ਪਸ਼ੂਆਂ ਦੀ ਢੋਆ-ਢੁਆਈ ਲਈ ਹੁਣ ਡਿਪਟੀ ਕਮਿਸ਼ਨਰ ਤੋਂ ਇਤਰਾਜਹੀਣਤਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਰਹੇਗੀ-ਡੇਅਰੀ ਵਿਕਾਸ ਮੰਤਰੀ ਤ੍ਰਿਪਤਾ ਰਜਿੰਦਰ ਸਿੰਘ ਵਾਜਵਾ
ਡੇਅਰੀ ਵਿਕਾਸ ਦੇ ਨੌ ਸਿਖਲਾਈ ਕੇਂਦਰਾਂ 'ਤੇ ਹਰ ਸਾਲ 6000 ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਡੇਅਰੀ ਧੰਦੇ ਨਾਲ ਜੋੜਿਆ ਜਾਂਦਾ ਹੈ
ਜਗਰਾਓਂ/ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ )-
ਸੂਬੇ ਵਿੱਚ ਪਸ਼ੂ ਪਾਲਕਾਂ ਦੀ ਖੱਜਲ ਖੁਆਰੀ ਨੂੰ ਘਟਾਉਣ ਅਤੇ ਪਸ਼ੂ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਪਸ਼ੂਆਂ ਦੀ ਢੋਆ-ਢੁਆਈ ਸਬੰਧੀ ਇਤਰਾਜ਼ਹੀਣਤਾ ਸਰਟੀਫਿਕੇਟ ਦੀ ਸ਼ਰਤ ਨੂੰ ਨਰਮ ਕਰਨ ਦਾ ਫੈਸਲਾ ਕੀਤਾ ਹੈ। ਪਸ਼ੂਆਂ ਦੀ ਢੋਆ-ਢੁਆਈ ਸਬੰਧੀ ਹੁਣ ਇਤਰਾਜ਼ਹੀਣਤਾ ਸਰਟੀਫਿਕੇਟ ਡਿਪਟੀ ਕਮਿਸ਼ਨਰਾਂ ਦੀ ਬਜਾਏ ਵੈਟਰਨਰੀ ਅਫ਼ਸਰਾਂ ਨੂੰ ਜ਼ਾਰੀ ਕਰਨ ਲਈ ਅਧਿਕਾਰਤ ਕੀਤਾ ਜਾ ਰਿਹਾ ਹੈ। ਇਹ ਐਲਾਨ ਪੰਜਾਬ ਦੇ ਪਸ਼ੂ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤਾ ਰਜਿੰਦਰ ਸਿੰਘ ਵਾਜਵਾ ਨੇ ਸਥਾਨਕ ਪਸ਼ੂ ਮੰਡੀ ਵਿਖੇ ਮੇਲੇ ਦੌਰਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਸ਼ੂ ਪਾਲਕਾਂ ਨੂੰ ਆਪਣੇ ਹੀ ਪਸ਼ੂਆਂ ਦੀ ਢੋਆ-ਢੁਆਈ ਲਈ ਡਿਪਟੀ ਕਮਿਸ਼ਨਰ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣਾ ਪੈਦਾ ਸੀ ਜਿਸ ਨਾਲ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਸ਼ੂ ਪਾਲਕਾ ਦੀ ਇਸ ਖੱਜਲ-ਖੁਆਰੀ ਨੂੰ ਦੂਰ ਕਰਨ ਲਈ ਇਹ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਕਰਨ ਦੇ ਅਧਿਕਾਰ ਵੈਟਰਨਰੀ ਅਫ਼ਸਰਾਂ ਨੂੰ ਦਿੱਤੇ ਜਾ ਰਹੇ ਹਨ। ਗੁਆਂਡੀ ਸੂਬਾ ਹਰਿਆਣਾ ਦੀ ਤਰਜ਼ 'ਤੇ ਲਏ ਗਏ ਇਸ ਫੈਸਲੇ ਬਾਰੇ ਨੋਟੀਫਿਕੇਸ਼ਨ ਜਲਦ ਜਾਰੀ ਕਰ ਦਿੱਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਇਸ ਫੈਸਲੇ ਨਾਲ ਨਾ ਕੇਵਲ ਪਸ਼ੂ ਪਾਲਕਾਂ ਦੀ ਖੱਜਲ-ਖੁਆਰੀ ਘੱਟੇਗੀ ਸਗੋਂ ਸੂਬੇ ਵਿੱਚ ਪਸ਼ੂਆਂ ਦੇ ਵਪਾਰ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਪਸ਼ੂਆਂ ਦੀ ਬੀਮਾਰੀ ਮੁਕਤ ਏਰੀਆ ਬਨਾਉਣ ਲਈ ਮੂੰਹ ਖੁਰ ਤੇ ਗਲ-ਘੋਟੂ ਦੇ ਮੁਫ਼ਤ ਟੀਕੇ ਲਾਏ ਜਾ ਰਹੇ ਹਨ ਤਾਂ ਜੋ ਕਿ ਅਸੀਂ ਆਪਣੇ ਦੁੱਧ ਤੇ ਮੀਟ ਬਾਹਰਲੇ ਮੁਲਕ ਨੂੰ ਭੇਜ ਸਕੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਦੇ 100-100 ਪਿੰਡ ਚੁਣਕੇ ਮੁਫ਼ਤ ਬਨਾਉਟੀ ਗਰਭਾਦਾਨ ਟੀਕੇ ਲਾਏ ਜਾ ਰਹੇ ਹਨ। ਪਸ਼ੂਆਂ ਦੀ ਨਸਲ ਸੁਧਾਰ ਲਈ ਮਾਝੇ ਵਿੱਚ ਨੀਲੀ ਰਾਵੀ, ਬਾਰਡਰ ਏਰੀਏ ਵਿੱਚ ਸਾਹੀਵਾਲ ਅਤੇ ਮਾਲਵੇ ਵਿੱਚ ਮੁਰ੍ਹਾ ਨਸਲ ਦੇ ਵਧੀਆ ਪਸ਼ੂ ਤਿਆਰ ਕਰਨ ਲਈ ਨਵੀਂ ਸਕੀਮ ਆਰੰਭੀ ਗਈ ਹੈ। ਉਨ੍ਹਾ ਕਿਹਾ ਕਿ ਪੰਜ ਸੂਰਾਂ ਦੇ ਸਰਕਾਰੀ ਫਾਰਮਾਂ ਤੋਂ ਰਿਆਇਤੀ ਦਰਾਂ 'ਤੇ ਸੂਰਾਂ ਦੇ ਬੱਚੇ ਦਿੱਤੇ ਜਾ ਰਹੇ ਹਨ। ਬੱਕਰੀਆਂ ਲਈ ਬੀਟਲ ਨਸਲ ਦੇ ਨਰ ਬੱਚੇ ਪਸ਼ੂ ਪਾਲਕਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਦੇ ਨੌ ਸਿਖਲਾਈ ਕੇਂਦਰਾਂ 'ਤੇ ਹਰ ਸਾਲ 6000 ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਡੇਅਰੀ ਧੰਦੇ ਨਾਲ ਜੋੜਿਆ ਜਾਂਦਾ ਹੈ। ਲਗਭਗ 3000 ਬੱਚਿਆਂ ਨੂੰ ਬੈਂਕਾਂ ਤੋਂ ਅਸਾਨ ਦਰਾਂ 'ਤੇ ਕਰਜ਼ੇ ਦਵਾ ਕੇ ਨਵੇਂ ਡੇਅਰੀ ਯੂਨਿਟ ਸਥਾਪਤ ਕੀਤੇ ਜਾਂਦੇ ਹਨ। ਦੁੱਧਾਰੂ ਪਸ਼ੂਆ ਦੀ ਖਰੀਦ ਤੋਂ ਲੈ ਕੇ ਦੁੱਧ ਚੁਆਈ ਮਸ਼ੀਨਾਂ, ਪੱਠੇ ਵੱਢਣ ਵਾਲੀਆਂ ਮਸ਼ੀਨਾਂ, ਦੁੱਧ ਠੰਡਾ ਕਰਨ ਵਾਲੇ ਯੰਤਰ ਅਤੇ ਦੁੱਧ ਤੋਂ ਦੁੱਧ ਪਦਾਰਥ ਬਨਾਉਣ ਵਾਲੇ ਪਿੰਡ ਪੱਧਰ ਦੇ ਕਾਰਖ਼ਾਨੇ ਤੇ 25 ਪ੍ਰਤੀਸ਼ਤ ਤੋਂ 33 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਵਿੱਚ ਖਾਰੇ ਪਾਣੀ ਵਿੱਹ ਝੀਂਗਾ ਪਾਲਣ ਦੇ ਕੰਮ ਵਿੱਚ ਤੇਜ਼ੀ ਆਈ ਹੈ ਅਤੇ ਨਵਾਂ ਰਕਬਾ ਮੱਛੀ ਪਾਲਣ ਹੇਠ ਲਿਆਂਦਾ ਜਾ ਰਿਹਾ ਹੈ। ਅੱਗੇ ਵੀ ਸਰਕਾਰ ਵੱਲੋਂ ਇਨ੍ਹਾਂ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਹੇਗਾ। ਉਨ੍ਹਾਂ ਪੀ.ਡੀ.ਐਫ.ਏ. ਨੂੰ ਵਧਾਈ ਦਿੰਦਿੰਆਂ ਨਵੀਂ ਪੀੜੀ ਨੂੰ ਕਿਹਾ ਕਿ ਆਪਣੇ ਘਰ ਵਿੱਚ ਆਪਣੇ ਮੁਲਕ ਵਿੱਚ ਰਹਿਕੇ ਅਜਿਹੇ ਕਿੱਤੇ ਸ਼ੁਰੂ ਕੀਤੇ ਜਾਣ ਕਿਉਂਕਿ ਮੁਲਕ ਦੀ ਵੱਧਦੀ ਆਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਦੁੱਧ, ਮੀਟ ਅਤੇ ਆਂਡਿਆਂ ਦੀ ਮੰਗ ਲਗਾਤਾਰ ਵੱਧਦੀ ਰਹਿਣੀ ਹੈ। ਇਸ ਮੌਕੇ ਵਿਸ਼ੇਸ ਤੌਰ 'ਤੇ ਪੁੱਜੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਜੇਕਰ ਖੇਤੀਬਾੜੀ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਤਾਂ ਪਸ਼ੂ ਪਾਲਣ ਕਿੱਤਾ ਵੀ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਹੈ। ਪਸ਼ੂ ਪਾਲਣ ਦੇ ਵਿੱਚ ਮੱਛੀ ਪਾਲਣ, ਬੱਕਰੀ ਪਾਲਣ ਅਤੇ ਹੋਰ ਸਹਾਇਕ ਧੰਦੇ ਕਿਸਾਨੀ ਨੂੰ ਆਰਥਿਕ ਤੌਰ 'ਤੇ ਪ੍ਰਫੁੱਲਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਮਸ਼ੀਨੀਕਰਨ 'ਤੇ ਜ਼ੋਰ ਦੇ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਬਕਾਇਦਾ ਸਬਸਿਡੀ 'ਤੇ ਸੰਦ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਸਤੀਆਂ ਦਰਾਂ 'ਤੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ। ਸੂਬੇ ਵਿੱਚੋਂ ਆਵਾਰਾ ਪਸ਼ੂਆਂ ਦੀ ਸਮੱਸਿਆ 'ਤੇ ਕਾਬੂ ਪਾਉਣ ਬਾਰੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਦਿਸ਼ਾ ਵਿੱਚ ਸੂਬਾ ਸਰਕਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਦੀ ਪਿਛਲੇ ਲੰਬੇ ਸਮੇਂ ਤੋਂ ਕਿਸ਼ਤ ਰੋਕੀ ਹੋਈ ਹੈ ਜਿਸ ਕਾਰਨ ਸੂਬੇ ਦੀ ਆਰਥਿਕ ਸਥਿਤੀ 'ਤੇ ਮਾੜਾ ਅਸਰ ਪੈ ਰਿਹਾ ਹੈ। ਸਿਹਤ ਵਿਭਾਗ ਦੀ ਕਾਰਜਕੁਸ਼ਲਤਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਸ੍ਰ. ਸਿੱਧੂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਵਿੱਚ ਵੱਡੇ ਪੱਧਰ 'ਤੇ ਸੁਧਾਰ ਦਰਜ਼ ਕੀਤਾ ਗਿਆ ਹੈ। ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਪੂਰੀ ਕਰਨ ਲਈ 118 ਵੈਦਾਂ ਦੀ ਭਰਤੀ ਕੀਤੀ ਗਈ ਹੈ। ਜਦਕਿ ਮਾਹਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਵੀ ਜਲਦ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿਹਤ ਬੀਮਾ ਯੋਜਨਾਂ ਸਫਲਤਾ ਪੂਰਵਕ ਚੱਲ ਰਹੀ ਹੈ। ਹੁਣ ਤੱਕ ਇਸ ਯੋਜਨਾ ਅਧੀਨ 67 ਕਰੋੜ ਰੁਪਏ ਦੀਆਂ ਸਿਹਤ ਸਹੂਲਤਾ ਦਿੱਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਵਿਧਾਇਕ ਮਨਪ੍ਰੀਤ ਸਿੰਘ ਅਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਕਾਂਗਰਸੀ ਆਗੂ ਮੇਜ਼ਰ ਸਿੰਘ ਭੈਣੀ, ਡੇਅਰੀ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ, ਐਸ.ਐਸ.ਪੀ. ਲੁਧਿਆਣਾ ਦਿਹਾਤੀ ਸੰਦੀਪ ਗੋਇਲ ਅਤੇ ਹੋਰ ਹਾਜ਼ਰ ਸਨ।