You are here

ਦਿੱਲੀ 'ਚ 24 ਤੇ 25 ਫਰਵਰੀ ਨੂੰ ਸਾੜਫੂਕ ਤੇ ਹਿੰਸਾ ਦਾ ਨਮੂਨਾ ਨਵੰਬਰ '84 ਨਾਲ ਮਿਲਦਾ-ਜੁਲਦਾ

ਉੱਤਰ-ਪੂਰਬੀ ਦਿੱਲੀ 'ਚ ਦਰਜਨਾਂ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ, 600 ਤੋਂ ਵੱਧ ਜ਼ਖ਼ਮੀ ਹੋਏ ਹਨ

ਮੁਸਲਿਮ ਭਾਈਚਾਰੇ 'ਚੋਂ ਹਿਜਰਤ ਸ਼ੁਰੂ 

ਨਵੀਂ ਦਿੱਲੀ,29 ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ//ਮਨਜਿੰਦਰ ਗਿੱਲ )- 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ ਪੱਧਰ 'ਤੇ ਹੋਈ ਸਾੜਫੂਕ, ਲੁੱਟ ਤੇ ਕਤਲਾਂ ਦਾ ਸਿਲਸਿਲਾ ਬਿਲਕੁੱਲ ਨਵੰਬਰ '84 ਵਾਲੇ ਨਮੂਨੇ 'ਤੇ ਹੋਇਆ ਹੈ | ਫਰਕ ਸਿਰਫ਼ ਏਨਾ ਹੈ ਕਿ ਨਵੰਬਰ '84 ਦੇ ਦੁਖਾਂਤ ਦਾ ਅਕਾਰ ਤੇ ਘੇਰਾ ਵੱਡਾ ਤੇ ਵਿਸ਼ਾਲ ਸੀ ਤੇ ਤਾਜ਼ਾ ਘਟਨਾਵਾਂ ਉਸ ਨਾਲੋਂ ਕਿਤੇ ਸੀਮਤ ਹਨ, ਪਰ ਪੈਣ ਵਾਲੇ ਪ੍ਰਭਾਵਾਂ ਪੱਖੋਂ ਦੋਵਾਂ ਦੁਖਾਂਤਾਂ ਵਿਚ ਕੋਈ ਫਰਕ ਨਹੀਂ | ਬੜੇ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਅੱਗ ਉਗਲੀ ਜਾ ਰਹੀ ਸੀ ਤੇ ਉਨ੍ਹਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਦੇਸ਼ ਵਿਰੋਧੀ ਹੋਣ ਦੇ ਫਤਵਿਆਂ ਨਾਲ ਨਿਵਾਜਿਆ ਜਾ ਰਿਹਾ ਸੀ | ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਬੇਥਾਹ ਨਫਰਤ ਦੀ ਇਕ ਦੀਵਾਰ ਖੜ੍ਹੀ ਕੀਤੀ ਜਾ ਰਹੀ ਸੀ | 24 ਫਰਵਰੀ ਦੀ ਦੁਪਹਿਰ ਨੂੰ ਕੇਜਰੀਵਾਲ ਸਰਕਾਰ 'ਚ ਮੰਤਰੀ ਰਹੇ ਤੇ ਹੁਣ ਭਾਜਪਾ ਦੇ ਆਗੂ ਬਣੇ ਕਪਿਲ ਮਿਸ਼ਰਾ ਨੇ ਯਮੁਨਾਪਾਰ ਦੇ ਭਜਨਪੁਰ ਚੌਕ 'ਚ ਨਾਗਰਿਕਤਾ ਕਾਨੂੰਨ ਖਿਲਾਫ਼ ਧਰਨਾ ਦੇ ਰਹੀਆਂ ਔਰਤਾਂ ਦੇ ਖਿਲਾਫ਼ ਵੱਡੇ ਪੁਲਿਸ ਅਫਸਰਾਂ ਦੀ ਹਾਜ਼ਰੀ 'ਚ ਭੜਕਾਹਟ ਭਰੀ ਤੇ ਅਪਮਾਨਜਨਕ ਸ਼ਬਦਾਵਲੀ ਵਰਤੇ ਜਾਣ ਤੋਂ ਕਈ ਲੋਕਾਂ ਨੇ ਭਾਣਾ ਵਰਤ ਜਾਣ ਦੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਅਜਿਹੇ ਅੰਦਾਜ਼ਿਆਂ ਨੂੰ ਸੱਚ ਬਣਨ 'ਚ ਕੁਝ ਘੰਟੇ ਵੀ ਨਹੀਂ ਲੱਗੇ | 25-30 ਕਿੱਲੋਮੀਟਰ ਦੇ ਘੇਰੇ ਦੇ ਉੱਤਰ-ਪੂਰਬੀ ਦਿੱਲੀ 'ਚ ਪੈਂਦੇ ਸ਼ਿਵ ਵਿਹਾਰ, ਭਜਨਪੁਰਾ, ਚਾਂਦਬਾਗ, ਜਾਫਰਾਬਾਦ, ਖਜੂਰੀ, ਮੌਜਪੁਰ, ਕਰਦਮਪੁਰੀ, ਮੁਸਤਫਾਬਾਦ, ਬਰਿਜਪੁਰੀ, ਗੋਕਲਪੁਰੀ, ਸੀਲਮਪੁਰ, ਕਬੀਰ ਨਗਰ ਆਦਿ ਪੈਂਦੇ ਖੇਤਰਾਂ 'ਚ ਦਰਜਨਾਂ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ, 600 ਤੋਂ ਵੱਧ ਜ਼ਖ਼ਮੀ ਹੋਏ ਹਨ | ਹਜ਼ਾਰਾਂ ਵਾਹਨ ਅੱਗ ਦੀ ਭੇਟ ਚੜ੍ਹ ਗਏ ਹਨ | ਸੈਂਕੜਿਆਂ ਦੀ ਗਿਣਤੀ ਵਿਚ ਦੁਕਾਨਾਂ ਸਾੜੀਆਂ ਤੇ ਲੁੱਟੀਆਂ ਗਈਆਂ ਹਨ | ਸੈਂਕੜਿਆਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ ਹਨ | ਇਨ੍ਹਾਂ ਸਾਰੇ ਖੇਤਰਾਂ 'ਚ ਮੌਕੇ 'ਤੇ ਜਾ ਕੇ ਲੋਕਾਂ ਨਾਲ ਕੀਤੀ ਗੱਲਬਾਤ ਤੇ ਦਿੱਲੀ 'ਚ ਰਾਜਸੀ, ਪੱਤਰਕਾਰ ਤੇ ਪ੍ਰਸ਼ਾਸਨਿਕ ਖੇਤਰ ਦੀਆਂ ਸ਼ਖ਼ਸੀਅਤਾਂ ਨਾਲ ਗੱਲਬਾਤ ਤੋਂ ਇਸ 'ਚ ਕੋਈ ਸ਼ੰਕਾ ਨਹੀਂ ਕਿ ਦਿੱਲੀ 'ਚ ਵਸਦੇ ਦੋ ਮੁੱਖ ਫਿਰਕਿਆਂ ਵਿਚਕਾਰ ਫਿਰਕੂ ਨਫਰਤ ਤੇ ਦਰਾੜ ਬੜੀ ਡੂੰਘੀ ਉਕਰੀ ਗਈ ਹੈ | ਬੇਵਿਸ਼ਵਾਸੀ ਤੇ ਭੈਅ ਘੱਟ ਗਿਣਤੀ ਫਿਰਕੇ ਦੇ ਹਰ ਸ਼ਖਸ ਦੇ ਚਿਹਰੇ ਤੋਂ ਸਹਿਜੇ ਹੀ ਪੜਿ੍ਹਆ ਜਾ ਸਕਦਾ ਹੈ | ਅੱਜ 6 ਦਿਨ 144 'ਚ ਕੁਝ ਘੰਟਿਆਂ ਲਈ ਦਿੱਤੀ ਢਿੱਲ ਦੇ ਬਾਵਜੂਦ ਪ੍ਰਭਾਵਿਤ ਇਲਾਕਿਆਂ 'ਚ ਕਿਸੇ ਨੇ ਵੀ ਨਾ ਕੋਈ ਦੁਕਾਨ ਖੋਲ੍ਹੀ ਤੇ ਨਾ ਕੋਈ ਸਕੂਲ, ਕਾਲਜ ਹੀ ਖੁੱਲ੍ਹਾ ਦਿਖਾਈ ਦਿੱਤਾ | ਇਥੋਂ ਤੱਕ ਕਿ ਸਬਜ਼ੀ, ਦੁੱਧ ਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਨਹੀਂ ਸਨ ਖੁੱਲ੍ਹੀਆਂ | ਅਰਧ ਫੌਜੀ ਦਲਾਂ ਦਾ ਸਖ਼ਤ ਪਹਿਰਾ ਹੈ ਤੇ ਦਿੱਲੀ ਪੁਲਿਸ ਦੇ ਅਧਿਕਾਰੀ ਗੱਡੀਆਂ 'ਚ ਬੈਠ ਕੇ ਘੁੰਮਦੇ ਨਜ਼ਰ ਆ ਰਹੇ ਸਨ |

 

ਹਿੰਸਾ ਇਕੋ ਤਰਜ਼ 'ਤੇ ਹੋਈ,1984 ਵਾਂਗ ਹੀ ਸੀ ਹਿੰਸਾ ਤੇ ਸਾੜਫੂਕ ਦਾ ਦਰਦਨਾਕ ਮੰਜ਼ਰ


24 ਤੇ 25 ਫਰਵਰੀ ਨੂੰ ਸਾੜਫੂਕ ਤੇ ਹਿੰਸਾ ਦਾ ਨਮੂਨਾ ਨਵੰਬਰ '84 ਨਾਲ ਮਿਲਦਾ-ਜੁਲਦਾ ਸੀ | ਲੋਕਾਂ ਦੇ ਵਿਸ਼ਾਲ ਹਿੱਸਿਆਂ ਤੇ ਬਹੁਤ ਸਾਰੇ ਸਮਾਜ ਸੇਵਕਾਂ ਨਾਲ ਗੱਲਬਾਤ 'ਚ ਇਹੀ ਗੱਲ ਉੱਭਰੀ ਕਿ ਸਾੜਫੂਕ ਤੇ ਕਤਲ ਪੂਰੀ ਤਰ੍ਹਾਂ ਵਿਉਂਤਬੱਧ ਸਨ | ਸਾਰੇ ਹੀ ਮੁਹੱਲਿਆਂ 'ਚ ਹੋ-ਹੱਲਾ ਮਚਾਉਂਦੇ ਹਮਲਾਵਰਾਂ ਦੇ ਮੂੰਹ-ਸਿਰ ਹੈਲਮਟਾਂ ਨਾਲ ਢਕੇ ਹੋਣ ਦੀ ਗੱਲ ਸਾਹਮਣੇ ਆਈ ਹੈ | ਮੁਹੱਲਿਆਂ ਵਿਚ ਘੱਟ ਗਿਣਤੀ ਵਰਗ ਦੇ ਲੋਕ ਸ਼ਰੇਆਮ ਕਹਿੰਦੇ ਸੁਣੇ ਜਾਂਦੇ ਹਨ ਕਿ ਮੁਹੱਲੇ ਦਾ ਕੋਈ ਵਿਅਕਤੀ ਹਿੰਸਾ 'ਚ ਸ਼ਾਮਿਲ ਨਹੀਂ ਸੀ, ਪਤਾ ਨਹੀਂ ਇਹ ਲੋਕ ਕਿਥੋਂ ਆਏ | ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਰਸਤਿਆਂ 'ਚ ਰੋਕ ਕੇ ਖਾਸ ਕਰ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ | ਗੁਰੂ ਤੇਗ ਬਹਾਦਰ ਹਸਪਤਾਲ ਦਿਲਸ਼ਾਦ ਗਾਰਡਨ 'ਚ ਆਈਆਂ ਲਾਸ਼ਾਂ ਸੰਭਾਲਣ ਤੇ ਸਸਕਾਰ ਕਰਾਉਣ 'ਚ ਸ਼ਾਮਿਲ ਸਮਾਜ ਸੇਵੀ ਸੰਸਥਾ ਦੇ ਮੁਖੀ ਸਾਬਕਾ ਵਿਧਾਇਕ ਆਗੂ ਸ: ਜਤਿੰਦਰ ਸਿੰਘ ਸ਼ੰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੋਲੀਆਂ ਮਿੱਥ ਕੇ ਮਾਰੀਆਂ ਗਈਆਂ ਤੇ ਮਰਨ ਵਾਲੇ ਸਾਰੇ ਨੌਜਵਾਨ ਸਨ ਤੇ ਗੋਲੀਆਂ ਉਨ੍ਹਾਂ ਦੇ ਮੱਥੇ, ਮੂੰਹ ਜਾਂ ਛਾਤੀ ਵਿਚ ਲੱਗੀਆਂ | ਹਮਲਾਵਰ ਗਰੋਹਾਂ 'ਚ ਆਏ ਤੇ ਉਨ੍ਹਾਂ ਦੇ ਹੱਥਾਂ 'ਚ ਹਥਿਆਰ ਸਨ ਤੇ ਮੂੰਹ ਢਕੇ ਹੋਏ ਸਨ | ਹਮਲਾਵਰਾਂ ਨੇ ਆਉਂਦਿਆਂ ਹੀ ਸੜਕਾਂ ਤੇ ਗਲੀਆਂ 'ਚ ਖੜ੍ਹੇ ਵਾਹਨਾਂ ਨੂੰ ਅੱਗਾਂ ਲਗਾਈਆਂ, ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਦੁਕਾਨਾਂ ਚੁਣ ਕੇ ਸਾੜੀਆਂ ਤੇ ਲੁੱਟੀਆਂ | ਸ਼ਿਵ ਵਿਹਾਰ 'ਚ ਮੀਲ ਲੰਬੀ ਪਟੀ 'ਚ ਸੜੇ ਵਾਹਨ ਖੜ੍ਹੇ ਹਨ | ਚਾਰ ਮਸਜਿਦਾਂ ਤੇ ਦੋ ਮਦਰੱਸਿਆਂ ਨੂੰ ਅੱਗ ਲੱਗੀ | ਲੋਕਾਂ ਨਾਲ ਗੱਲਬਾਤ 'ਚੋਂ ਇਹ ਗੱਲ ਹੀ ਨਜ਼ਰ ਆਈ ਕਿ ਇਹ ਦੋ ਫਿਰਕਿਆਂ ਦੀ ਲੜਾਈ ਜਾਂ ਦੰਗੇ ਨਹੀਂ ਸਨ, ਸਗੋਂ ਮਿੱਥ ਕੇ ਫੈਲਾਈ ਗਈ ਹਿੰਸਾ ਸੀ, ਜਿਸ ਵਿਚ ਇਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ |

