। ਇਸੇ ਤਰ੍ਹਾਂ ਹੱਸਣ-ਖੇਡਣ ਦਾ ਵੀ ਸਮਾਂ ਹੁੰਦਾ ਹੈ ਜਾਂ ਮੌਕਾ ਹੁੰਦਾ ਹੈ।
ਅਕਸਰ ਦੇਖਣ ਵਿਚ ਆਉਂਦਾ ਹੈ ਕਿ ਕੁੱਝ ਲੋਕ ਜਿਹੜੇ ਮਜ਼ਾਕੀਆ ਸੁਭਾਅ ਦੇ ਹੁੰਦੇ ਹਨ, ਉਹ ਵੱਡੀ ਤੋਂ ਵੱਡੀ ਸਮੱਸਿਆ ਦੇ ਸਮੇਂ ਵੀ ਕੁੱਝ ਨਾ ਕੁੱਝ ਮਜ਼ਾਕ ਕਰਦੇ ਰਹਿੰਦੇ ਹਨ। ਇਹ ਚੰਗੀ ਗੱਲ ਹੈ ਕਿ ਹੱਸਦੇ-ਹਸਾਉਂਦੇ ਮੁਸ਼ਕਿਲਾਂ ਦਾ ਹੱਲ ਕਰ ਲਿਆ ਜਾਵੇ। ਪਰ ਕਦੇ-ਕਦੇ ਦੂਜਿਆਂ ਦੀਆਂ ਤਕਲੀਫ਼ਾਂ ਸਮੇਂ ਕੀਤਾ ਮਜ਼ਾਕ ਸਾਨੂੰ ਮਹਿੰਗਾ ਪੈ ਸਕਦਾ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਕੋਈ ਮਜ਼ਾਕ ਸਹਿਣ ਜੋਗਾ ਨਹੀਂ ਹੁੰਦਾ ਜਾਂ ਕਈ ਵਾਰ ਮੌਕੇ ਹੀ ਅਜਿਹੇ ਹੁੰਦੇ ਹਨ ਕਿ ਉੱਥੇ ਮਜ਼ਾਕ ਚੰਗਾ ਨਹੀਂ ਲੱਗਦਾ।
ਸਕੂਲ ਕਾਲਜ ਵਿੱਚ ਬੱਚੇ ਕਈ ਵਾਰ ਇੱਕ ਦੂਜੇ ਨੂੰ ਮਜ਼ਾਕ ਵਿੱਚ ਕੁੱਝ ਗਲਤ ਬੋਲ ਦਿੰਦੇ ਹਨ ਪਰ ਇਹ ਮਜ਼ਾਕ ਉਦੋਂ ਜੀਅ ਦਾ ਜੰਜਾਲ ਬਣ ਜਾਂਦਾ ਹੈ ਜਦੋਂ ਦੂਸਰਾ ਬੱਚਾ ਕੋਈ ਗਲਤ ਰਾਹ ਅਪਣਾ ਲੈਂਦਾ ਹੈ। ਕਈ ਬੱਚੇ ਤਾਂ ਐਨੇ ਨਾਜ਼ੁਕ ਹੁੰਦੇ ਹਨ ਕਿ ਛੋਟੇ ਜਿਹੇ ਮਜ਼ਾਕ ਨੂੰ ਆਪਣੀ ਬੇਇਜ਼ਤੀ ਮੰਨ ਕੇ ਆਤਮਹੱਤਿਆ ਵਰਗੇ ਭਿਆਨਕ ਗੁਨਾਹ ਕਰ ਬਹਿੰਦੇ ਹਨ। ਕਈ ਵਾਰ ਅਧਿਆਪਕ ਦੀ ਕਹੀ ਗੱਲ ਵੀ ਬੱਚੇ ਦਿਲ ਤੇ ਲਾ ਲੈਂਦੇ ਹਨ। ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹੁੰਦੇ ਹਨ ਜੋ ਕਿ ਬਦਲਾ ਲੈਂਦੇ ਹਨ ਤੇ ਮਜ਼ਾਕ ਦਾ ਖ਼ਮਿਆਜ਼ਾ ਹਸਪਤਾਲ਼ 'ਚ ਜਾ ਕੇ ਭੁੱਗਤਣਾ ਪੈ ਸਕਦਾ ਹੈ। ਜਾਂ ਕਈ ਥਾਣੇ ਰਿਪੋਰਟ ਲਿਖਵਾ ਦਿੰਦੇ ਹਨ ਜਿਸ ਕਰਕੇ ਜੇਲ੍ਹ 'ਚ ਚੱਕੀ ਪੀਸਣੀ ਪੈ ਜਾਂਦੀ ਹੈ।
