You are here

" ਹੜਾਂ ਦੀ ਮਾਰ"  - ਜਸਵੀਰ ਸ਼ਰਮਾ ਦੱਦਾਹੂਰ 

" ਹੜਾਂ ਦੀ ਮਾਰ" 

ਕਾਹਤੋਂ ਹੜਾਂ ਨਾਲ ਤਬਾਹੀ ਮਚਾਈ, ਤੂੰ ਮੇਰਿਆ ਮੌਲਾ 

ਕੀਹਨੂੰ ਦੱਸ ਦੁੱਖ ਸੁਣਾਕੇ,ਕਰ ਲਈਏ ਦਿਲ ਹੌਲਾ।। 

ਡੰਗਰ ਵੱਛਾ ਘਰ ਘਾਟ ਨਾ,ਬਾਕੀ ਹੀ ਕੁੱਝ ਬਚਿਆ।

ਬਸ ਇੱਕੋ ਹੀ  ਜਿੰਦ ਬਚੀ ਹੈ ਰੱਬਾ ਮੇਰਿਆ ਸੱਚਿਆ।। 

ਸਾਰੀ ਉਮਰ ਸਾਥੋਂ ਤਾਂ ਹੁਣ,ਤਾਅ ਨਾ ਆਇਆ ਜਾਣਾ। 

ਸੱਤ ਕਰਕੇ ਹੈ ਮੰਨਣਾ ਪੈਣਾ ,ਰੱਬਾ ਤੇਰਾ ਇਹ ਭਾਣਾ।। 

ਐਡਾ ਕਹਿਰ ਕਮਾਇਆ,ਖਲਕਤ ਭੁੱਬਾਂ ਮਾਰ ਕੇ ਰੋਈ। 

ਕਿਉਂ ਨਾ ਕੀਤਾ ਤਰਸ ਇਹ ਸੱਭ,ਹੈ ਤੇਰੀ ਬਣਾਈ ਹੋਈ।। 

ਛੋਟੇ ਛੋਟੇ ਬੱਚਿਆਂ ਦਾ, ਸੰਤਾਪ ਨਾ ਝੱਲਿਆ ਜਾਂਦਾ।  ਇਹਨਾਂ ਵੱਲ ਹੀ ਵੇਖ ਕੇ ਰੱਬਾ ਤਰਸ ਤੂੰ ਕੁਝ ਤਾਂ ਖਾਂਦਾ? 

ਗੁਨਾਹਗਾਰਾਂ ਨੂੰ ਬਖਸ਼ ਲੈ, ਤੂੰ ਐ ਮੇਰਿਆ ਸਾਈਆਂ। 

ਗੁਨਾਹ ਅਸੀਂ ਬਹੁਤ ਹੈ ਕੀਤੇ,ਪਾਈਏ ਹਾਲ ਦੁਹਾਈਆਂ।। 

ਆਸ ਹੈ ਇੱਕ ਤੇਰੇ ਉੱਤੇ ਹੋਰ,ਕੀਹਨੂੰ ਵਾਸਤਾ ਪਾਈਏ। 

ਖੁਨਾਮੀਆਂ ਸਾਥੋਂ ਹੋਈਆਂ ਕਰਕੇ,ਦਰ ੨ ਧੱਕੇ ਖਾਈਏ।। 

ਹੁਣ ਈ ਬਖਸ਼ ਲੋ ਸਤਿਗੁਰ ਸੱਚੇ, ਇਹੋ ਹੈ ਅਰਜੋਈ। 

ਤੇਰੇ ਬਾਝੋਂ ਐ ਮਾਲਕਾ, ਸਾਨੂੰ ਕਿਤੇ ਨਾ ਮਿਲਣੀ ਢੋਈ।। 

ਹੱਥ ਜੋੜ ਕਹੇ ਦੱਦਾਹੂਰੀਆ, ਦਾਤਿਆ ਤੂੰ ਹੈਂ ਬਖਸ਼ਣਹਾਰਾ। 

ਕੁੱਲ ਕਾਇਨਾਤ ਨੂੰ ਸੱਚੇ ਪਾਤਸ਼ਾਹ, ਤੇਰਾ ਇੱਕ ਸਹਾਰਾ।। 

 

ਜਸਵੀਰ ਸ਼ਰਮਾ ਦੱਦਾਹੂਰ 

ਸ਼੍ਰੀ ਮੁਕਤਸਰ ਸਾਹਿਬ