You are here

ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਨੇ ਪਹਿਲਾਂ ਅਸਤੀਫ਼ਾ ਦਿੱਤਾ ਮੁੜ ਸੇਵਾ ਵੀ ਸਾਂਭੀ

ਅੰਮ੍ਰਿਤਸਰ, 3 ਮਾਰਚ ਵਿਵਾਦਾਂ ’ਚ ਘਿਰੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸਵੇਰੇ ਅਸਤੀਫ਼ਾ ਦੇਣ ਮਗਰੋਂ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਮੁੜ ਤਖ਼ਤ ਦੇ ਜਥੇਦਾਰ ਦੀ ਸੇਵਾ ਸਾਂਭ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਨੇ ਅਸਤੀਫ਼ੇ ਨੂੰ ਪ੍ਰਵਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਦੀ ਸੰਗਤ ਨੇ ਇਕੱਠੇ ਹੋ ਕੇ ਮੁੜ ਤਖ਼ਤ ਦਾ ਕੰਮਕਾਜ ਸੌਂਪ ਦਿੱਤਾ ਹੈ। ਦੇਰ ਸ਼ਾਮ ਨੂੰ ਵਾਪਰੇ ਨਵੇਂ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਨੇ ਉਨ੍ਹਾਂ ਦੇ ਅਸਤੀਫ਼ੇ ਨੂੰ ਅਪ੍ਰਵਾਨ ਕਰ ਦਿੱਤਾ ਹੈ। ਜਨਰਲ ਸਕੱਤਰ ਵੱਲੋਂ ਇਸ ਸਬੰਧ ਵਿਚ ਕੀਤੀ ਗਈ ਗੱਲਬਾਤ ਦਾ ਹਿੱਸਾ ਉਨ੍ਹਾਂ ਸੋਸ਼ਲ ਮੀਡੀਆ ’ਤੇ ਆਡੀਓ ਦੇ ਰੂਪ ਵਿਚ ਵੀ ਪਾਇਆ ਹੈ ਜਿਸ ਵਿਚ ਸ੍ਰੀ ਢਿੱਲੋਂ ਅਸਤੀਫ਼ੇ ਨੂੰ ਪ੍ਰਵਾਨ ਨਾ ਕਰਨ ਅਤੇ ਗਿਆਨੀ ਇਕਬਾਲ ਸਿੰਘ ਨੂੰ ਕੰਮ ਜਾਰੀ ਰੱਖਣ ਬਾਰੇ ਆਖ ਰਹੇ ਹਨ।
ਇਸ ਤੋਂ ਪਹਿਲਾਂ ਗਿਆਨੀ ਇਕਬਾਲ ਸਿੰਘ ਵੱਲੋਂ ਭੇਜੇ ਗਏ ਆਪਣੇ ਅਸਤੀਫ਼ੇ ਵਿਚ ਉਨ੍ਹਾਂ ਕਿਹਾ ਸੀ ਕਿ ਕੁਝ ਧਾਰਮਿਕ ਅਤੇ ਰਾਜਨੀਤਕ ਲੋਕ ਉਨ੍ਹਾਂ ਖਿਲਾਫ਼ ਸਾਜ਼ਿਸ਼ਾਂ ਘੜ ਕੇ ਬੇਬੁਨਿਆਦ ਦੋਸ਼ ਲਗਾ ਰਹੇ ਹਨ ਜਿਸ ਨਾਲ ਤਖ਼ਤ ਦੀ ਮਾਣ ਮਰਿਆਦਾ ਅਤੇ ਮਾਣ ਸਨਮਾਨ ਨੂੰ ਵੀ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਗੁੰਮਰਾਹਕੁਨ ਪ੍ਰਚਾਰ ਕਰਕੇ ਸੰਗਤ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਆਖਿਆ ਸੀ ਕਿ ਗਿਆਨੀ ਇਕਬਾਲ ਸਿੰਘ ਵੱਲੋਂ ਦਿੱਤਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਪ੍ਰਬੰਧਕੀ ਬੋਰਡ ਦੀ ਪੰਜ ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿਚ ਕਾਰਜਕਾਰੀ ਜਥੇਦਾਰ ਲਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਜਾਂਚ ਕਮੇਟੀ ਵੱਲੋਂ ਵੀ ਗਿਆਨੀ ਇਕਬਾਲ ਸਿੰਘ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਆਪਣੀ ਰਿਪੋਰਟ ਅੱਜ ਭਲਕ ਵਿਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦੇਣਗੇ। ਅੱਜ ਇਸ ਕਮੇਟੀ ਦੇ ਤਿੰਨ ਮੈਂਬਰ ਜਾਂਚ ਵਾਸਤੇ ਪਟਨਾ ਸਾਹਿਬ ਵੀ ਪੁੱਜੇ ਸਨ।