You are here

ਵਿਕਾਸ ਮੁਖੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸ਼ਲਾਘਾ 

ਦੋ ਸਾਲਾਂ ਦੌਰਾਨ ਪੰਜਾਬੀਆਂ ਦੇ ਜੀਵਨ ਵਿਚ ਮਹੱਤਵਪੂਰਨ ਸੁਧਾਰ ਲਿਆਉਣ ਦਾ ਵਾਅਦਾ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ,ਫ਼ਰਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

 ਸਾਲ 2020-21 ਲਈ ਵਿਕਾਸ ਮੁਖੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਦੋ ਸਾਲਾਂ ਦੌਰਾਨ ਪੰਜਾਬੀਆਂ ਦੇ ਜੀਵਨ ਵਿਚ ਮਹੱਤਵਪੂਰਨ ਸੁਧਾਰ ਲਿਆਉਣ ਦਾ ਵਾਅਦਾ ਕੀਤਾ | ਉਨ੍ਹਾਂ ਕਿਹਾ ਕਿ ਵਿੱਤੀ ਹਲਾਤ ਹੁਣ ਕਾਬੂ ਹੇਠ ਹਨ ਤੇ ਰਾਜ ਦੀ ਆਰਥਿਕ ਸਥਿਤੀ ਪਹਿਲੇ ਨਾਲੋਂ ਕਾਫ਼ੀ ਬਿਹਤਰ ਹੈ | ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖੀ ਬਜਟ ਯੋਜਨਾਵਾਂ ਨਾਲ ਵਿੱਤ ਮੰਤਰੀ ਨੇ ਇਕ ਪ੍ਰਗਤੀਸ਼ੀਲ 'ਰੋਡਮੈਪ' ਤਿਆਰ ਕੀਤਾ ਹੈ, ਜੋ ਰਾਜ ਦੇ ਸਰਬਪੱਖੀ ਵਿਕਾਸ ਲਈ ਰਾਹ ਪੱਧਰਾ ਕਰੇਗਾ, ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਮਿਲੇਗਾ | ਬਜਟ ਪੇਸ਼ ਕਰਨ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲਈ ਅਕਾਲੀਆਂ 'ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀਆਂ ਦਾ ਇਕੋ ਉਦੇਸ਼ ਕਾਂਗਰਸ ਸਰਕਾਰ ਨੂੰ ਸੂਬੇ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੋ ਰੋਕਣਾ ਸੀ| ਉਨ੍ਹਾਂ ਕਿਹਾ ਕਿ ਅਕਾਲੀ, ਜਿਨ੍ਹਾਂ ਨੇ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਸੂਬੇ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ, ਸਪੱਸ਼ਟ ਤੌਰ 'ਤੇ ਇਨ੍ਹਾਂ ਕਾਰਵਾਈਆਂ ਨਾਲ ਲੋਕਾਂ ਦਾ ਧਿਆਨ ਵਿਕਾਸ ਮੁਖੀ ਬਜਟ ਤੋਂ ਲਾਂਭੇ ਕਰਨਾ ਚਾਹੁੰਦੇ ਸਨ | ਇਕ ਬਿਆਨ ਵਿਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਤਿੰਨ ਸਾਲਾਂ ਦੇ ਅੰਦਰ ਸੂਬਾ ਮੁੜ ਲੀਹ 'ਤੇ ਆ ਗਿਆ ਹੈ ਤੇ ਅਜਿਹੀ ਸਥਿਤੀ ਵਿਚ ਪਹੁੰਚ ਗਿਆ ਹੈ, ਜਿਥੇ ਸਾਲ 2020-21 ਲਈ ਕੋਈ ਫੰਡਿੰਗ ਗੈਪ ਨਹੀਂ ਹੈ ਉਨ੍ਹਾਂ ਅਗਲੇ ਦੋ ਸਾਲਾਂ ਵਿਚ ਸਥਿਤੀ ਵਿਚ ਹੋਰ ਸੁਧਾਰ ਦਾ ਵਾਅਦਾ ਕੀਤਾ |

 

ਜਲ ਸਪਲਾਈ ਤੇ ਸੈਨੀਟੇਸ਼ਨ ਲਈ ਬਜਟ 'ਚ 2029 ਕਰੋੜ 

 ਜਲ ਸਪਲਾਈ ਤੇ ਸੈਨੀਟੇਸ਼ਨ ਲਈ ਬਜਟ 'ਚ 2029 ਕਰੋੜ ਰੁਪਏ ਰੱਖੇ ਗਏ ਹਨ ਜੋ ਚਾਲੂ ਸਾਲ ਨਾਲੋਂ 128 ਪ੍ਰਤੀਸ਼ਤ ਵੱਧ ਹਨ | ਉਨ੍ਹਾਂ ਦੱਸਿਆ ਕਿ ਸਰਕਾਰ 600 ਹੋਰ ਖੇਤਰਾਂ ਨੂੰ 886 ਕਰੋੜ ਦੀ ਲਾਗਤ ਨਾਲ ਆਉਂਦੇ ਵਿੱਤੀ ਸਾਲ 'ਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸੰਗਰੂਰ 'ਚ ਵੀ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨੂੰ ਦੇਖਦਿਆਂ ਇਸ ਖੇਤਰ ਲਈ ਵੀ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੀ ਜਲ ਸਪਲਾਈ ਲਈ ਵੀ 30 ਕਰੋੜ ਰੁਪਏ ਰੱਖੇ ਗਏ ਹਨ ਅਤੇ 8 ਕਰੋੜ ਰੁਪਏ ਫਰੀਦਕੋਟ ਨੂੰ ਜਲ ਸਪਲਾਈ ਲਈ ਦਿੱਤੇ ਜਾ ਰਹੇ ਹਨ | ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਹੁਸ਼ਿਆਰਪੁਰ, ਮੋਗਾ, ਸੰਗਰੂਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ 4 ਪਾਣੀ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ |

 

ਮੈਡੀਕਲ ਸਿੱਖਿਆ ਲਈ ਬਜਟ ਵਿਚ 897 ਕਰੋੜ

 ਮੈਡੀਕਲ ਸਿੱਖਿਆ ਲਈ ਬਜਟ ਵਿਚ 897 ਕਰੋੜ ਰੱਖੇ ਗਏ ਹਨ ਜੋ ਚਾਲੂ ਸਾਲ ਨਾਲੋਂ 49 ਪ੍ਰਤੀਸ਼ਤ ਵੱਧ ਹਨ | ਉਨ੍ਹਾਂ ਕਿਹਾ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਨਵੇਂ ਕਾਲਜਾਂ ਲਈ 10-10 ਕਰੋੜ ਅਤੇ ਪਟਿਆਲਾ, ਅੰਮਿ੍ਤਸਰ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਦੇ ਨਵੀਨੀਕਰਨ ਲਈ 224 ਕਰੋੜ ਰੁਪਏ ਅਤੇ ਫਾਜ਼ਿਲਕਾ ਵਿਖੇ ਕੈਂਸਰ ਕੇਅਰ ਸੈਂਟਰ ਅਤੇ ਅੰਮਿ੍ਤਸਰ ਤੇ ਹੁਸ਼ਿਆਰਪੁਰ ਵਿਚ ਸਟੇਟ ਕੈਂਸਰ ਇੰਸਟੀਚਿਊਟ ਲਈ 72 ਕਰੋੜ ਰੁਪਏ ਰੱਖੇ ਗਏ ਹਨ |

 

ਬਿਜਲੀ ਨਿਗਮ ਨੂੰ ਸਬਸਿਡੀ ਵਜੋਂ ਦੇਣ ਲਈ 12,250 ਕਰੋੜ

ਆਉਂਦੇ ਵਿੱਤੀ ਸਾਲ ਲਈ ਬਿਜਲੀ ਨਿਗਮ ਨੂੰ ਸਬਸਿਡੀ ਵਜੋਂ ਦੇਣ ਲਈ 12,250 ਕਰੋੜ ਰੁਪਏ ਬਜਟ ਵਿਚ ਰੱਖੇ ਗਏ ਹਨ | ਉਨ੍ਹਾਂ ਦੱਸਿਆ ਕਿ ਚਾਲੂ ਸਾਲ ਵਿਚ ਬਿਜਲੀ ਨਿਗਮ ਨੂੰ ਸਬਸਿਡੀ ਵਜੋਂ 12,000 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ, ਜਦੋਂਕਿ ਬਾਕੀ ਰਹਿੰਦੇ 2500 ਕਰੋੜ ਰੁਪਏ ਨਿਗਮ ਨੂੰ ਅਗਲੇ ਸਾਲ ਵਿਚ ਦਿੱਤੇ ਜਾਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਵਿਚ ਸਨਅਤਾਂ ਨੂੰ ਆਉਂਦੇ ਵਿੱਤੀ ਸਾਲ ਵਿਚ 2267 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ |

 