ਇੱਕ ਹੋਰ ਗੱਲ ਕਿ ਮਜ਼ਾਕ ਕਰਨ ਵਾਲੇ ਨੂੰ ਮਜ਼ਾਕ ਸਹਿਣਾ ਔਖਾ ਲੱਗਦਾ ਹੈ। ਉਹ ਅਕਸਰ ਦੂਜਿਆਂ ਨਾਲ਼ ਮਜ਼ਾਕ ਕਰਦਾ ਹੈ ਪਰ ਆਪਣੀ ਵਾਰੀ ਭੜ੍ਹਕ ਜਾਂਦਾ ਹੈ। ਇਸ ਲਈ ਮਜ਼ਾਕੀਆ ਇਨਸਾਨ ਨੂੰ ਆਪ ਵੀ ਮਜ਼ਾਕ ਸਹਿਣ ਕਰਨ ਦੀ ਹਿੰਮਤ ਰੱਖਣੀ ਜ਼ਰੂਰੀ ਹੈ।
ਇੱਕ ਵਾਰ ਇੱਕ ਪਿੰਡ ਦੀ ਕੁੜੀ ਨੂੰ ਸ਼ਹਿਰ ਵਿੱਚ ਨੌਕਰੀ ਮਿਲ ਗਈ। ਹੁਣ ਉਹ ਵਿਚਾਰੀ ਨਵੀਆਂ ਸਹੂਲਤਾਂ ਤੋਂ ਸੱਖਣੀ ਸੀ। ਘਰ ਵਿੱਚ ਗੁਸਲਖਾਨੇ ਦੇ ਵਿੱਚ ਅੰਗਰੇਜ਼ੀ ਦੀ ਥਾਂ ਦੇਸੀ ਸੀਟ ਸੀ। ਉਹ ਪੜ੍ਹੀ ਵੀ ਸਰਕਾਰੀ ਸਕੂਲਾਂ ਵਿੱਚ ਸੀ ਤੇ ਉੱਥੇ ਵੀ ਉਹੀਓ ਦੇਸੀ ਗੁਸਲਖਾਨੇ ਸਨ। ਇਸ ਕਰਕੇ ਨਵੀਂ ਨੌਕਰੀ ਵਾਲ਼ੀ ਥਾਂ ਅੰਗਰੇਜ਼ੀ ਗੁਸਲਖਾਨਾ ਉਹਨੂੰ ਵਰਤਣਾ ਨਾ ਆਇਆ। ਨਾਲ਼ ਦੀਆਂ ਸਹੇਲੀਆਂ ਨੂੰ ਬਹੁਤ ਜਲਦੀ ਓਹਦੀ ਇਹ ਕਮਜ਼ੋਰੀ ਸਮਝ ਆ ਗਈ ਤੇ ਬੱਸ ਫੇਰ ਕੀ ਸੀ, ਲੱਗੀਆਂ ਨਿੱਤ ਉਸਦਾ ਮਜ਼ਾਕ ਉਡਾਉਣ। ਉਹ ਵਿਚਾਰੀ ਵੀ ਸਮਝਦੀ ਸੀ ਕਿ ਇਹ ਸੱਭ ਗੱਲਾਂ ਮੈਨੂੰ ਹੀ ਸੁਣਾਉਂਦੀਆਂ ਹਨ ਪਰ ਉਹ ਚੁੱਪ ਕਰਕੇ ਸੁਣਦੀ ਰਹਿੰਦੀ। ਹੌਲ਼ੀ ਹੌਲ਼ੀ ਉਸ ਕੁੜੀ ਨੇ ਆਪਣੇ ਆਪ ਨੂੰ ਨਵੀਆਂ ਸਹੂਲਤਾਂ ਅਨੁਸਾਰ ਤਾਂ ਢਾਲ ਲਿਆ ਪਰ ਨਾਲਦੀਆਂ ਦਾ ਮਜ਼ਾਕ ਉਹਨੂੰ ਹਮੇਸ਼ਾਂ ਯਾਦ ਆਉਂਦਾ। ਤੇ ਉਹ ਅਕਸਰ ਸੋਚਦੀ ਕਿ ਜੇ ਮੇਰੀ ਥਾਂ ਕੋਈ ਹੋਰ ਕਮਜ਼ੋਰ ਦਿਲ ਕੁੜੀ ਹੁੰਦੀ ਤਾਂ ਸ਼ਾਇਦ ਨੌਕਰੀ ਛੱਡ ਦਿੰਦੀ। ਪਰ ਉਹਦੀਆਂ ਸਹੇਲੀਆਂ ਨੂੰ ਉਸਨੂੰ ਸਹੀ ਤਰੀਕੇ ਨਾਲ਼ ਸਿਖਾਉਣਾ ਚਾਹੀਦਾ ਸੀ ਨਾ ਕਿ ਉਹਦਾ ਬੇਮਤਲਬ ਮਜ਼ਾਕ ਉਡਾਉਣਾ।
