ਮਾਨਚੈਸਟਰ, ਸਤੰਬਰ 2019 (ਗਿਆਨੀ ਅਮਰੀਕ ਸਿੰਘ ਰਾਠੌਰ )- ਬਰਤਾਨੀਆ ਦੀ ਸੰਸਦ ਮੁਅੱਤਲ ਕਰਨ ਦੇ ਵਿਰੋਧ ਨੂੰ ਲੈ ਕੇ ਅੱਜ 30 ਸ਼ਹਿਰਾਂ 'ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ । ਲੰਡਨ, ਮਾਨਚੈਸਟਰ, ਲੀਡਜ਼, ਯੌਰਕ ਅਤੇ ਬੈਲਫਾਸਟ 'ਚ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉੱਤਰੇ ਅਤੇ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਵਿਰੋਧ ਕੀਤਾ । ਜਦ ਕਿ ਕੁਝ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਹੱਕ 'ਚ ਵੀ ਵੈਸਟਮਿਨਸਟਰ ਵਿਖੇ ਪ੍ਰਦਰਸ਼ਨ ਕੀਤਾ । ਰੋਸ ਪ੍ਰਦਰਸ਼ਨ ਕਾਰਨ ਵਾਲਿਆਂ 'ਚ ਲੇਬਰ ਪਾਰਟੀ ਦੇ ਆਗੂ ਵੀ ਸ਼ਾਮਿਲ ਸਨ । ਸਿਆਸੀ ਮਾਹਿਰਾਂ ਅਨੁਸਾਰ 23 ਦਿਨਾਂ ਲਈ ਸੰਸਦ ਬੰਦ ਰਹੇਗੀ ਇਸ ਸਮੇਂ ਦੌਰਾਨ ਨਾ ਤਾਂ ਸੰਸਦ 'ਚ ਬ੍ਰੈਗਜ਼ਿਟ ਨੂੰ ਲੈ ਕੇ ਕੋਈ ਬਹਿਸ ਹੋਵੇਗੀ ਅਤੇ ਨਾ ਹੀ ਕਿਸੇ ਮਤੇ 'ਤੇ ਵੋਟਾਂ ਪੈਣਗੀਆਂ । 31 ਅਕਤੂਬਰ ਨੂੰ ਬ੍ਰੈਗਜ਼ਿਟ ਲਈ ਤਾਰੀਖ ਤੈਅ ਹੋਣ ਕਰਕੇ ਦੁਬਾਰਾ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਮੌਕੇ ਬਹੁਤ ਘੱਟ ਸਮਾਂ ਬਚੇਗਾ, ਜਿਸ ਕਰਕੇ ਜ਼ਿਆਦਾ ਸੰਭਾਵਨਾਵਾਂ ਨੋ-ਡੀਲ (ਬਿਨਾਂ ਸਮਝੌਤੇ ਵੱਖ ਹੋਣ) ਦੀਆਂ ਬਣ ਰਹੀਆਂ ਹਨ । ਸਕਾਟਲੈਂਡ ਦੀ ਅਦਾਲਤ ਨੇ ਸੰਸਦ ਬੰਦ ਕਰਨ 'ਤੇ ਆਰਜ਼ੀ ਤੌਰ 'ਤੇ ਪਾਬੰਦੀ ਲਗਾਉਣ ਤੋਂ ਨਾਂਹ ਕਰ ਦਿੱਤੀ ਹੈ ।75 ਸੰਸਦ ਮੈਂਬਰਾਂ ਵਲੋਂ ਦਿੱਤੀ ਅਰਜ਼ੀ 'ਤੇ ਅਗਲੇ ਮੰਗਲਵਾਰ ਨੂੰ ਪੂਰੀ ਸੁਣਵਾਈ ਹੋ ਰਹੀ ਹੈ । ਜੱਜ ਲਾਰਡ ਦੂਹਰਟੇ ਕਿਹਾ ਕਿ ਉਹ ਇਸ ਅਰਜ਼ੀ ਤੋਂ ਸੰਤੁਸ਼ਟ ਨਹੀਂ ਹਨ । ਗਿਨਾ ਮਿਲਰ ਪਹਿਲਾਂ ਹੀ ਸੰਸਦ ਭੰਗ ਕਰਨ ਨੂੰ ਕਾਨੂੰਨੀ ਚੁਣੌਤੀ ਦੇ ਚੁੱਕੀ ਹੈ । ਸਾਬਕਾ ਪ੍ਰਧਾਨ ਮੰਤਰੀ ਜੌਹਨ ਮੇਜਰ ਵੀ ਇਸ ਕਾਨੂੰਨੀ ਮੁਹਿੰਮ ਦਾ ਹਿੱਸਾ ਬਣ ਗਏ ਹਨ । ਐਮ.ਪੀ. ਖਾਨ ਨੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦਿਆਂ ਕਿਹਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਲੋਕਤੰਤਰ ਨਾਲ ਖਿਲਵਾੜ ਕਰ ਰਹੇ ਹਨ ਅਤੇ ਲੋਕਾਂ ਦੀ ਆਵਾਜ਼ ਨੂੰ ਨਹੀਂ ਸੁਣ ਰਹੇ ।