ਗੁਰੂ ਅੰਗਦ ਦੇਵ ਜੀ ਰੱਬੀ ਗੁਣਾਂ ਨਾਲ ਭਰਪੂਰ ਮਹਾਨ ਸ਼ਖਸੀਅਤ ਸਨ - ਭੁਪਿੰਦਰ ਸਿੰਘ
ਲੁਧਿਆਣਾ 27 ਅਪ੍ਰੈਲ ( ਕਰਨੈਲ ਸਿੰਘ ਐੱਮ.ਏ.)
ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਗਏ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲਿਆਂ ਦੇ ਕੀਰਤਨੀ ਜੱਥੇ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਕੀਰਤਨ ਸਮਾਗਮ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਭੁਪਿੰਦਰ ਸਿੰਘ ਨੇ ਸੰਗਤਾਂ ਨਾਲ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ, ਸਿੱਖਿਆਵਾਂ ਤੇ ਫਲਸਫੇ ਉੱਪਰ ਖੋਜ ਭਰਪੂਰ ਚਾਨਣਾ ਪਾਉਦਿਆਂ ਹੋਇਆਂ ਕਿਹਾ ਕਿ ਦੂਜੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਪਦੇਸ਼ ਸਮੁੱਚੀ ਲੋਕਾਈ ਨੂੰ ਆਤਮਕ ਅਡੋਲਤਾ ਨਾਲ ਪ੍ਰਭ ਦਾ ਸਿਮਰਨ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਸਿੱਖੀ ਲਹਿਰ ਨੂੰ ਉਨ੍ਹਾਂ ਦੇ ਮਗਰੋਂ ਅਗਵਾਈ ਦੇਣ ਵਾਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਰੱਬੀ ਗੁਣਾਂ ਨਾਲ ਭਰਪੂਰ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੂੰ ਗੁਰੂ ਦੇ ਸੱਚੇ ਸੇਵਕ ਦੇ ਰੂਪ ਵਜੋਂ ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਬਣਨ ਦੀ ਦਾਤ ਪ੍ਰਾਪਤ ਹੋਈ।ਆਪ ਜੀ ਵੱਲੋਂ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਨੂੰ ਹੋਰ ਨਿਖਾਰਨ ਤੇ ਪ੍ਰਚਾਰਨ ਲਈ ਸ਼੍ਰੀ ਖਡੂਰ ਸਾਹਿਬ ਨੂੰ ਧਰਮ ਪ੍ਰਚਾਰ ਦੇ ਨਵੇਂ ਕੇਂਦਰ ਵਜੋਂ ਸਥਾਪਤ ਕੀਤਾ ਉੱਥੇ ਪੰਜਾਬੀ ਬੋਲੀ ਗੁਰਮੁਖੀ ਨੂੰ ਹੋਰ ਪ੍ਰਚਲਿਤ ਕਰਨ, ਜਾਤ ਪਾਤ ਦੇ ਖਾਤਮੇ ਲਈ ਲੰਗਰ ਪ੍ਰਥਾ ਦੀ ਸਾਂਝੀ ਮਰਯਾਦਾ ਲਾਗੂ ਕਰਨ ਤੇ ਸਰੀਰਕ ਮਜ਼ਬੂਤੀ ਲਈ ਮੱਲ ਅਖਾੜੇ ਸਥਾਪਤ ਕਰਨ ਵਿੱਚ ਆਪਣੀ ਅਹਿਮ ਸੇਵਾ ਨਿਭਾਈ।ਇਸੇ ਤਰ੍ਹਾਂ ਆਪ ਜੀ ਵੱਲੋਂ ਉਚਰੀ ਬਾਣੀ ਵਿੱਚ ਕੇਵਲ 63 ਸਲੋਕ ਹੀ ਆਉਦੇ ਹਨ। ਪਰ ਇਨ੍ਹਾਂ ਵਿੱਚ ਜੀਵਨ ਦਾ ਸੰਪੂਰਨ ਤੱਤ ਸਮੋਇਆ ਹੋਇਆ ਹੈ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਸ਼੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਬਖਸ਼ੇ ਸੰਕਲਪਾਂ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ ।
ਇਸ ਮੌਕੇ ਸੁਸਾਇਟੀ ਦੇ ਪ੍ਰਮੁੱਖ ਮੈਂਬਰਾਂ ਨੇ ਕੀਰਤਨੀ ਜੱਥੇ ਦੇ ਸਮੂਹ ਮੈਂਬਰਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਸ੍ਰ: ਭੁਪਿੰਦਰ ਸਿੰਘ ਨੇ ਜਾਣਕਾਰੀ ਦੇਂਦਿਆਂ ਹੋਇਆਂ ਦੱਸਿਆ ਕਿ ਅਗਲੇ ਹਫਤੇ ਦੇ ਕੀਰਤਨ ਸਮਾਗਮ ਵਿੱਚ
ਭਾਈ ਨਰਿੰਦਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਬਲਬੀਰ ਸਿੰਘ ਭਾਟੀਆ, ਕਰਨੈਲ ਸਿੰਘ ਬੇਦੀ, ਜਗਬੀਰ ਸਿੰਘ , ਭੁਪਿੰਦਰਪਾਲ ਸਿੰਘ ਧਵਨ, ਸੁਰਿੰਦਰਪਾਲ ਸਿੰਘ ਭੁਟੀਆਨੀ, ਰਜਿੰਦਰ ਸਿੰਘ ਮੱਕੜ, ਸਰਪੰਚ ਗੁਰਚਰਨ ਸਿੰਘ ਖੁਰਾਣਾ, ਪ੍ਰਿਤਪਾਲ ਸਿੰਘ, ਨਰਿੰਦਰਪਾਲ ਸਿੰਘj ਕਥੂਰੀਆ, ਜੀਤ ਸਿੰਘ, ਗੁਰਵਿੰਦਰ ਸਿੰਘ ਆੜਤੀ, ਸੁਰਿੰਦਰ ਸਿੰਘ ਸਚਦੇਵਾ, ਹਰਕਿਰਤ ਸਿੰਘ ਬਾਵਾ, ਮਨਜੀਤ ਸਿੰਘ ਟੋਨੀ, ਬਲਜੀਤ ਸਿੰਘ ਦੂਆ (ਨਵਦੀਪਰੀਜ਼ੋਰਟ), ਰਣਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ ਸਿਮਰਨ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।