ਨਵੀਂ ਦਿੱਲੀ, 3 ਮਾਰਚ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਐਤਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ’ਚ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਫ਼ੌਜੀ ਹਸਪਤਾਲ ’ਚ ਉਸ ਦਾ ਲਗਾਤਾਰ ਦੂਜੇ ਦਿਨ ਮੈਡੀਕਲ ਚੈੱਕਅਪ ਹੋਇਆ। ਵਰਤਮਾਨ ਨਾਲ ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੁਲਾਕਾਤ ਕੀਤੀ ਹੈ।
ਅਧਿਕਾਰੀਆਂ ਮੁਤਾਬਕ ਵਿੰਗ ਕਮਾਂਡਰ ਤੋਂ ਸੁਰੱਖਿਆ ਏਜੰਸੀਆਂ ਅਜੇ ਦੋ ਕੁ ਦਿਨਾਂ ਤਕ ਹੋਰ ਜਾਣਕਾਰੀ ਹਾਸਲ ਕਰਨਗੀਆਂ। ਵਰਤਮਾਨ ਦੇ ਕਈ ਮੈਡੀਕਲ ਟੈਸਟ ਵੀ ਕੀਤੇ ਗਏ ਹਨ ਤਾਂ ਜੋ ਉਸ ਨੂੰ ਸਹਿਜ ਕੀਤਾ ਜਾ ਸਕੇ। ਫ਼ੌਜੀ ਅਧਿਕਾਰੀਆਂ ਨੇ ਕਿਹਾ,‘‘ਉਸ ਨੂੰ ਮੁੜ ਜਹਾਜ਼ ਉਡਾਉਣ ਦੇ ਕਾਬਿਲ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’’ ਅਭਿਨੰਦਨ ਨੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਜਹਾਜ਼ ਉਡਾਉਣਾ ਚਾਹੁੰਦਾ ਹੈ। ਉਸ ਨੇ ਆਪਣੀ ਤਾਂਘ ਇਲਾਜ ਕਰ ਰਹੇ ਡਾਕਟਰਾਂ ਨੂੰ ਵੀ ਦੱਸੀ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ’ਚ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਉਸ ਦੇ ਹੌਸਲੇ ਬੁਲੰਦ ਹਨ। ਸ਼ਨਿਚਰਵਾਰ ਨੂੰ ਉਸ ਨਾਲ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਵੱਖੋ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਸੀ। ਰੱਖਿਆ ਮੰਤਰੀ ਨੇ ਉਸ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਰਾਸ਼ਟਰ ਵੱਲੋਂ ਉਸ ਨੂੰ ਸਲਾਮ ਕੀਤਾ ਸੀ।