ਚੰਡੀਗੜ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-
ਅੱਜ ਪੇਸ਼ ਕੀਤੇ ਗਏ ਬਜਟ 2020-21 ਵਿੱਚ ਜ਼ਿਲਾ ਲੁਧਿਆਣਾ ਨੂੰ ਨਵੇਂ ਵਿਕਾਸ ਕਾਰਜਾਂ ਲਈ ਫੰਡ ਰੱਖਣ 'ਤੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਆਸ਼ੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਥਾਨਕ ਮਾਡਲ ਗਰਾਮ ਸਥਿਤ ਸਰਕਾਰੀ ਆਯੁਰਵੈਦਿਕ ਹਸਪਤਾਲ ਨੂੰ ਅਤਿ-ਆਧੁਨਿਕ ਥੈਲੇਸੇਮੀਆ ਸੈਂਟਰ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ, ਜਿੱਥੇ ਕਿ ਥੈਲੇਸੇਮੀਆ ਤੋਂ ਪੀੜਤ ਮਰੀਜ਼ਾਂ ਦਾ ਆਯੁਰਵੈਦਿਕ ਵਿਧੀ ਨਾਲ ਇਲਾਜ ਕੀਤਾ ਜਾਇਆ ਕਰੇਗਾ। ਬਜਟ ਵਿੱਚ ਬੁੱਢਾ ਨਾਲੇ ਦੀ ਕਾਇਆ ਕਲਪ ਕਰਨ ਲਈ 650 ਕਰੋੜ ਰੁਪਏ ਰੱਖੇ ਗਏ ਹਨ, ਇਸ ਫੰਡ ਨਾਲ ਬੁੱਢੇ ਨਾਲੇ ਦੀ ਪਹਿਲੇ ਗੇੜ ਦੀ ਸਫਾਈ ਦਾ ਕੰਮ ਆਰੰਭ ਹੋਵੇਗਾ। ਵਿੱਤ ਮੰਤਰੀ ਵੱਲੋਂ ਨੂਰਮਹਿਲ-ਧਾਂਗੜਾ (ਜਲੰਧਰ) ਤੋਂ ਪਿੰਡ ਭੂੰਦੜੀ (ਲੁਧਿਆਣਾ) ਤੱਕ ਪੁੱਲ ਦਾ ਨਿਰਮਾਣ ਕਰਨ ਦਾ ਵੀ ਪ੍ਰਸਤਾਵ ਲਿਆਂਦਾ ਗਿਆ ਹੈ। ਸਾਲ 2020-21 ਦੌਰਾਨ ਰਾਜਪੁਰਾ ਤੋਂ ਲੁਧਿਆਣਾ ਤੱਕ ਫਰੇਟ ਕਾਰੀਡੋਰ ਰੇਲ ਲਾਈਨ ਵਿਛਾਉਣ ਲਈ 35 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਇਸ ਰੇਲਵੇ ਲਾਈਨ ਨਾਲ ਖਿੱਤੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਸੂਬੇ ਵਿੱਚ ਸਥਾਨਕ ਹਲਾਤਾਂ ਮੁਤਾਬਿਕ ਫੁੱਲਾਂ ਦੀ ਕਾਸ਼ਤ ਨਾਲ ਸੰਬੰਧਤ ਤਕਨੀਕੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਦੋਰਾਹਾ ਵਿਖੇ ਹਾਲੈਂਡ ਦੀ ਭਾਗੀਦਾਰੀ ਨਾਲ ਸੈਂਟਰ ਆਫ਼ ਐਕਸੀਲੈਂਸ ਆਫ਼ ਫਲੋਰੀਕਲਚਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਸ਼ੂ ਧੰਨ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ ਲੁਧਿਆਣਾ ਨੂੰ 32 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰਨ ਦਾ ਵੀ ਪ੍ਰਸਤਾਵ ਹੈ। ਪੰਜਾਬ ਸਰਕਾਰ ਵੱਲੋਂ ਰਾਏਕੋਟ, ਮਾਛੀਵਾੜਾ ਅਤੇ ਲਾਡੋਵਾਲ ਵਿਖੇ ਉਦਯੋਗਿਕ ਸਿਖ਼ਲਾਈ ਸੰਸਥਾਨ (ਸਰਕਾਰੀ ਆਈ. ਟੀ. ਆਈਜ਼) ਸਥਾਪਤ ਕੀਤੀਆਂ ਜਾਣੀਆਂ ਹਨ। ਆਸ਼ੂ ਨੇ ਦੱਸਿਆ ਕਿ ਸ਼ਹਿਰ ਲੁਧਿਆਣਾ ਦੀ ਹਵਾ ਗੁਣਵੱਤਾ ਵਿੱਚ ਸੁਧਾਰ ਲਿਆਉਣ, ਧਰਤੀ ਹੇਠਲੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਅਤੇ ਸੈਨੀਟੇਸ਼ਨ ਸਹੂਲਤਾਂ ਮੁਹੱਈਆ ਕਰਾਉਣ ਲਈ 104 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਵਿਧਾਨ ਸਭਾ ਹਲਕਾ ਲੁਧਿਆਣਾ (ਕੇਂਦਰੀ) ਦੇ ਵਿਧਾਇਕ ਸੁਰਿੰਦਰ ਡਾਵਰ ਨੇ ਕਿਦਵਈ ਨਗਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਲੂ ਕਰਨ ਲਈ 3 ਕਰੋੜ ਰੁਪਏ ਅਲਾਟ ਕਰਨ 'ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।