ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)
ਯੂ.ਐਸ.ਪੀ.ਸੀ. ਜੈਨ ਚੈਰੀਟੇਬਲ ਹਸਪਤਾਲ ਲੁਧਿਆਣਾ ਵਿਖੇ ਐਨ.ਜੀ.ਓ. ਦੀ ਸਹਾਇਤਾ ਨਾਲ ਸ੍ਰ ਸੁਖਵਿੰਦਰ ਸਿੰਘ ਬਿੰਦਰਾ, ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨੇ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ 1000 ਤੋਂ ਵਧੇਰੇ ਪੀ.ਪੀ. ਈ. ਕਿੱਟਾਂ ਹਸਪਤਾਲ ਦੇ ਹੈਲਥ ਕੇਅਰ ਵਰਕਰਾਂ ਨੂੰ ਵੰਡੀਆਂ। ਇਸ ਮੌਕੇ ਬੋਲਦਿਆਂ ਬਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਇਲਾਕੇ ਦੀਆਂ ਐਨ.ਜੀ.ਓਜ਼ ਨਾਲ ਮਿਲਕੇ 1000 ਤੋਂ ਵਧੇਰੇ ਪੀ.ਪੀ.ਕਿੱਟਾਂ ਪੰਜਾਬ ਭਰ ਵਿੱਚ ਵੰਡੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਇਸ ਔਖੀ ਘੜੀ ਵਿੱਚ ਪੰਜਾਬ ਰਾਜ ਦੇ ਲੋਕਾਂ ਨੂੰੰ ਇਸ ਭਿਆਨਕ ਬਿਮਾਰੀ ਤੋਂ ਕੋਈ ਬਚਾ ਰਿਹਾ ਹੈ ਤਾਂ ਉਹ ਸਾਡੇ ਕਾਬਿਲ ਡਾਕਟਰ, ਨਰਸਾਂ ਅਤੇ ਹੋਰ ਹੈਲਥ ਵਰਕਰ ਹਨ, ਜੋ ਆਪਣੀਆਂ ਜਾਨਾਂ ਨੂੰ ਜੋਖ਼ਮ ਵਿੱਚ ਪਾ ਕੇ ਸਾਡੀਆਂ ਜਾਨਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਰਾਜ ਦੇ ਵਸਨੀਕਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਜਿੱਥੇ ਇਹ ਕਿੱਟਾਂ ਹੈੱਲਥ ਵਰਕਰਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਪੂਰੀ ਤਰਾਂ ਸੁਰੱਖਿਅਤ ਰੱਖਣਗੀਆਂ, ਉੱਥੇ ਸਾਰੇ ਹੈਲਥ ਵਰਕਰ ਉਤਸ਼ਾਹ ਅਤੇ ਬਿਨਾ ਡਰ ਤੋਂ ਆਪਣਾ ਕੰਮ ਕਰ ਸਕਣਗੇ। ਬਿੰਦਰਾ ਨੇ ਕਾਰਪੋਰੇਟ ਘਰਾਣਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਅਜਿਹੀ ਸਹਾਇਤਾ ਲਈ ਅੱਗੇ ਆਉਣ। ਸ੍ਰ. ਬਿੰਦਰਾ ਨੇ ਕਿਹਾ ਕਿ ਬੋਰਡ ਦੇ ਮੈਂਬਰ ਅਤੇ ਜ਼ਿਲਾ ਕੋਆਰਡੀਨੇਟਰ ਆਪਣੇ-ਆਪਣੇ ਸੰਬੰਧਤ ਜ਼ਿਲਿਆਂ ਵਿੱਚ ਇਹ ਕਿੱਟਾਂ ਵੰਡਣ ਦਾ ਕੰਮ ਕਰ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਸ੍ਰੀ ਖੁਸ਼ਬਕਤ ਰਾਏ, ਉਪਲਿਸ਼ ਅਤੇ ਭਾਰਤ ਜੈਨ ਨੇ ਚੇਅਰਮੈਨ ਬਿੰਦਰਾ ਅਤੇ ਹੋਰਾਂ ਦਾ ਧੰਨਵਾਦ ਕੀਤਾ।