ਘੱਟ ਗਿਣਤੀ 'ਚ ਹਿਜਰਤ ਸ਼ੁਰੂ


ਨਵੰਬਰ '84 'ਚ ਜਿਸ ਤਰ੍ਹਾਂ ਹਿੰਸਾ ਪੀੜਤ ਸ਼ਹਿਰਾਂ ਤੋਂ ਵੱਡੀ ਗਿਣਤੀ ਸਿੱਖ ਹਿਜਰਤ ਕਰਕੇ ਪੰਜਾਬ ਚਲੇ ਗਏ ਸਨ, ਲਗਪਗ ਉਸੇ ਤਰ੍ਹਾਂ ਪ੍ਰਭਾਵਿਤ ਖੇਤਰਾਂ ਦੇ ਲੋਕ ਜੇ ਆਪ ਨਹੀਂ ਗਏ ਤਾਂ ਉਨ੍ਹਾਂ ਆਪਣੀਆਂ ਔਰਤਾਂ ਤੇ ਨੌਜਵਾਨਾਂ ਨੂੰ ਲਾਗਲੇ ਸੂਬਿਆਂ ਖਾਸ ਕਰ ਉੱਤਰ ਪ੍ਰਦੇਸ਼ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਹੈ | ਪ੍ਰਭਾਵਿਤ ਖੇਤਰਾਂ ਵਿਚ ਅਸੀਂ ਦੇਖਿਆ ਕਿ ਕੋਈ ਟਾਵੀਂ-ਟੱਲੀ ਔਰਤ ਹੀ ਬਾਜ਼ਾਰ ਜਾਂ ਸੜਕ 'ਤੇ ਨਜ਼ਰ ਆ ਰਹੀ ਸੀ | ਬੜੀ ਝਿਜਕ ਮਹਿਸੂਸ ਕਰਦਿਆਂ ਸ਼ਿਵ ਵਿਹਾਰ ਤੇ ਚਾਂਦ ਬਾਗ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਹ ਗੱਲ ਪ੍ਰਵਾਨ ਕੀਤੀ ਕਿ ਉਨ੍ਹਾਂ ਆਪਣੀਆਂ ਔਰਤਾਂ ਤੇ ਨੌਜਵਾਨ ਬੱਚਿਆਂ ਨੂੰ ਏਧਰ-ਓਧਰ ਭੇਜਣਾ ਹੀ ਬਿਹਤਰ ਸਮਝਿਆ ਹੈ | ਸਰਕਾਰੀ ਪੱਧਰ 'ਤੇ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਤੇ ਭਰੋਸਾ ਜਗਾਉਣ ਲਈ ਹਾਲੇ ਤੱਕ ਕੋਈ ਖਾਸ ਯਤਨ ਸਾਹਮਣੇ ਨਹੀਂ ਆਇਆ |
 

ਸਿੱਖ ਸੰਸਥਾਵਾਂ ਸੇਵਾ 'ਚ ਲੱਗੀਆਂ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਫੈਸਲੇ ਮੁਤਾਬਿਕ ਅੱਜ ਵੀ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਵਲੋਂ ਪ੍ਰਭਾਵਿਤ ਖੇਤਰਾਂ ਵਿਚ ਸਵੇਰੇ-ਸ਼ਾਮ ਲੰਗਰ ਵਰਤਾਇਆ ਗਿਆ | ਹੈਰਾਨੀ ਦੀ ਗੱਲ ਹੈ ਕਿ ਸਰਕਾਰ ਆਪ ਰਾਹਤ ਕਾਰਜ ਆਰੰਭ ਕਰਨ ਦੀ ਬਜਾਏ ਗੁਰਦੁਆਰਿਆਂ ਵਲੋਂ ਵਰਤਾਏ ਜਾਂਦੇ ਲੰਗਰ ਵਿਚ ਹੀ ਹਾਜ਼ਰੀ ਲੁਆਉਣ ਤੱਕ ਸੀਮਤ ਹੈ |