You are here

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਵਧ ਰਹੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਪਰ ਪੁਲੀਸ ਨੇ ਲਾਠੀਚਾਰਜ

ਇੱਕ ਦਰਜਨ ਬੇਰੁਜ਼ਗਾਰ ਅਧਿਆਪਕ ਅਤੇ ਚਾਰ ਮਹਿਲਾ ਮੁਲਾਜ਼ਮਾਂ ਸਣੇ ਛੇ ਪੁਲੀਸ ਵਾਲੇ ਜ਼ਖਮੀ 

ਬੇਰੁਜ਼ਗਾਰ ਅਧਿਆਪਕ ਪਿਛਲੇ 19 ਦਿਨਾਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ’ਤੇ

ਸੰਗਰੂਰ, ਸਤੰਬਰ 2019-(ਸਤਪਾਲ ਸਿੰਘ ਦੇਹੜਕਾ)- 

ਇਥੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਵਧ ਰਹੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਪਰ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਲਾਠੀਚਾਰਜ ਦੌਰਾਨ ਕਰੀਬ ਇੱਕ ਦਰਜਨ ਬੇਰੁਜ਼ਗਾਰ ਅਧਿਆਪਕ ਅਤੇ ਚਾਰ ਮਹਿਲਾ ਮੁਲਾਜ਼ਮਾਂ ਸਣੇ ਛੇ ਪੁਲੀਸ ਵਾਲੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੇਰੁਜ਼ਗਾਰ ਅਧਿਆਪਕ ਪਿਛਲੇ 19 ਦਿਨਾਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ’ਤੇ ਹਨ। ਪੰਜ ਬੇਰੁਜ਼ਗਾਰ ਅਧਿਆਪਕ ਸੁਨਾਮ ਰੋਡ ਸਥਿਤ 90 ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਹਨ ਜਦੋਂਕਿ ਹੇਠਾਂ ਰੋਸ ਧਰਨਾ ਅਤੇ ਮਰਨ ਵਰਤ ਜਾਰੀ ਹੈ। ਪ੍ਰਸ਼ਾਸਨ ਨੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ 20 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਨਿਸ਼ਚਿਤ ਕਰਵਾਈ ਸੀ, ਪਰ ਉਸ ਦਿਨ ਨਾ ਤਾਂ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਅਤੇ ਨਾ ਹੀ ਮੰਗਾਂ ਦਾ ਕੋਈ ਹੱਲ ਹੋਇਆ। ਲਿਹਾਜ਼ਾ ਬੇਰੁਜਗ਼ਾਰ ਅਧਿਆਪਕਾਂ ਨੇ ਅੱਜ ਰੋਸ ਮਾਰਚ ਦਾ ਐਲਾਨ ਕੀਤਾ ਹੋਇਆ ਸੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ 30 ਸਤੰਬਰ ਨੂੰ ਚੰਡੀਗੜ੍ਹ ’ਚ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਬੇਰੁਜ਼ਗਾਰ ਅਧਿਆਪਕ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਨਜ਼ਦੀਕ ਪੁੱਜੇ ਤਾਂ ਉਥੇ ਤਾਇਨਾਤ ਪੁਲੀਸ ਨੇ ਪਹਿਲਾਂ ਹੀ ਬੈਰੀਗੇਡ ਲਗਾ ਕੇ ਸਖ਼ਤ ਨਾਕੇਬੰਦੀ ਕੀਤੀ ਹੋਈ ਸੀ। ਬੇਰੁਜ਼ਗਾਰ ਅਧਿਆਪਕਾਂ ਨੇ ਜਿਉਂ ਹੀ ਪੁਲੀਸ ਦੀ ਨਾਕੇਬੰਦੀ ਧੂਹ ਕੇ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰੋਹ ’ਚ ਆਈ ਪੁਲੀਸ ਨੇ ਅਧਿਆਪਕਾਂ ਉਪਰ ਲਾਠੀਚਾਰਜ ਕਰ ਦਿੱਤਾ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਤੇਜ਼ ਬੁਛਾੜਾਂ ਵੀ ਮਾਰੀਆਂ। ਮਹਿਲਾ ਬੇਰੁਜ਼ਗਾਰ ਅਧਿਆਪਕਾਂ ਸਣੇ ਪ੍ਰਦਰਸ਼ਨਕਾਰੀ ਪੁਲੀਸ ਦੀਆਂ ਡਾਂਗਾਂ ਤੋਂ ਬਚਣ ਲਈ ਦੌੜੇ। ਕਈ ਸੜਕ ਉਪਰ ਡਿੱਗ ਪਏ ਅਤੇ ਪੁਲੀਸ ਲਾਠੀਚਾਰਜ ਦਾ ਸ਼ਿਕਾਰ ਹੋਏ। ਰੋਹ ’ਚ ਆਏ ਅਧਿਆਪਕਾਂ ਨੇ ਸਿੰਗਲਾ ਦੀ ਕੋਠੀ ਨਜ਼ਦੀਕ ਮੁੱਖ ਸੜਕ ’ਤੇ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ। ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਬੇਰੁਜ਼ਗਾਰ ਅਧਿਆਪਕਾਂ ’ਚ ਮਨਦੀਪ ਕੌਰ ਮਾਨਸਾ, ਸੁਖਜੀਤ ਕੌਰ, ਰਾਜਵੀਰ ਕੌਰ ਮੁਕਤਸਰ, ਨੀਲਮ, ਲਕਸ਼ਿਮਾ ਅਬੋਹਰ, ਹਰਪ੍ਰੀਤ ਸਿੰਘ ਸੰਗਰੂਰ, ਮਨੀ ਸੰਗਰੂਰ, ਗੁਰਪ੍ਰੀਤ ਕੰਬੋਜ, ਹਰਪ੍ਰੀਤ ਸਿੰਘ ਪਟਿਆਲਾ, ਦੇਸ ਰਾਜ ਜਲੰਧਰ, ਸੁਖਦੇਵ ਫਿਰੋਜ਼ਪੁਰ, ਗੁਰਸਿਮਰਤ ਸੰਗਰੂਰ ਸ਼ਾਮਲ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਧਰ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਵਿੱਚ ਸਬ ਇੰਸਪੈਕਟਰ ਸਤਨਾਮ ਸਿੰਘ ਥਾਣਾ ਲਹਿਰਾਗਾਗਾ, ਪਵਨ ਕੁਮਾਰ ਸਿਟੀ ਟਰੈਫ਼ਿਕ ਇੰਚਾਰਜ, ਮਹਿਲਾ ਪੁਲੀਸ ਮੁਲਾਜ਼ਮ ਸ਼ੋਭਦੀਪ ਕੌਰ, ਗਗਨਪ੍ਰੀਤ ਕੌਰ, ਗੁਰਦੀਪ ਕੌਰ ਅਤੇ ਅਮਨਦੀਪ ਕੌਰ ਸ਼ਾਮਲ ਹਨ। ਇਹ ਸਾਰੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਦੀਪ ਬਨਾਰਸੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਟੀ ਚੁੱਪ ਕਾਰਨ ਬੇਰੁਜ਼ਗਾਰ ਅਧਿਆਪਕਾਂ ’ਚ ਰੋਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਲਾਠੀਚਾਰਜ ਦੌਰਾਨ ਲੜਕੀਆਂ ਨੂੰ ਵੀ ਨਹੀਂ ਬਖਸ਼ਿਆ। ਉਧਰ ਜ਼ਖ਼ਮੀ ਥਾਣੇਦਾਰ ਤੇ ਸਹਾਇਕ ਥਾਣੇਦਾਰ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਅਧਿਆਪਕ ਜਬਰੀ ਪੁਲੀਸ ਦੀ ਨਾਕੇਬੰਦੀ ਤੋੜ ਕੇ ਅੱਗੇ ਵਧੇ ਅਤੇ ਖਿੱਚ ਧੂਹ ਕੀਤੀ ਜਿਸ ਨਾਲ ਛੇ ਪੁਲੀਸ ਵਾਲੇ ਜ਼ਖ਼ਮੀ ਹੋਏ ਹਨ। ਡੀ ਐਸ ਪੀ ਸੱਤਪਾਲ ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਕੋਈ ਲਾਠੀਚਾਰਜ ਨਹੀਂ ਕੀਤਾ। ਸਿਰਫ਼ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਹੋਈ ਹੈ।