You are here

ਬਾਗਬਾਨੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰ ਕੋਸ਼ਿਸ਼ਾਂ ਕਰਨ - ਡਾ  ਭੁੱਲਰ

ਲੁਧਿਆਣਾ 31 ਜਨਵਰੀ(ਟੀ. ਕੇ.)  ਪੀ.ਏ.ਯੂ. ਵਿੱਚ ਬਾਗਬਾਨੀ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਅੱਜ ਸੰਪੰਨ ਹੋ ਗਈ ।

 ਸਮਾਪਤੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ  ਪਸਾਰ ਮਾਹਿਰਾਂ ਨੂੰ ਨਵੀਆਂ ਬਾਗਬਾਨੀ ਤਕਨੀਕਾਂ ਕਿਸਾਨਾਂ ਤੱਕ ਪਸਾਰਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ, ਖੁੰਬਾਂ ਦੀ ਖੇਤੀ, ਭੋਜਨ ਪ੍ਰੋਸੈਸਿੰਗ, ਵਾਢੀ ਤੋਂ ਬਾਅਦ ਫ਼ਸਲਾਂ ਦੇ ਮੁੱਲ ਵਾਧੇ ਦੀਆਂ ਜੁਗਤਾਂ, ਬਾਗਬਾਨੀ ਲਈ ਖੇਤੀ ਮਸ਼ੀਨਰੀ ਅਤੇ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦਾ ਛੱਤ ਮਾਡਲ ਕਿਸਾਨਾਂ ਤੱਕ ਪਹੁੰਚਾਉਣਾ ਅੱਜ ਦੇ ਸਮੇਂ ਦੀ ਲੋੜ ਹੈ । ਉਨ੍ਹਾਂ ਖੇਤੀ ਵਿਭਿੰਨਤਾ ਦੇ ਪੱਖ ਤੋਂ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਅਤੇ ਉਤਪਾਦਨ ਤਕਨੀਕਾਂ ਸੰਬੰਧੀ ਨਵੀਆਂ ਖੋਜਾਂ ਨੂੰ ਕਿਸਾਨੀ ਲਈ ਲਾਹੇਵੰਦ ਕਿਹਾ ।  ਡਾ. ਭੁੱਲਰ ਨੇ ਖੋਜ ਅਤੇ ਪਸਾਰ ਮਾਹਿਰਾਂ ਨੂੰ ਕਿਸਾਨਾਂ ਦੀ ਰਾਏ ਜਾਨਣ ਲਈ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦੀ ਮੰਗ ਅਨੁਸਾਰ ਖੇਤੀ ਖੋਜ ਨਿਰਧਾਰਿਤ ਕੀਤੀ ਜਾ ਸਕੇ । ਉਹਨਾਂ ਨੇ ਕਿਸਾਨਾਂ ਨੂੰ ਆਪਣੀ ਘਰੇਲੂ ਲੋੜ ਲਈ ਬਾਗਬਾਨੀ ਫ਼ਸਲਾਂ ਜ਼ਰੂਰ ਅਪਨਾਉਣ ਦੀ ਅਪੀਲ ਕੀਤੀ । 

ਇਥੇ ਜ਼ਿਕਰਯੋਗ ਹੈ ਕਿ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਪੰਜਾਬ ਨੇ ਬਾਗਬਾਨੀ ਵਿਭਾਗ ਤੋਂ ਉਪ-ਨਿਰਦੇਸ਼ਕ, ਸਹਾਇਕ ਨਿਰਦੇਸ਼ਕ, ਬਾਗਬਾਨੀ ਵਿਕਾਸ ਅਧਿਕਾਰੀ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉਪ-ਨਿਰਦੇਸ਼ਕ, ਜ਼ਿਲ੍ਹਾ ਪਸਾਰ ਮਾਹਿਰ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਨੇ ਹਿੱਸਾ ਲਿਆ । ਮਾਹਿਰਾਂ ਨੇ ਫ਼ਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਮੌਜੂਦਾ ਦ੍ਰਿਸ਼ ਬਾਰੇ ਵਿਸਥਾਰ ਵਿੱਚ ਦੋ ਦਿਨ ਤਕਨੀਕੀ ਸੈਸ਼ਨਾਂ ਦੌਰਾਨ ਚਰਚਾ ਕੀਤੀ । ਨਾਲ ਹੀ ਨਵੀਆਂ ਉਤਪਾਦਨ, ਪੌਦ ਸੁਰੱਖਿਆ ਅਤੇ ਪ੍ਰੋਸੈਸਿੰਗ ਤਕਨੀਕਾਂ ਵੀ ਸਾਂਝੀਆਂ ਕੀਤੀਆਂ ਗਈਆਂ ।

 ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ. ਤੇਜਿੰਦਰ ਸਿੰਘ ਰਿਆੜ ਨੇ ਕਹੇ । ਡਾ. ਰਿਆੜ ਨੇ ਇਸ ਦੋ ਦਿਨਾਂ ਵਰਕਸ਼ਾਪ ਤੋਂ ਹਾਸਲ ਕੀਤੇ ਗਿਆਨ ਨੂੰ ਆਪਣੇ ਖੇਤਰ ਵਿੱਚ ਪਸਾਰਨ ਲਈ ਪਸਾਰ ਮਾਹਿਰਾਂ ਨੂੰ ਪ੍ਰੇਰਿਤ ਵੀ ਕੀਤਾ ।

ਇਸ ਤੋਂ ਪਹਿਲਾਂ ਭਾਗ ਲੈਣ ਵਾਲੇ ਪਸਾਰ ਅਤੇ ਖੋਜ ਮਾਹਿਰਾਂ ਨੂੰ ਸਬਜ਼ੀਆਂ, ਫਲਾਂ ,ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੀਆਂ ਪ੍ਰਦਰਸ਼ਨੀਆਂ ਲਈ ਖੇਤਾਂ ਦਾ ਦੌਰਾ ਕਰਵਾਇਆ ਗਿਆ । ਉਨ੍ਹਾਂ ਨੇ ਭੋਜਨ ਉਦਯੋਗ ਇੰਨਕੂਬੇਸ਼ਨ ਸੈਂਟਰ, ਪੰਜਾਬ ਬਾਗਬਾਨੀ ਪੋਸਟਹਾਰਵੈਸਟ ਤਕਨਾਲੋਜੀ ਸੈਂਟਰ ਅਤੇ ਨਵੇਂ ਬਾਗਾਂ ਦਾ ਦੌਰਾ ਵੀ ਕੀਤਾ ।

 ਸੈਸ਼ਨ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕੀਤਾ । ਅੱਜ ਦੇ ਤਕਨੀਕੀ ਸੈਸ਼ਨ ਵਿੱਚ ਫਲਾਂ ਦੀ ਖੇਤੀ, ਪੋਸਟ ਹਾਰਵੈਸਟ ਪ੍ਰਬੰਧਨ, ਖੇਤੀ ਇੰਜਨੀਅਰਿੰਗ, ਮਾਈਕ੍ਰੋਬਾਇਆਲੋਜੀ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ, ਭੋਜਨ ਵਿਗਿਆਨ ਅਤੇ ਤਕਨਾਲੋਜੀ ਤੋਂ ਇਲਾਵਾ ਅਰਥ ਸਾਸ਼ਤਰ ਬਾਰੇ ਮਾਹਿਰਾਂ ਨੇ ਆਪਣੀਆਂ ਖੋਜ ਲੱਭਤਾਂ ਪੇਸ਼ ਕੀਤੀਆਂ ।