ਤਰਨ ਤਾਰਨ, ਸਤੰਬਰ 2019-(ਗੁਰਦੇਵ ਗਾਲਿਬ)-
ਪੰਜਾਬ ਪੁਲਿਸ ਨੇ ਇਕ ਹੋਰ ਅੱਤਵਾਦ ਵਿਰੋਧੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮਰਥਨ ਨਾਲ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੜ ਸੁਰਜੀਤ ਹੋਏ ਖਾੜਕੂਆਂ ਵਿਰੁੱਧ ਕਾਰਵਾਈ ਕਰਦਿਆਂ ਚਾਰ ਜਣਿਆਂ ਨੂੰ ਹਥਿਆਰਾਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ 'ਚ ਪੰਜ ਏ.ਕੇ.-47 ਰਾਈਫ਼ਲਾਂ, ਪਿਸਤੌਲ, ਸੈਟੇਲਾਈਟ ਫ਼ੋਨ ਤੇ ਹੈਂਡ ਗ੍ਰਨੇਡ ਸ਼ਾਮਿਲ ਹਨ | ਇਹ ਗਰੁੱਪ ਪੰਜਾਬ ਤੇ ਨਾਲ ਲੱਗਦੇ ਸੂਬਿਆਂ 'ਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ | ਇਨ੍ਹਾਂ ਨੂੰ ਐਤਵਾਰ ਤਰਨ ਤਾਰਨ ਜ਼ਿਲੇ੍ ਦੇ ਥਾਣੇ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਚੋਹਲਾ ਸਾਹਿਬ ਦੇ ਬਾਹਰਵਾਰ ਕਾਬੂ ਕੀਤਾ ਗਿਆ, ਜਿਹੜੇ ਚਿੱਟੇ ਰੰਗ ਦੀ ਮਾਰੂਤੀ ਸਵਿਫ਼ਟ ਕਾਰ ਨੰਬਰ ਪੀ.ਬੀ. 65 ਐਕਸ-8042 ਦੀ ਵਰਤੋਂ ਕਰ ਰਹੇ ਸਨ | ਮੁੱਢਲੀ ਜਾਂਚ 'ਚ ਇਨ੍ਹਾਂ ਨੌਜਵਾਨਾਂ ਨੂੰ ਹਥਿਆਰ ਅਤੇ ਸੰਚਾਰ ਸਾਧਨ ਸਰਹੱਦ ਪਾਰੋਂ ਡਰੋਨ ਰਾਹੀਂ ਪਹੁੰਚਾਉਣ ਦੇ ਖ਼ੁਲਾਸੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਉਹ ਭਾਰਤੀ ਹਵਾਈ ਸੈਨਾ ਤੇ ਬੀ.ਐਸ.ਐਫ਼. ਨੂੰ ਨਿਰਦੇਸ਼ ਦੇਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਪੰਜਾਬ ਵਰਗੇ ਸਰਹੱਦੀ ਸੂਬੇ 'ਚ ਡਰੋਨ ਰਾਹੀਂ ਹਮਲੇ ਦੇ ਖ਼ਤਰੇ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ | ਡੀ. ਜੀ. ਪੀ. ਦਿਨਕਰ ਗੁਪਤਾ ਅਨੁਸਾਰ ਇਸ ਗੱਲ ਦੀ ਸੰਭਾਵਨਾ ਹੈ ਕਿ ਹਥਿਆਰਾਂ ਨੂੰ ਪਾਕਿਸਤਾਨ ਵਾਲੇ ਪਾਸਿਓਾ ਆਈ.ਐਸ.ਆਈ. (ਪਾਕਿ) ਵਲੋਂ ਸਪਾਂਸਰ ਕੀਤੇ ਉਨ੍ਹਾਂ ਅਧੀਨ ਚੱਲ ਰਹੇ ਜਿਹਾਦੀ ਤੇ ਖਾਲਿਸਤਾਨੀ ਪੱਖੀ ਗਰੁੱਪਾਂ ਵਲੋਂ ਪਾਕਿਸਤਾਨ ਦੁਆਰਾ ਲਾਂਚ ਕੀਤੇ ਡਰੋਨਾਂ ਰਾਹੀਂ ਪਹੁੰਚਾਇਆ ਗਿਆ ਸੀ | ਗੁਪਤਾ ਨੇ ਕਿਹਾ ਕਿ ਹਾਲ ਹੀ 'ਚ ਜੰਮੂ ਕਸ਼ਮੀਰ ਵਿਚ ਵਾਪਰੇ ਘਟਨਾਕ੍ਰਮ ਦੇ ਮੱਦੇਨਜ਼ਰ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਘੁਸਪੈਠ ਦਾ ਉਦੇਸ਼ ਜੰਮੂ ਕਸ਼ਮੀਰ, ਪੰਜਾਬ ਤੇ ਭਾਰਤ ਦੇ ਹੋਰਨਾਂ ਅੰਦਰੂਨੀ ਹਿੱਸਿਆਂ 'ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਪਹੁੰਚਾਉਣਾ ਹੈ | ਉਨ੍ਹਾਂ ਦੱਸਿਆ ਕਿ ਇਹ ਗਰੋਹ ਪਾਕਿਸਤਾਨ ਸਥਿਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਉਰਫ਼ ਨੀਟਾ ਤੇ ਉਸ ਦੇ ਜਰਮਨ ਸਥਿਤ ਸਹਿਯੋਗੀ ਗੁਰਮੀਤ ਸਿੰਘ ਉਰਫ਼ ਬੱਗਾ ਉਰਫ਼ ਡਾਕਟਰ ਰਾਹੀਂ ਚਲਾਇਆ ਜਾ ਰਿਹਾ ਸੀ | ਸਥਾਨਕ ਸਲੀਪਰ ਸੈੱਲਾਂ ਦੀ ਸਹਾਇਤਾ ਨਾਲ ਇਨ੍ਹਾਂ ਨੇ ਸਥਾਨਕ ਮੈਂਬਰਾਂ ਨੂੰ ਲੱਭਣ, ਗਰਮ-ਿਖ਼ਆਲੀ ਬਣਾਉਣ ਅਤੇ ਭਰਤੀ ਕਰਨ ਦਾ ਕੰਮ ਕੀਤਾ | ਇਸ ਦੇ ਨਾਲ ਹੀ ਗਰੋਹ ਦੇ ਸਥਾਨਕ ਮੈਂਬਰਾਂ ਨੂੰ ਸਰਗਰਮ ਕਰਨ ਲਈ ਸਰਹੱਦ ਪਾਰੋਂ ਫ਼ੰਡਾਂ ਤੇ ਆਧੁਨਿਕ ਹਥਿਆਰਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਬਲਵੰਤ ਸਿੰਘ ਉਰਫ਼ ਬਾਬਾ ਉਰਫ਼ ਨਿਹੰਗ, ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਰੰਧਾਵਾ, ਹਰਭਜਨ ਸਿੰਘ ਤੇ ਬਲਬੀਰ ਸਿੰਘ ਵਜੋਂ ਹੋਈ ਹੈ | ਅਕਾਸ਼ਦੀਪ ਤੇ ਬਾਬਾ ਬਲਵੰਤ ਸਿੰਘ ਿਖ਼ਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ | ਮੁੱਢਲੀ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਮਾਨ ਸਿੰਘ ਜੋ ਇਸ ਵੇਲੇ ਅਸਲਾ ਐਕਟ ਤੇ ਯੂ.ਏ.ਪੀ.ਏ. ਕੇਸ ਅਧੀਨ ਅੰਮਿ੍ਤਸਰ ਜੇਲ੍ਹ 'ਚ ਬੰਦ ਹੈ, ਨੇ ਗੁਰਮੀਤ ਸਿੰਘ ਉਰਫ਼ ਬੱਗਾ ਦੇ ਕਹਿਣ 'ਤੇ ਅਕਾਸ਼ਦੀਪ ਸਿੰਘ ਨੂੰ ਭਰਤੀ ਕੀਤਾ ਸੀ, ਜਦੋਂ ਦੋਵੇਂ ਅੰਮਿ੍ਤਸਰ ਜੇਲ੍ਹ 'ਚ ਇਕੱਠੇ ਬੰਦ ਸਨ | ਖੇਪ ਨੂੰ ਹਾਸਲ ਕਰਨ ਵਾਲਾ ਬਾਬਾ ਬਲਵੰਤ ਸਿੰਘ ਜੋ ਬੱਬਰ ਖ਼ਾਲਸਾ ਇੰਟਰਨੈਸ਼ਨਲ ਗਰੁੱਪ ਦਾ ਮੈਂਬਰ ਹੈ, ਪਹਿਲਾਂ ਵੀ ਯੂ.ਏ.ਪੀ.ਏ. ਅਤੇ ਅਸਲਾ ਐਕਟ ਅਧੀਨ ਥਾਣਾ ਮੁਕੰਦਪੁਰ,ਸ਼ਹੀਦ ਭਗਤ ਸਿੰਘ ਨਗਰ ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਜ਼ਮਾਨਤ 'ਤੇ ਸੀ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਥਾਣੇ ਵਿਚ 22 ਸਤੰਬਰ ਨੂੰ ਯੂ.ਏ.ਪੀ.ਏ., ਅਸਲਾ ਐਕਟ, ਵਿਸਫ਼ੋਟਕ ਪਦਾਰਥ ਐਕਟ ਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. 0013 ਦਰਜ ਕਰ ਲਈ ਗਈ ਹੈ | ਬਰਾਮਦ ਕੀਤੇ ਅਸਲੇ 'ਚ 5 ਏ.ਕੇ.-47 (ਸਮੇਤ 16 ਮੈਗਜ਼ੀਨ ਤੇ 472 ਗੋਲੀ ਸਿੱਕਾ), 4 ਚੀਨ ਦੀਆਂ ਬਣੀਆਂ .30 ਪਿਸਤੌਲਾਂ (ਸਮੇਤ 8 ਮੈਗਜ਼ੀਨ ਤੇ 72 ਗੋਲੀ ਸਿੱਕਾ), 9 ਹੈਂਡ ਗ੍ਰਨੇਡ, 5 ਸੈਟੇਲਾਈਟ ਫ਼ੋਨ ਸਮੇਤ ਸਾਰੇ ਸਾਧਨ, ਦੋ ਮੋਬਾਈਲ ਫ਼ੋਨ, ਦੋ ਵਾਇਰਲੈਸ ਸੈਟ ਤੇ 10 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਸ਼ਾਮਿਲ ਹੈ |