ਸੈਰ-ਸਪਾਟਾ ਅਤੇ ਸੱਭਿਆਚਾਰਕ ਕੰਮਾਂ ਲਈ ਬਜਟ 'ਚ 447 ਕਰੋੜ

 ਸੈਰ-ਸਪਾਟਾ ਅਤੇ ਸੱਭਿਆਚਾਰਕ ਕੰਮਾਂ ਲਈ ਬਜਟ 'ਚ 447 ਕਰੋੜ ਰੁਪਏ ਰੱਖੇ ਗਏ ਹਨ | 100 ਕਰੋੜ ਰੁਪਏ ਸਵਦੇਸ਼ ਦਰਸ਼ਨ ਸਕੀਮ ਹੇਠ, 25 ਕਰੋੜ ਰੁਪਏ ਪਟਿਆਲਾ ਵਿਰਾਸਤੀ ਸਟਰੀਟ ਦੀ ਸਥਾਪਤੀ ਲਈ ਅਤੇ 25 ਕਰੋੜ ਰੁਪਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਮਨਾਉਣ ਲਈ ਰੱਖੇ ਗਏ ਹਨ |

 

1000 ਏਕੜ ਵਾਲੇ 3 ਨਵੇਂ ਮੈਗਾ ਸਨਅਤੀ ਪਾਰਕ ਸਥਾਪਿਤ ਕਰਨ ਦਾ ਵੀ ਐਲਾਨ

 1000 ਏਕੜ ਵਾਲੇ 3 ਨਵੇਂ ਮੈਗਾ ਸਨਅਤੀ ਪਾਰਕ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਅਤੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਵਿਚ ਵਜੀਰਾਬਾਦ ਵਿਖੇ ਦਵਾਈਆਂ ਬਣਾਉਣ ਦੀਆਂ ਸਨਅਤਾਂ ਲਈ 125 ਏਕੜ ਦਾ ਸਨਅਤੀ ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਠਾਨਕੋਟ, ਅੰਮਿ੍ਤਸਰ, ਗੋਇੰਦਵਾਲ, ਚਨਾਲੋਂ, ਹੁਸ਼ਿਆਰਪੁਰ, ਬਟਾਲਾ, ਕੋਟਕਪੂਰਾ, ਮੋਗਾ, ਸੰਗਰੂਰ, ਖੰਨਾ, ਨਾਭਾ, ਡੇਰਾਬਸੀ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਨਅਤੀ ਫੋਕਲ ਪੁਆਇੰਟਾਂ ਦੇ ਨਵੀਨੀਕਰਨ ਲਈ 131 ਕਰੋੜ ਰੁਪਏ ਰੱਖੇ ਗਏ ਹਨ |

 

ਆਉਂਦੇ ਵਿੱਤੀ ਸਾਲ ਦੌਰਾਨ ਗੁਰਦਾਸਪੁਰ ਅਤੇ ਬਲਾਚੌਰ ਵਿਖੇ 2 ਨਵੇਂ ਐਗਰੀਕਲਚਰ ਕਾਲਜ ਸਥਾਪਿਤ ਕਰਨ ਦਾ ਫ਼ੈਸਲਾ

 ਆਉਂਦੇ ਵਿੱਤੀ ਸਾਲ ਦੌਰਾਨ ਗੁਰਦਾਸਪੁਰ ਅਤੇ ਬਲਾਚੌਰ ਵਿਖੇ 2 ਨਵੇਂ ਐਗਰੀਕਲਚਰ ਕਾਲਜ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਸੂਬੇ ਵਿਚ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਬਜਟ ਵਿਚ 200 ਕਰੋੜ ਰੁਪਏ ਰੱਖੇ ਗਏ ਹਨ ਅਤੇ ਇਸੇ ਤਰ੍ਹਾਂ ਗੁਰਦਾਸਪੁਰ ਅਤੇ ਬਟਾਲਾ ਦੀਆਂ ਖੰਡ ਮਿੱਲਾਂ ਦਾ ਨਵੀਨੀਕਰਨ ਕਰਨ ਲਈ ਬਜਟ ਵਿਚ 50 ਕਰੋੜ ਰੁਪਏ ਅਤੇ ਗੰਨਾ ਉਤਪਾਦਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ 100 ਕਰੋੜ ਰੁਪਏ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਧੀਨ ਇਕ ਐਗਰੀਕਲਚਰ ਮਾਰਕੀਟਿੰਗ ਇਨੋਵੇਸ਼ਨ ਰਿਸਰਚ ਅਤੇ ਇੰਟੈਲੀਜੈਂਸ ਸੈਂਟਰ ਸਥਾਪਿਤ ਕਰਨ ਦਾ ਵੀ ਫ਼ੈਸਲਾ ਲਿਆ ਹੈ, ਜਿਸ ਲਈ 10 ਕਰੋੜ ਰੁਪਏ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ 4 ਨਵੀਆਂ ਬਾਗਬਾਨੀ ਮਿਲਖਾਂ ਵੇਰਕਾ, ਅੰਮਿ੍ਤਸਰ ਜੋ ਨਾਸ਼ਪਾਤੀ ਮਿਲਖ ਹੋਵੇਗੀ ਅਤੇ ਸੁਜਾਨਪੁਰ ਲੀਚੀ ਮਿਲਖ, ਵਜ਼ੀਦਪੁਰ ਪਟਿਆਲਾ ਅਮਰੂਦ ਮਿਲਖ ਅਤੇ ਕੋਟਕਪੂਰਾ ਵਿਖੇ ਬਾਗਬਾਨੀ ਮਿਲਖ ਸਥਾਪਿਤ ਕਰਨ ਦਾ ਵੀ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਸੂਬੇ ਨੂੰ 3,839 ਕਰੋੜ ਦੇ ਨਿਵੇਸ਼ ਵਾਲੀਆਂ ਫੂਡ ਪ੍ਰੋਸੈਸਿੰਗ ਸਨਅਤਾਂ ਲਈ 166 ਪ੍ਰਾਜੈਕਟ ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਪਿੰਡ ਸੱਪਾਂਵਾਲੀ ਵਿਖੇ ਗੜਵਾਸੂ ਵੈਟਰਨਰੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਦੀ ਸਥਾਪਨਾ ਲਈ 62 ਕਰੋੜ ਰੁਪਏ ਖਰਚੇ ਜਾਣਗੇ ਅਤੇ ਤਰਨਤਾਰਨ ਵਿਖੇ ਮੱਝ ਖੋਜ ਕੇਂਦਰ ਦੀ ਸਥਾਪਨਾ ਲਈ 20 ਕਰੋੜ ਰੁਪਏ ਅਤੇ ਬਸੀ ਪਠਾਣਾਂ ਵਿਖੇ ਵੇਰਕਾ ਮੈਗਾ ਡੇਅਰੀ ਪ੍ਰਾਜੈਕਟ ਨੂੰ ਇਸ ਸਾਲ ਵਿਚ 41 ਕਰੋੜ ਦੀ ਲਾਗਤ ਨਾਲ ਚਾਲੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਪੂਰਥਲਾ ਵਿਖੇ 13 ਕਰੋੜ ਦੀ ਲਾਗਤ ਨਾਲ ਨਵਾਂ ਕੈਟਲ ਫੀਡ ਪਲਾਂਟ ਵੀ ਲਗਾਇਆ ਜਾ ਰਿਹਾ ਹੈ | ਅਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ ਵੀ 25 ਕਰੋੜ ਰੁਪਏ ਰੱਖੇ ਗਏ ਹਨ |

 

ਸਮਾਰਟ ਫ਼ੋਨ ਵੰਡਣ ਲਈ 100 ਕਰੋੜ

 ਬਜਟ 'ਚ ਸਮਾਰਟ ਫ਼ੋਨ ਵੰਡਣ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਅਤੇ ਸਰਕਾਰ 10 ਲੱਖ ਸਮਾਰਟ ਫ਼ੋਨ ਵੰਡਣਾ ਚਾਹੁੰਦੀ ਹੈ ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਚੀਨ ਤੋਂ ਆਵਾਜਾਈ ਰੁਕਣ ਕਾਰਨ ਇਨ੍ਹਾਂ ਫ਼ੋਨਾਂ ਦੀ ਪ੍ਰਾਪਤੀ ਦੇਰੀ ਨਾਲ ਹੋ ਰਹੀ ਹੈ |

 

ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ 60 ਦਿਨਾਂ 'ਚ ਦਿੱਤੇ ਜਾਣ ਦੇ ਆਦੇਸ਼

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ 60 ਦਿਨਾਂ 'ਚ ਦਿੱਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਰਹਿੰਦੇ ਸਾਰੇ ਬਕਾਇਆ ਕੇਸ 60 ਦਿਨਾਂ ਵਿਚ ਨਬੇੜਨ ਲਈ ਕਿਹਾ ਗਿਆ ਹੈ |