ਲੁਧਿਆਣਾ, ਅਪ੍ਰੈਲ 2021( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) -
ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਅਮਿਤ ਨੇ ਦੱਸਿਆ ਕਿ ਅੱਜ ਸਵੇਰੇ ਸਿਵਲ ਹਸਪਤਾਲ ਲੁਧਿਆਣਾ ਤੋਂ ਰੈਫਰ ਕਰਕੇ 2 ਮਹੀਨੇ ਦੇ ਇੱਕ ਬੱਚੇ ਨੂੰ ਇਲਾਜ ਲਈ ਹਸਪਤਾਲ ਵਿਚ ਭੇਜਿਆ ਗਿਆ ਸੀ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਜਦੋਂ ਬੱਚੇ ਵਿਚ ਕੋਰੋਨਾ ਦੇ ਲੱਛਣ ਮਹਿਸੂਸ ਹੋਏ ਤਾਂ ਉਸ ਦੀ ਲੈਬ ਜਾਂਚ ਕਰਵਾਈ ਗਈ, ਜਿਸ ਦੌਰਾਨ ਬੱਚਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ । ਉਕਤ ਡਾਕਟਰ-ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਇਲਾਜ ਕਰ ਰਹੀ ਡਾ. ਮੋਨਿਕਾ ਸ਼ਰਮਾ ਨੇ ਬੱਚੇ ਦੀ ਬਿਮਾਰੀ ਲੱਭਣ ਲਈ ਜਦੋਂ ਉਸ ਦੇ ਪਿਸ਼ਾਬ ਨਾਲ ਸਬੰਧਿਤ ਯੂ. ਟੀ .ਆਈ. ਟੈਸਟ ਕਰਵਾਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਬੱਚਾ ਕੋਰੋਨਾ ਤੋਂ ਪ੍ਰਭਾਵਿਤ ਜਾਪਦਾ ਹੈ ਅਤੇ ਇਸ ਪਿੱਛੋਂ ਉਸ ਦੀ ਕੋਰੋਨਾ ਲੈਬ ਜਾਂਚ ਕੀਤੀ ਗਈ, ਤਾਂ ਉਹ ਪਾਜ਼ੀਟਿਵ ਪਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬੱਚੇ ਉਪਰ ਡਾਕਟਰੀ ਟੀਮ ਵਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਅਤੇ ਬੱਚੇ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ।