You are here

ਮੈਂ ਕਵਿਤਾ ਲਿਖਦੀ ਹਾਂ- ਪਰਵੀਨ ਕੌਰ ਸਿੱਧੂ

ਮੈਂ ਕਵਿਤਾ ਲਿਖਦੀ ਹਾਂ....

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ 

ਦਿਨਾਂ ਦੇ ਸਫਿਆਂ ਉੱਤੇ 

ਮੁਹੱਬਤ ਦਾ ਪੈਗ਼ਾਮ ਲਿਖਦੀ ਹਾਂ 

ਕੁਝ ਖੱਟੀਆਂ ਮਿੱਠੀਆਂ ਯਾਦਾਂ 

ਤੇ ਕੁਝ ਗ਼ਮ ਲਿਖਦੀ ਹਾਂ 

ਕੁਝ ਆਪਣਿਆਂ ਦੀਆਂ ਪੀੜਾਂ 

ਤੇ ਬੇਗਾਨਿਆਂ ਦੀਆਂ ਸੁਗਾਤਾਂ ਲਿਖਦੀਆਂ ਹਾਂ 

ਕੋਈ ਹੱਡ ਬੀਤੀ... ਕੋਈ ਜੱਗ ਬੀਤੀ 

ਤੇ ਕੋਈ ਘਟਨਾ ਪੁਰਾਣੀ ਨਵੀਂ ਲਿਖਦੀ ਹਾਂ 

ਜੋ ਖੁੱਸ ਗਿਆ ਉਸ ਦਾ ਗ਼ਮ ਨਹੀਂ ਲਿਖਦੀ..! 

ਜੋ ਮਿਲਿਆ ਹੈ ਉਸ ਦਾ ਸਕੂਨ ਲਿਖਦੀ ਹਾਂ 

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ.... 

ਕੋਈ ਰੰਜਿਸ਼ਾਂ... ਕੋਈ ਸ਼ਿਕਾਇਤਾਂ ਨਹੀਂ ਲਿਖਦੀ

ਜ਼ਿੰਦਗੀ ਦੀਆਂ ਤਲਖ ਹਕੀਕਤਾਂ ਲਿਖਦੀ ਹਾਂ 

ਕਿਸੇ ਦਾ ਆਪਣਾਪਨ,

ਤੇ ਕਿਸੇ ਦਾ ਨਿਰਸਵਾਰਥ ਭਾਵ ਲਿਖਦੀ ਹਾਂ 

ਹੱਥਾਂ ਦੀ ਕਾਰ ਨਾਲ਼ ਕਿਸਮਤ ਦੀਆਂ ਲਕੀਰਾਂ ਬਣਾਉਂਦੇ 

ਕਿਰਤੀ ਦੀ ਦਾਸਤਾਨ ਲਿਖਦੀ ਹਾਂ

ਸੁਲਝੇ ਘਰਾਂ ਵਿੱਚ ਹੁੰਦੇ 

ਭਾਵਾਂ ਦੇ ਬਲਾਤਕਾਰ ਲਿਖਦੀ ਹਾਂ

ਜੋ ਵੀ ਵੇਖਦੀ ਹਾਂ...ਜੋ ਸੁਣਦੀ ਹਾਂ 

ਉਹੀ ਵਰਕਿਆਂ 'ਤੇ ਲਿਖਦੀ ਹਾਂ

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ..........!

ਕਦੇ ਮਾਂ ਬਾਪ ਦਾ ਪਿਆਰ 

ਤੇ ਭੈਣ ਭਰਾ ਦੀ ਮਿੱਠੀ ਨੋਕ ਝੋਕ ਲਿਖਦੀ ਹਾਂ

ਭੂਆ ਭਤੀਜੇ ਦਾ ਮੋਹ ਤੇ ਦਾਦੀ ਦਾਦੇ ਦੀਆਂ ਬਾਤਾਂ ਲਿਖਦੀ ਹਾਂ 

ਨਾਨਕਿਆਂ ਦੇ ਲਾਡ ਪਿਆਰ ਤੇ ਦੁਲਾਰ ਲਿਖਦੀ ਹਾਂ

ਕਦੀ ਰਿਸ਼ਤਿਆਂ ਦਾ ਨਿੱਘ ਤੇ ਸਤਿਕਾਰ ਲਿਖਦੀ ਹਾਂ 

ਤੇ ਕਦੇ ਟੁੱਟਦੇ ਰਿਸ਼ਤਿਆਂ ਦੀ ਦਾਸਤਾਨ ਲਿਖਦੀ ਹਾਂ 

ਅੰਬਰ ਦੇ ਟੁੱਟੇ ਤਾਰੇ ਦੀ ਪੀੜਾ ਲਿਖਦੀ ਹਾਂ 

ਕੰਡਿਆਂ 'ਚ ਹੱਸਦੇ ਗੁਲਾਬ ਦੀ ਕਹਾਣੀ ਲਿਖਦੀ ਹਾਂ 

ਘਾਹ 'ਤੇ ਪਏ ਤਰੇਲ ਤੁਪਕਿਆਂ ਨੂੰ ਮਹਿਸੂਸ ਕਰਕੇ 

ਨੰਗੇ ਪੈਰਾਂ ਦੀ ਦਾਸਤਾਨ ਲਿਖਦੀ ਹਾਂ 

ਫੁੱਲਾਂ ਦੀ ਮਹਿਕ ਨਾਲ ਮਹਿਕਦੀ ਰੂਹ ਲਿਖਦੀ ਹਾਂ 

ਧਰਤੀ ਪਾਣੀ ਦੀ ਜੰਗ ਤੇ ਕਿਤੇ ਪਾਣੀ ਦਾ ਸੰਗਮ ਲਿਖਦੀ ਹਾਂ 

ਆਪਾ ਵਾਰ ਕੇ ਕੀਤੇ ਨਿਰਸਵਾਰਥ ਭਾਵ ਲਿਖਦੀ ਹਾਂ 

ਕਿਸੇ ਦੇ ਕੜਵਾਹਟ ਭਰੇ ਲਫਜ਼ਾਂ ਨੂੰ ਜਦ ਮਹਿਸੂਸ ਕਰਦੀ ਹਾਂ 

ਤਾਂ ਮਿੱਠੇ ਸ਼ਬਦਾਂ ਵਿੱਚ ਉਸਨੂੰ ਗ਼ਜ਼ਲ ਬਣਾ ਲਿਖਦੀ ਹਾਂ 

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ.....

ਕੁਝ ਖੁੱਸ ਚੁੱਕੀਆਂ ਰੂਹਾਂ ਦਾ ਅਹਿਸਾਸ ਲਿਖਦੀ ਹਾਂ

ਮਾਂ ਬਾਪ ਤੋਂ ਵਿਛੜੇ ਬਾਲ ਦੇ ਭਾਵ ਲਿਖਦੀ ਹਾਂ 

ਦੇਸ਼ਾਂ ਅੰਦਰ ਹੁੰਦੀਆਂ ਜੰਗਾਂ ਦਾ ਦਰਦ ਲਿਖਦੀ ਹਾਂ 

ਹਉਮੈ 'ਚ ਮਰ ਚੁੱਕੇ ਅਹਿਸਾਸ ਲਿਖਦੀ ਹਾਂ 

ਖਾਲੀ ਪਈਆਂ ਕੋਠੀਆਂ ਤੇ ਮਕਾਨਾਂ ਦੇ ਹਾਲ ਲਿਖਦੀ ਹਾਂ 

ਨਸ਼ੇ 'ਚ ਡੁੱਬੀ ਨੌਜਵਾਨੀ ਦੇ 

ਮਾਪਿਆਂ ਦਾ ਦਰਦ ਲਿਖਦੀ ਹਾਂ

ਗਰੀਬੀ ਤੇ ਬੇਰੁਜ਼ਗਾਰੀ ਨਾਲ ਭੰਨੇ ਹੋਏ 

ਲੋਕਾਂ ਦੀਆਂ ਚੀਕਾਂ ਦਾ ਬਿਆਨ ਲਿਖਦੀ ਹਾਂ। 

ਭੁੱਖੀਆਂ ਆਂਦਰਾਂ ਤੇ ਵਹਿਸ਼ੀ ਨੀਤਾਂ ਦਾ ਹਾਲ ਲਿਖਦੀ ਹਾਂ

ਲੋਕੀਂ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ........

ਮਤਲਬੀ ਰਿਸ਼ਤਿਆਂ ਦੇ ਬੇਇਤਬਾਰੇ ਅਹਿਸਾਸ ਲਿਖਦੀ ਹਾਂ 

ਜੜ ਤੋਂ ਟੁੱਟ ਚੁੱਕੀਆਂ ਆਂਦਰਾਂ ਦਾ ਸੇਕ ਲਿਖਦੀ ਹਾਂ 

ਸਮੇਂ ਦੀ ਚਾਲ ਨੂੰ ਸਮਝ ਕੇ ਉਸ ਦੀ ਨਬਜ਼ ਬਾਰੇ ਲਿਖਦੀ ਹਾਂ 

ਪੜੇ ਲਿਖੇ ਬੇਰੁਜ਼ਗਾਰਾਂ ਦਾ ਹਾਲ ਲਿਖਦੀ ਹਾਂ 

ਕਿਸੇ ਦਾ ਹੌਂਸਲਾ ਬਣ ਮੰਜ਼ਿਲ ਦਾ ਰਾਹ ਲਿਖਦੀ ਹਾਂ

ਮਾਪਿਆਂ ਦੀਆਂ ਟੁੱਟੀਆਂ ਸਧਰਾਂ ਦਾ ਦਰਦ ਲਿਖਦੀ ਹਾਂ 

ਆਪੇ ਤੋਂ ਦੂਰ ਗਏ ਇਨਸਾਨਾਂ ਦਾ ਇਕੱਲਾਪਨ ਲਿਖਦੀ ਹਾਂ 

ਪਿਆਰ 'ਚ ਟੁੱਟੇ ਤੇ ਮੁੱਕ ਗਏ ਸਾਹ ਲਿਖਦੀ ਹਾਂ 

ਹੱਕਾਂ ਦੀ ਗੱਲ ਕਰਨ ਵਾਲੇ ਸੱਚੇ ਇਨਸਾਨ ਦੀ 

ਬੇਬਸੀ ਦੀ ਕਹਾਣੀ ਲਿਖਦੀ ਹਾਂ 

ਜਵਾਨੀ 'ਚ ਟੁੱਟ ਚੁੱਕੀਆਂ ਵੰਗਾਂ ਦਾ ਦਰਦ ਲਿਖਦੀ ਹਾਂ 

ਸਰਹਦ 'ਤੇ ਸ਼ਹੀਦ ਵੀਰ ਦੇ ਕੁੱਖ 'ਚ ਪਲ ਰਹੇ ਬੱਚੇ ਦੀ

ਵੀਰਗਾਥਾ ਲਿਖਦੀ ਹਾਂ........

ਅਣਚਾਹੇ, ਅਣਸੁਲਜੇ ਕਈ ਸਵਾਲਾਂ ਦੇ ਜਵਾਬ ਲਿਖਦੀ ਹਾਂ 

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ.......

ਕਦੇ ਸੋਕੇ ਤੇ ਕਦੇ ਹੜ੍ਹਾਂ ਦੀ ਮਾਰ ਨਾਲ ਝੰਬੇ 

ਆਪਣੇ ਕਿਰਤੀ ਤੇ ਕਿਸਾਨ ਵੀਰਾਂ ਦਾ ਦਰਦ ਲਿਖਦੀ ਹਾਂ

ਨਾਮ ਖੁਮਾਰੀ ਵਿੱਚ..ਫਿਰ ਵੀ ਰੰਗੇ

ਫੱਕਰਾਂ ਦੇ ਅਣਸੁਣੇ ਕਿੱਸੇ ਲਿਖਦੀ ਹਾਂ 

ਧੀਆਂ-ਪੁੱਤਰਾਂ ਦੀਆਂ ਸੱਧਰਾਂ ਦਾ ਹੁੰਦਾ ਕਤਲ ਲਿਖਦੀ ਹਾਂ 

ਦੇਸ਼ਾਂ ਦੀਆਂ ਹੱਦਾਂ-ਸਰਹੱਦਾਂ ਨੂੰ ਪਾਰ ਕਰਕੇ 

ਆਉਂਦੀ ਹਵਾ ਦਾ ਮਿੱਠਾ ਪੈਗ਼ਾਮ ਲਿਖਦੀ ਹਾਂ 

ਦੁੱਖ-ਸੁੱਖ ਵਿੱਚ ਭਰਾ ਨੂੰ ਭਰਾ ਦੇ ਗਲ਼ ਲੱਗ ਕੇ 

ਮਿਲਦਾ ਸਕੂਨ ਲਿਖਦੀ ਹਾਂ 

ਕੋਈ ਨਾਲ ਖੜੇ ਜਾਂ ਨਾ ਖੜੇ 

ਆਪਸੀ ਭਾਈਚਾਰਕ ਦੀ ਸਾਂਝ ਲਿਖਦੀ ਹਾਂ।

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ.........

           ਪਰਵੀਨ ਕੌਰ ਸਿੱਧੂ