ਕੁੱਝ ਲੋਕ ਦੂਸਰਿਆਂ ਨੂੰ ਹਸਾਉਂਦੇ ਹਨ। ਉਹ ਨਿਰਦੋਸ਼ ਮਜ਼ਾਕ ਕਰਦੇ ਹਨ। ਉਹਨਾਂ ਦਾ ਕੰਮ ਹੀ ਹੱਸਣਾ-ਹਸਾਉਣਾ ਹੁੰਦਾ ਹੈ।ਪਰ ਉਹਨਾਂ ਦਾ ਇਹ ਕੰਮ ਤਦ ਤੱਕ ਹੀ ਕਾਮਯਾਬ ਹੁੰਦਾ ਹੈ ਜਦ ਤੱਕ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ। ਮਾੜੀ ਜਿਹੀ ਜ਼ੁਬਾਨ ਫਿਸਲੀ ਤੇ ਨਾਲ਼ ਹੀ ਸਾਰੀ ਜ਼ਿੰਦਗੀ ਦੀ ਕੀਤੀ ਕਰਾਈ ਤੇ ਪਾਣੀ ਫਿਰ ਜਾਂਦਾ ਹੈ। ਇਸ ਲਈ ਮਜ਼ਾਕ ਕਰੋ ਪਰ ਮਜ਼ਾਕ ਕਰਕੇ ਮਜ਼ਾਕ ਦੇ ਪਾਤਰ ਨਾ ਬਣੋ। ਲੋਕਾਂ ਨੂੰ ਹਸਾਉਣਾ ਬਹੁਤ ਸੋਹਣੀ ਗੱਲ ਹੈ ਪਰ ਮਜ਼ਾਕ ਕਰਕੇ ਕਿਸੇ ਨੂੰ ਨੀਵਾਂ ਨਾ ਦਿਖਾਉ।
ਸੱਭ ਤੋਂ ਪਿਆਰੀ ਗੱਲ ਹੈ ਕਿ ਚਿਹਰੇ ਤੇ ਮੁਸਕਾਨ ਰੱਖੋ। ਤੁਹਾਨੂੰ ਦੇਖ ਕੇ ਪਤਾ ਨਹੀਂ ਕਿੰਨਿਆਂ ਦੇ ਚਿਹਰੇ ਖਿੜ ਜਾਂਦੇ ਹਨ। ਨਿਰਦੋਸ਼ ਮਜ਼ਾਕ ਕਰ ਸਕਦੇ ਹਾਂ ਪਰ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਮਜ਼ਾਕ ਕਰਨਾ ਤੇ ਮਜ਼ਾਕ ਉਡਾਉਣਾ ਦੋਵੇਂ ਵੱਖੋ-ਵੱਖਰੇ ਅਰਥ ਰੱਖਦੇ ਹਨ।
ਸੋ ਆਓ ਇਸ ਦੁਨੀਆਂ ਨੂੰ ਪਿਆਰ ਨਾਲ ਭਰੀਏ, ਹਾਸੇ ਖੇੜੇ ਵੰਡੀਏ। ਬੱਸ ਧਿਆਨ ਇਹ ਰੱਖਣਾ ਹੈ ਕਿ ਸਾਡਾ ਹਾਸਾ-ਮਜ਼ਾਕ ਜੀਵਨ ਦੇਣ ਵਾਲਾ ਹੋਵੇ ਜੀਵਨ ਖੋਹਣ ਵਾਲਾ ਨਹੀਂ।
ਮਨਜੀਤ ਕੌਰ ਧੀਮਾਨ, ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059