ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਸਮਾਜ ਵਿੱਚੋਂ ਨਸ਼ੇ ਵਰਗੀ ਬਿਮਾਰੀ ਨੂੰ ਜੜੋਂ ਖ਼ਤਮ ਕਰਨ ਲਈ ਭਾਰਤੀ ਸਟੇਟ ਬੈਂਕ ਅਤੇ ਪੰਜਾਬ ਯੂਥ ਵਿਕਾਸ ਬੋਰਡ ਨੇ ਸਾਂਝਾ ਉੱਦਮ ਕਰਦਿਆਂ ਨੌਜਵਾਨਾਂ ਨੂੰ ਇਸ ਭੈੜੀ ਬੁਰਾਈ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਦੋਵੇਂ ਅਦਾਰਿਆਂ ਵੱਲੋਂ ਅੱਜ ਸਾਂਝੇ ਰੂਪ ਵਿੱਚ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਨੂੰ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਬੈਂਕ ਦੇ ਜਨਰਲ ਮੈਨੇਜਰ ਰਾਜੀਵ ਕੁਮਾਰ ਅਰੋੜਾ, ਡੀ. ਜੀ. ਐੱਮ. ਪ੍ਰਣਏ ਰੰਜਨ ਦਿਵੇਦੀ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਦੀਪਕ ਪਰੀਕ, ਆਈ. ਟੀ. ਬੀ. ਪੀ. ਦੇ ਸੀ. ਓ. ਸੁਦੇਸ਼ ਕੁਮਾਰ ਦਰਾਲ, ਰੀਜ਼ਨਲ ਮੈਨੇਜਰ ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਰਾਜਿੰਦਰ ਕੌਂਸ਼ਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਤੀਭਾਗੀ ਹਾਜ਼ਰ ਸਨ। ਇਹ ਮੈਰਾਥਨ ਸਟੇਡੀਅਮ ਤੋਂ ਰਵਾਨਾ ਹੋ ਕੇ ਫੁਹਾਰਾ ਚੌਕ, ਆਰਤੀ ਚੌਕ, ਭਾਈ ਬਾਲਾ ਚੌਕ, ਭਾਰਤ ਨਗਰ ਚੌਕ ਹੁੰਦੀ ਹੋਈ ਵਾਪਸ ਸਟੇਡੀਅਮ ਵਿਖੇ ਸਮਾਪਤ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਰਾਜੀਵ ਅਰੋੜਾ ਅਤੇ ਚੇਅਰਮੈਨ ਬਿੰਦਰਾ ਨੇ ਕਿਹਾ ਕਿ ਉਨਾਂ ਨੂੰ ਨਸ਼ੇ ਵਰਗੀ ਭੈੜੀ ਬਿਮਾਰੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਬਿੰਦਰਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕੰਮ ਕਰਨ ਲਈ ਵਚਨਬੱਧ ਹੈ। ਇਸੇ ਕਰਕੇ ਹੀ ਸਰਕਾਰ ਵੱਲੋਂ ਨੌਜਵਾਨਾਂ ਦੀ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨਾਂ ਘਰ-ਘਰ ਰੋਜ਼ਗਾਰ ਯੋਜਨਾ ਦਾ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਕਿਹਾ ਕਿ ਜੋ ਨੌਜਵਾਨ ਸਮਾਜ ਨੂੰ ਸੁਧਾਰਨ ਲਈ ਸ਼ਲਾਘਾਯੋਗ ਉਪਰਾਲੇ ਕਰਨਗੇ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਜਾਣਗੇ।