ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਬਹੁਜਨ ਸਮਾਜ ਪਾਰਟੀ ਜ਼ਿਲਾ ਲੁਧਿਆਣਾ ਵਲੋਂ ਯੂ.ਪੀ ਦੇ ਪੀਲੀਭੀਤ 'ਚ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਕੱਢੇ ਗਏ ਨਗਰ ਕੀਰਤਨ ਦੌਰਾਨ ਸਿੱਖ ਭਾਈਚਾਰੇ ਉੱਤੇ ਦਰਜ ਕੀਤੇ ਪਰਚਿਆਂ ਨੂੰ ਰੱਦ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਇਲਾਵਾ ਬਸਪਾ ਦੀ ਲੀਡਰਸ਼ਿਪ ਨੇ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਉਥੋਂ ਦੇ ਮੁਸਲਮ ਭਾਈਚਾਰੇ ਵੱਲੋਂ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤਾ। ਇਸ ਮੌਕੇ ਸੂਬਾ ਸਕੱਤਰ ਗੁਰਮੇਲ ਸਿੰਘ ਜੀ ਕੇ, ਬਿੱਕਰ ਸਿੰਘ ਨੱਤ, ਜਿਲਾ ਪ੍ਰਧਾਨ ਪ੍ਰਗਣ ਬਿਲਗਾ ਅਤੇ ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆਂ ਨੇ ਕਿਹਾ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਤੇ ਦੇਸ਼ ਭਰ 'ਚ ਹਿੰਦੂ ਰਾਸ਼ਟਰ ਨੂੰ ਦੀ ਥਿਊਰੀ ਨੂੰ ਜਬਰਨ ਥੋਪਣ ਦੇ ਨਜ਼ਰੀਏ ਨਾਲ ਕੰਮ ਕੀਤਾ ਜਾ ਰਿਹਾ ਹੈ। ਪੀਲੀਭੀਤ 'ਚ ਸਿੱਖਾਂ ਤੇ ਦਰਜ ਝੂਠੇ ਪਰਚੇ ਸਿੱਖਾਂ ਉੱਤੇ ਦਬਾਓ ਬਣਾਉਣ ਦੀ ਨੀਤੀ ਹੀ ਕਹੀ ਜਾ ਸਕਦੀ ਹੈ। ਉਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਭਾਜਪਾ ਅਤੇ ਆਰ ਐਸ ਐਸ ਦੀ ਸੋਚ ਦੀ ਧਾਰਨੀ ਹੋਰਨਾਂ ਜੱਥੇਬੰਦੀਆਂ ਦੀਆਂ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਜੇਕਰ ਸਿੱਖਾਂ ਉੱਤੇ ਦਰਜ ਪਰਚੇ ਰੱਦ ਨਾ ਕੀਤੇ ਗਏ ਤਾਂ ਬਸਪਾ ਇਸ ਖਿਲਾਫ ਤਿੱਖਾ ਸੰਘਰਸ਼ ਵਿੱਢੇਗੀ। ਆਗੂਆਂ ਨੇ ਕਿਹਾ ਕਿ ਸਿੱਖ ਲੜਕੀ ਦਾ ਜਬਰੀ ਧਰਮ ਤਬਦੀਲ ਕਰਵਾ ਕੇ ਉਸ ਨਾਲ ਵਿਆਹ ਕਰਵਾਉਣ ਦੀ ਘਟਨਾ ਦੇ ਚੱਲਦਿਆਂ ਉਥੋਂ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਜਿਸ ਪ੍ਰਕਾਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਪਥਰਾਬਾਜੀ ਕੀਤੀ, ਇਸ ਦਾ ਨਾਮ ਬਦਲਣ ਅਤੇ ਸਿੱਖਾਂ ਨੂੰ ਜੜ ਤੋਂ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਬਸਪਾ ਉਸਦੀ ਨਿੰਦਾ ਕਰਦੀ ਹੈ ਅਤੇ ਪਾਕਿਸਤਾਨ ਦੀ ਸਰਕਾਰ ਤੋਂ ਅਜਿਹੇ ਫਿਰਕਾਪ੍ਰਸ਼ਤ ਲੋਕਾਂ ਉੱਤੇ ਸਖਤ ਕਾਰਵਾਈ ਕਰਨ ਦੀ ਮੰਗ ਕਰਦੀ ਹੈ। ਉਨਾਂ ਕਿਹਾ ਕਿ ਭਾਰਤ ਵਿੱਚ ਇਸ ਵਕਤ ਸੀ ਏ ਏ ਅਤੇ ਐਨ ਆਰ ਸੀ ਦਾ ਕਾਫੀ ਵਿਵਾਦ ਚੱਲ ਰਿਹਾ ਹੈ ਅਤੇ ਸਮੁੱਚਾ ਸਿੱਖ ਭਾਈਚਾਰਾ ਦੇਸ਼ ਦੇ ਮੁਸਲਮ ਭਾਈਚਾਰੇ ਨਾਲ ਖੜਾ ਦਿਖਾਈ ਦੇ ਰਿਹਾ ਹੈ। ਇਸ ਭਾਈਚਾਰਕ ਸਾਂਝ ਉੱਤੇ ਇਸ ਘਟਨਾ ਦਾ ਸਿੱਧਾ ਅਸਰ ਪੈਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਲਈ ਜਮਹੂਰੀਅਤ ਪਸੰਦ ਲੋਕ ਇਸ ਹਮਲੇ ਦੇ ਖਿਲਾਫ ਅੱਗੇ ਆਉਣ। ਇਸ ਮੌਕੇ ਜ਼ੋਨ ਇੰਚਾਰਜ ਭੁਪਿੰਦਰ ਸਿੰਘ ਜੌੜਾ, ਮਨਜੀਤ ਸਿੰਘ ਬਾੜੇਵਾਲ, ਮਨਜੀਤ ਸਿੰਘ ਕਾਹਲੋਂ, ਪ੍ਰਵਾਸੀ ਭਾਈਚਾਰਾ ਇੰਚਾਰਜ ਰਾਮਾਨੰਦ, ਇੰਦਰੇਸ਼ ਤੋਮਰ, ਬੀ.ਵੀ.ਐਫ ਜ਼ਿਲਾ ਇੰਚਾਰਜ ਡਾ.ਰਵਿੰਦਰ ਸਰੋਏ, ਰਾਜਿੰਦਰ ਕਾਕਾ, ਹਰਬੰਸ ਸਿੰਘ ਬਾੜੇਵਾਲ, ਚਰਨ ਸਿੰਘ ਲੋਹਾਰਾ, ਬਲਵਿੰਦਰ ਕੋਚ, ਸੁਰਿੰਦਰ ਹੀਰਾ, ਗੁਰਦੀਪ ਸਿੰਘ ਚਮਿੰਡਾ, ਰਾਮਲੋਕ ਸਿੰਘ, ਸੁਖਦੇਵ ਕਾਲਾ, ਬਲਵੀਰ ਰਾਜਗੜ ਅਤੇ ਹੋਰ ਹਾਜਰ ਸਨ।