ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਲੋਕ ਸਭਾ ਹਲਕਾ ਸ੍ਰੀ ਫਤਿਹਗੜ ਸਾਹਿਬ ਤੋਂ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਅੱਜ ਹਾਈਵੇ ਨਾਲ ਸੰਬੰਧਤ ਮੁੱਦਿਆਂ ਦੇ ਹੱਲ ਲਈ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਨਾਭਾ ਦੇ ਵਿਧਾਇਕ ਰਣਦੀਪ ਸਿੰਘ ਨਾਭਾ, ਗੁਰਕੀਰਤ ਸਿੰਘ ਕੋਟਲੀ ਖੰਨਾ, ਲਖਬੀਰ ਸਿੰਘ ਲੱਖਾ ਪਾਇਲ ਅਤੇ ਗੁਰਪ੍ਰੀਤ ਸਿੰਘ ਜੀ. ਪੀ. ਬੱਸੀ ਪਠਾਣਾਂ ਵੀ ਹਾਜ਼ਰ ਸਨ। ਅਥਾਰਟੀ ਵੱਲੋਂ ਲੁਧਿਆਣਾ-ਖਰੜ ਹਾਈਵੇ ਨਾਲ ਸੰਬੰਧਤ ਕਰਨਲ ਯੋਗੇਸ਼ ਅਤੇ ਪ੍ਰੋਜੈਕਟ ਡਾਇਰੈਕਟ ਕੇ. ਸਚਦੇਵਾ ਹਾਜ਼ਰ ਸਨ। ਲੁਧਿਆਣਾ ਤੋਂ ਏ. ਸੀ. ਪੀ. ਟ੍ਰੈਫਿਕ ਸ੍ਰੀ ਰਾਜਨ ਸ਼ਰਮਾ ਅਤੇ ਸੋਮਾ ਆਈਸੋਲੈਕਸ ਦੇ ਨੁਮਾਇੰਦੇ ਵੀ ਹਾਜ਼ਰ ਸਨ। ਡਾ. ਅਮਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜੀ. ਟੀ. ਰੋਡ ਅਮਲੋਹ 'ਤੇ ਬਣਨ ਵਾਲੇ ਅੰਡਰਪਾਸ ਅਤੇ ਫਲਾਈਓਵਰ ਦਾ ਮੁੱਦਾ ਵਿਚਾਰਿਆ ਗਿਆ। ਇਸ ਤੋਂ ਇਲਾਵਾ ਸ੍ਰੀ ਫਤਿਹਗੜ ਸਾਹਿਬ ਨੂੰ ਮੁੱਖ ਸੜਕ ਤੋਂ ਕੱਟ ਦੇਣ, ਮਹੇਸ਼ਪੁਰਾ ਲਿੰਕ ਸੜਕ ਤੱਕ ਰਾਹਦਾਰੀ ਅਤੇ ਹੋਰ ਲੋੜਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਇਸ ਸੜਕ 'ਤੇ ਪੈਂਦੇ ਮੁੱਖ ਸ਼ਹਿਰਾਂ ਦੀ ਟ੍ਰੈਫਿਕ ਵਿਵਸਥਾ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਡਾ. ਅਮਰ ਸਿੰਘ ਨੇ ਦੱਸਿਆ ਕਿ ਅਥਾਰਟੀ ਦੇ ਅਧਿਕਾਰੀ ਇਨਾਂ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਨ ਲਈ 3 ਤੋਂ 5 ਮਾਰਚ, 2020 ਤੱਕ ਇਨਾਂ ਖੇਤਰਾਂ ਦਾ ਦੌਰਾ ਕਰਨਗੇ।