You are here

ਕੋਰੋਨਾ ਵਾਇਰਸ ਦੇ ਚਲਦਿਆਂ ਇਟਲੀ ਨੇ ਐਮਰਜੈਂਸੀ ਐਲਾਨੀ

ਮਿਲਾਨ /ਇਟਲੀ,ਫ਼ਰਵਰੀ 2020-(ਏਜੰਸੀ)   ਇਟਲੀ ਦੀ ਸਰਕਾਰ ਨੇ ਰੋਮ 'ਚ ਦੋ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ 'ਚ ਐਮਰਜੈਂਸੀ ਐਲਾਨ ਦਿੱਤੀ ਤਾਂ ਕਿ ਇਸ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਉਪਾਅ ਕਾਰਜਾਂ 'ਚ ਤੇਜ਼ੀ ਲਿਆਂਦੀ ਜਾ ਸਕੇ | ਇਟਲੀ ਸਰਕਾਰ ਨੇ ਭਾਵੇਂ ਹਵਾਈ ਅੱਡਿਆਂ 'ਤੇ ਉੱਪਰ ਵਿਸ਼ੇਸ਼ ਜਾਂਚ ਮਸ਼ੀਨਾਂ ਲਗਾ ਦਿੱਤੀਆਂ ਸਨ ਪਰ ਇਸ ਦੇ ਬਾਵਜੂਦ ਕੋਰੋਨਾ ਵਾਇਰਸ ਇਟਲੀ 'ਚ ਪਹੁੰਚ ਹੀ ਗਿਆ | ਇਟਲੀ 'ਚ ਕੋਰੋਨਾ ਵਾਇਰਸ ਦੇ ਪਹਿਲੇ ਦੋ ਮਾਮਲੇ ਸਾਹਮਣੇ ਆਏ ਹਨ | ਇਸ ਗੱਲ ਦਾ ਖ਼ੁਲਾਸਾ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਾਤੇ ਨੇ ਆਪਣੀ ਰਿਹਾਇਸ਼ ਪਲਾਸੋ ਕੀਜੀ ਰੋਮ ਵਿਖੇ ਇਟਲੀ ਦੇ ਸਿਹਤ ਮੰਤਰੀ ਰੋਬੇਰਤੋ ਸਪੇਰਾਂਸਾ ਨਾਲ ਮੁਲਾਕਾਤ ਦੌਰਾਨ ਕੀਤਾ | ਪ੍ਰਧਾਨ ਮੰਤਰੀ ਕੌਾਤੇ ਨੇ ਇਸ ਗੱਲ ਦੀ ਘੋਸ਼ਣਾ ਵੀ ਕੀਤੀ ਕਿ ਉਨ੍ਹਾਂ ਚੀਨ ਜਾਣ ਅਤੇ ਆਉਣ ਲਈ ਹਵਾਈ ਆਵਾਜਾਈ ਨੂੰ ਬੰਦ ਕਰ ਦਿੱਤਾ ਹੈ | ਕੋਰੋਨਾ ਵਾਇਰਸ ਦੇ ਬਚਾਅ ਲਈ ਅਜਿਹੀ ਸਾਵਧਾਨੀ ਅਪਣਾਉਣ ਵਾਲਾ ਇਟਲੀ ਪਹਿਲਾ ਦੇਸ਼ ਹੈ | ਇਟਲੀ 'ਚ ਕੋਰੋਨਾ ਵਾਇਰਸ ਦੇ ਜਿਹੜੇ ਪਹਿਲੇ ਦੋ ਮਾਮਲੇ ਦਰਜ਼ ਕੀਤੇ ਗਏ ਹਨ ਉਹ ਦੋਨੋਂ ਪਤੀ-ਪਤਨੀ ਚੀਨੀ ਸੈਲਾਨੀ ਹਨ, ਜਿਨ੍ਹਾਂ ਦੀ ਉਮਰ 66 ਅਤੇ 67 ਸਾਲ ਹੈ | 23 ਜਨਵਰੀ ਨੂੰ ਇਹ ਜੋੜਾ ਮਿਲਾਨ ਦੇ ਮਾਲਪੇਂਸਾ ਹਵਾਈ ਅੱਡੇ 'ਤੇ ਉੱਤਰਿਆ ਸੀ, ਜਿਹੜਾ ਕਿ ਚੀਨ ਦੇ ਸੂਬੇ ਵੁਹਾਨ ਤੋਂ ਆਇਆ ਸੀ | ਇਸ ਚੀਨੀ ਜੋੜੇ ਨੂੰ ਰੋਮ ਦੇ ਸਪਾਲਾਨਜਾਨੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ ਜਿੱਥੇ ਕਿ ਡਾਕਟਰਾਂ ਅਨੁਸਾਰ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ | ਇਹ ਚੀਨੀ ਜੋੜਾ ਜਿਹੜੇ ਹੋਟਲ ਪਲਾਤੀਨੋ 'ਚ ਰੁਕਿਆ ਸੀ ਉਸ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ |