You are here

ਗੈਂਗਸਟਰਾਂ ਦੀ ਪੁਸ਼ਤਪਨਾਹੀ ਲਈ ਜਾਂਚੇ ਜਾ ਰਹੇ ਕਾਂਗਰਸੀ ਆਗੂਆਂ ਦੀ ਸੂਚੀ ਵਿਚ ਮੁੱਖ ਮੰਤਰੀ ਆਪਣਾ ਨਾਂ ਵੀ ਜੋੜ ਲਵੇ- ਸੁਖਬੀਰ ਸਿੰਘ ਬਾਦਲ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਂਗਸਟਰਾਂ ਹਰਜਿੰਦਰ ਬਿੱਟੂ ਅਤੇ ਪਰਦੀਪ ਸੰਧੂ ਨੂੰ ਕਾਂਗਰਸ ਵਿਚ ਸ਼ਾਮਿਲ ਕਰਨ ਦੀ ਫੋਟੋ ਜਾਰੀ ਕੀਤੀ
ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਇਸ ਕੇਸ ਦੀ ਸੀਬੀਆਈ ਜਾਂਚ ਵਾਸਤੇ ਕਹਿਣ
ਕਿਹਾ ਕਿ ਡੀਜੀਪੀ ਕੋਲੋਂ ਮੁੱਖ ਮੰਤਰੀ ਦੀ ਪੁੱਛਗਿੱਛ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ

ਚੰਡੀਗੜ੍ਹ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਨਾਂ ਉਹਨਾਂ ਕਾਂਗਰਸੀ ਆਗੂਆਂ ਦੀ ਸੂਚੀ ਵਿਚ ਸ਼ਾਮਿਲ ਕਰਨ ਲਈ ਆਖਿਆ ਹੈ, ਜਿਹਨਾਂ ਦੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸਰਦਾਰ ਬਾਦਲ ਨੇ ਸਬੂਤ ਵਜੋਂ ਇੱਕ ਫੋਟੋ ਜਾਰੀ ਕੀਤੀ ਹੈ, ਜਿਸ ਵਿਚ 2017 ਦੇ ਚੋਣ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਮੀ ਗੈਂਗਸਟਰ ਹਰਜਿੰਦਰ ਸਿੰਘ ਬਿੱਟੂ ਸਰਪੰਚ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਦਾ ਵਿਖਾਈ ਦੇ ਰਿਹਾ ਹੈ।
ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਨੇ ਅੱਜ ਦੇ ਬਿਆਨ ਵਿਚ ਗੈਂਗਸਟਰ ਹਰਜਿੰਦਰ ਬਿੱਟੂ ਦਾ ਨਾਂ ਅਕਾਲੀ ਆਗੂਆਂ ਨਾਲ ਜੋੜਣ ਦੀ ਕੋਸ਼ਿਸ਼ ਕਰਕੇ 'ਛੱਜ ਤਾਂ ਬੋਲੇ ਛਾਣਨੀ ਵੀ ਬੋਲੇ' ਵਾਲੀ ਗੱਲ ਕਰ ਦਿੱਤੀ ਹੈ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹੁਣ ਕਿਰਪਾ ਇਹ ਫੋਟੋ ਅਤੇ ਬਾਕੀ ਫੋਟੋਆਂ ਜਿਹੜੀਆਂ ਅਸੀਂ ਅੱਜ ਜਨਤਾ ਅੱਗੇ ਰੱਖ ਰਹੇ ਹਾਂ,ਉਹ ਡੀਜੀਪੀ ਨੂੰ ਭੇਜ ਦਿਓ। ਇਹ ਸਬੂਤ ਡੀਜੀਪੀ ਦੀ ਉਹਨਾਂ ਅਸਲੀ ਸਿਆਸਤਦਾਨਾਂ ਵਿਚ ਲੱਭਣ ਵਿਚ ਮੱਦਦ ਕਰਨਗੇ, ਜਿਹੜੇ ਗੈਂਗਸਟਰਾਂ ਨਾਲ ਮਿਲੇ ਹੋਏ ਹਨ ਅਤੇ ਉਹਨਾਂ ਨੂੰ ਆਪਣੇ ਸਿਆਸੀ ਮੰਤਵਾਂ ਲਈ ਇਸਤੇਮਾਲ ਕਰ ਰਹੇ ਹਨ। ਕਿਰਪਾ ਕਰਕੇ ਇਹ ਫੋਟੋ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਭੇਜ ਦਿਓ ਤਾਂ ਕਿ ਉਹ ਵੀ ਸਮਝ ਜਾਣ ਕਿ ਕਿਸ ਤਰ੍ਹਾਂ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਫਾਇਦਿਆਂ ਲਈ ਗੈਂਗਸਟਰਾਂ ਦਾ ਇਸਤੇਮਾਲ ਕੀਤਾ ਸੀ ਅਤੇ ਹੁਣ ਸੂਬੇ ਦੇ ਲੋਕਾਂ ਦੀ ਕੀਮਤ ਉੱਤੇ ਉਹਨਾਂ ਦਾ ਮੁੱਲ ਮੋੜ ਰਹੀ ਹੈ।
ਇਹ ਟਿੱਪਣੀ ਕਰਦਿਆਂ ਕਿ ਉਸ ਦੇ ਆਪਣੇ ਡੀਜੀਪੀ ਦੁਆਰਾ ਪੁੱਛ ਗਿੱਛ ਲਈ ਸੱਦਿਆ ਜਾਣਾ ਮੁੱਖ ਮੰਤਰੀ ਨੂੰ ਮੁਸ਼ਕਿਲ ਲੱਗੇਗਾ, ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਰਾਜਪਾਲ ਨੂੰ ਬੇਨਤੀ ਕਰੇਗਾ ਕਿ ਉਹ ਸਰਕਾਰ ਨੂੰ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ ਕਹਿਣ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਬਿੱਟੂ ਨੂੰ ਕਾਂਗਰਸ ਵਿਚ ਸ਼ਾਮਿਲ ਕਰਨ ਦੀ ਤਸਵੀਰ ਤੋਂ ਇਲਾਵਾ, ਅਕਾਲੀ ਦਲ ਇੱਕ ਹੋਰ ਤਸਵੀਰ ਵੀ ਭੇਜੇਗਾ, ਜਿਸ ਵਿਚ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਨਾਮੀ ਗੈਂਗਸਟਰ ਪਰਦੀਪ ਸੰਧੂ ਨੂੰ ਕਾਂਗਰਸ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ।ਇਹ ਤਸਵੀਰ ਵੀ 2017 ਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਮੁੱਖ ਮੰਤਰੀ ਨੇ ਬਿੱਟੂ ਦੀਆਂ ਅਕਾਲੀ ਆਗੂਆਂ ਨਾਲ ਖਿੱਚੀਆਂ ਗਈਆਂ ਕੁੱਝ ਪੁਰਾਣੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ ਪਰ ਉਹ ਇਹ ਭੁੱਲ ਗਿਆ ਹੈ ਕਿ ਉਸ ਨੇ 2017 ਸਰਕਾਰ ਬਣਾਉਣ ਦੇ ਮੌਕੇ ਉੱਤੇ ਬਿੱਟੂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਕੇ ਉਸ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਗੱਲ ਰਿਕਾਰਡ ਵਿਚ ਪਈ ਹੈ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਣ ਤੋਂ ਅਸਫਲ ਰਹਿਣ ਮਗਰੋਂ ਹੀ ਬਿੱਟੂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਇਆ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਵਿਚ ਗੁੰਡੇ ਬਦਮਾਸ਼ਾਂ ਲਈ ਕੋਈ ਥਾਂ ਨਹੀਂ ਹੈ, ਪਰੰਤੂ ਕਾਂਗਰਸ ਪਾਰਟੀ ਵਿਚ ਬਿਲਕੁੱਲ ਉਲਟ ਗੱਲ ਜਾਪਦੀ ਹੈ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਬਾਹਾਂ ਖੋਲ੍ਹ ਕੇ ਗੈਂਗਸਟਰਾਂ ਦਾ ਪਾਰਟੀ ਅੰਦਰ ਸਵਾਗਤ ਕੀਤਾ ਸੀ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਦੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਬਚਾਅ ਕਰਨ ਦੀ ਮਨਸ਼ਾ ਵੀ ਸਾਫ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਸਿਆਸੀ ਵਿਰੋਧੀਆਂ ਤੋਂ ਬਦਲੇ ਲੈਣ ਲਈ ਗੈਗਸਟਰਾਂ ਨਾਲ ਗਠਜੋੜ ਬਣਾ ਰੱਖਿਆ ਹੈ। ਇਸੇ ਤਰ੍ਹਾਂ ਇਹਨਾਂ ਸਮਾਜ-ਵਿਰੋਧੀ ਤੱਤਾਂ ਨਾਲ ਇੱਕ ਸਮਝੌਤੇ ਤਹਿਤ, ਸਰਕਾਰ ਇਹਨਾਂ ਦੀ ਸਰਪ੍ਰਸਤੀ ਕਰ ਰਹੀ ਹੈ ਅਤੇ ਇਹਨਾਂ ਨੂੰ ਜੇਲ੍ਹ੍ਹਾਂ ਅੰਦਰ ਬੈਠ ਕੇ ਅਪਰਾਧਿਕ ਗਤੀਵਿਧੀਆਂ ਕਰਨ ਦੀ ਖੁੱਲ੍ਹ ਦੇ ਰਹੀ ਹੈ। ਉਹਨਾਂ ਕਿਹਾ ਕਿ ਰੰਧਾਵਾ ਵਿਰੁੱਧ ਕਾਰਵਾਈ ਕਰਨ ਨਾਲ ਇਹ ਨਾਪਾਕ ਗਠਜੋੜ ਟੁੱਟ ਜਾਵੇਗਾ, ਇਸ ਲਈ ਰੰਧਾਵਾ ਵੱਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਸਰਪ੍ਰਸਤੀ ਦੇ ਢੇਰਾਂ ਸਬੂਤ ਸਾਹਮਣੇ ਆਉਣ ਦੇ ਬਾਵਜੂਦ ਮੁੱਖ ਮੰਤਰੀ ਜੇਲ੍ਹ ਮੰਤਰੀ ਦਾ ਸਮਰਥਨ ਕਰ ਰਿਹਾ ਹੈ।